ਫਾਜ਼ਿਲਕਾ (ਪਰਮਜੀਤ ਢਾਬਾਂ)
ਪਹਿਲਾਂ ਜੁਲਾਈ ਮਹੀਨੇ ਪਈ ਭਾਰੀ ਬਾਰਿਸ਼ ਅਤੇ ਹੁਣ ਡੈਮਾਂ ਤੋਂ ਪਾਣੀ ਛੱਡੇ ਜਾਣ ਕਾਰਨ ਸਰਹੱਦੀ ਖੇਤਰ ’ਚ ਵਗਦੇ ਸਤਲੁਜ ਦਰਿਆ ’ਚ ਪਾਣੀ ਜੁਲਾਈ ਮਹੀਨੇ ਤੋਂ ਆਉਣ ਕਾਰਨ ਫਾਜ਼ਿਲਕਾ ਦੇ ਸਰਹੱਦੀ ਪਿੰਡ ਘੁਰਕਾ, ਵੱਲ੍ਹੇ ਸ਼ਾਹ ਉਤਾੜ, ਘੁਰਕਾ ਢਾਣੀ, ਢਾਣੀ ਨੂਰ ਸਮੰਦ, ਢਾਣੀ ਹਸਤਾ ਕਲਾਂ, ਢਾਣੀ ਤੇਜਾ ਸਿੰਘ, ਢਾਣੀ ਭਗਵਾਨ ਸਿੰਘ ਅਤੇ ਢਾਣੀ ਬਚਿੱਤਰ ਸਿੰਘ ਦੇ ਸਰਹੱਦੀ ਲੋਕਾਂ ਨੂੰ ਜਿੱਥੇ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਉੱਥੇ ਹੀ ਉਹਨਾਂ ਦੀ ਸੈਂਕੜੇ ਏਕੜ ਫਸਲ ਡੁੱਬ ਕੇ ਤਬਾਹ ਹੋ ਚੁੱਕੀ ਹੈ।ਸਰਹੱਦ ’ਤੇ ਵੱਸੇ ਇਹਨਾਂ ਢਾਣੀਆਂ ਤੇ ਪਿੰਡਾਂ ਦੀ ਵੱਡੀ ਤ੍ਰਾਸਦੀ ਇਹ ਹੈ ਕਿ ਇਹਨਾਂ ਨੂੰ ਜਾਣ ਵਾਲੇ ਰਸਤਿਆਂ ਅਤੇ ਜ਼ਮੀਨਾਂ ’ਚ ਪਾਣੀ ਜ਼ਿਆਦਾ ਭਰ ਜਾਣ ਨਾਲ ਇਹ ਪੈਦਲ ਚੱਲ ਕੇ ਵੀ ਨਹੀਂ ਜਾ ਸਕਦੇ ਅਤੇ ਇਹਨਾਂ ਨੂੰ ਆਪਣੇ ਘਰਾਂ ਵਿੱਚ ਜਾਣ ਲਈ ਬੇੜੀ ਦੀ ਜ਼ਰੂਰਤ ਪੈਂਦੀ ਹੈ। ਜ਼ਿੰਦਗੀ ਦੇ ਪਹੀਏ ਨੂੰ ਚੱਲਦਾ ਰੱਖਣ ਲਈ ਮੁਸੀਬਤਾਂ ਵਿੱਚੋਂ ਲੰਘਦਿਆਂ ਇਹਨਾਂ ਸਰਹੱਦੀ ਲੋਕਾਂ ਨੇ ਆਪਣੀ ਲੋੜ ਸਮਝਦਿਆਂ ਬੇੜੀ ਮੰਗਵਾਉਣ ਲਈ ਬੀਤੀ 18 ਜੁਲਾਈ ਨੂੰ ਐੱਸ ਡੀ ਐੱਮ ਫਾਜ਼ਿਲਕਾ ਨੂੰ ਇੱਕ ਲਿਖਤੀ ਦਰਖਾਸਤ ਦਿੱਤੀ।ਐੱਸ ਡੀ ਐੱਮ ਮੈਡਮ ਵੀਰਪਾਲ ਵੱਲੋਂ ਤਹਿਸੀਲਦਾਰ ਨੂੰ ਉਹ ਲਿਖਤੀ ਦਰਖਾਸਤ ਫਾਰਵਰਡ ਕਰ ਦਿੱਤੀ ਜਾਂਦੀ ਹੈ ਅਤੇ ਬੇੜੀ ਮੁਹੱਈਆ ਕਰਵਾਉਣ ਦੀ ਰਿਪੋਰਟ ਮੰਗਵਾਈ ਜਾਂਦੀ ਹੈ। ਇਸ ਤੋਂ ਬਾਅਦ ਸੰਬੰਧਤ ਪਟਵਾਰੀ ਵੱਲੋਂ ਇਹ ਰਿਪੋਰਟ ਕਰ ਦਿੱਤੀ ਜਾਂਦੀ ਹੈ ਕਿ ਇਹਨਾਂ ਸਰਹੱਦੀ ਲੋਕਾਂ ਨੂੰ ਆਪਣੇ ਘਰਾਂ ਵਿੱਚ ਜਾਣ ਅਤੇ ਇਹਨਾਂ ਦੇ ਸਕੂਲੀ ਬੱਚਿਆਂ ਨੂੰ ਸਕੂਲ ਵਿੱਚ ਜਾਣ ਲਈ ਬੇੜੀ ਦੀ ਜ਼ਰੂਰਤ ਹੈ। ਪ੍ਰੰਤੂ 20 ਦਿਨ ਬੀਤ ਜਾਣ ਦੇ ਬਾਵਜੂਦ ਇਹਨਾਂ ਸਰਹੱਦੀ ਲੋਕਾਂ ਨੂੰ ਜੋ ਕਿ ਹਰ ਰੋਜ਼ ਚਾਰ-ਪੰਜ ਫੁੱਟ ਵਗਦੇ ਪਾਣੀ ਵਿੱਚੋਂ ਲੰਘ ਕੇ ਜਾਂਦੇ ਹਨ, ਇਹਨਾਂ ਨੂੰ ਬੇੜੀ ਦੇਣ ਲਈ ਕੋਈ ਵਾਟ ਨਹੀਂ ਪੁੱਛਦਾ।ਇਸ ਸੰਬੰਧੀ ਪਿੰਡ ਦੇ ਲੋਕਾਂ ਵੱਲੋਂ 13 ਅਗਸਤ ਨੂੰ ਜ਼ਿਲ੍ਹੇ ਦੀ ਡਿਪਟੀ ਕਮਿਸ਼ਨਰ ਮੈਡਮ ਅਮਰਪ੍ਰੀਤ ਕੌਰ ਸੰਧੂ ਨੂੰ ਜਾਣੂ ਕਰਵਾਇਆ ਜਾਂਦਾ ਹੈ, ਤਾਂ ਉਹਨਾਂ ਵੱਲੋਂ ਤੁਰੰਤ ਐਕਸ਼ਨ ਲੈਣ ’ਤੇ ਉਸੇ ਦਿਨ ਹੀ ਬੇੜੀ ਮਿਲ ਜਾਂਦੀ ਹੈ।ਹੁਣ ਇਹਨਾਂ ਸਰਹੱਦੀ ਖੇਤਰ ਦੇ ਲੋਕਾਂ ਨੇ ਆਪਣੀ ਦਾਸਤਾਨ ਸੁਣਾਉਦਿਆਂ ਦੱਸਿਆ ਕਿ ਉਹਨਾਂ ਨੂੰ ਬੇੜੀ ਤਾਂ ਮਿਲੀ, ਪ੍ਰੰਤੂ ਉਹ ਵੀ ਟੁੱਟੀ ਹੋਈ।ਉਸ ਤੋਂ ਬਾਅਦ ਨਾ ਮਲਾਹ ਮਿਲਿਆ ਤੇ ਨਾ ਚੱਪੂ। ਉਹ ਆਪਣੇ ਪੱਲਿਓਂ ਰੱਸਾ ਲਿਆ ਕੇ 200 ਮੀਟਰ ਦੀ ਦੂਰੀ ਤੋਂ ਬੇੜੀ ਨੂੰ ਖਿੱਚ ਕੇ ਲੈ ਕੇ ਜਾਂਦੇ ਹਨ ਅਤੇ ਲੈ ਕੇ ਆਉਦੇ ਹਨ।ਸਰਹੱਦੀ ਵਾਸੀ ਨਜ਼ਾਬਤ ਸਿੰਘ ਸਾਬਕਾ ਸਰਪੰਚ ਹਸਤਾ ਕਲਾਂ, ਗੁਰਨਾਮ ਸਿੰਘ, ਭਗਵਾਨ ਸਿੰਘ, ਰਾਜ ਸਿੰਘ, ਭੋਲਾ ਸਿੰਘ, ਮਨਜੀਤ ਕੌਰ, ਹਰਬੰਸ ਸਿੰਘ, ਬਲਵੰਤ ਸਿੰਘ ਅਤੇ ਰਾਜ ਸਿੰਘ ਨੇ ਦੱਸਿਆ ਕਿ ਉਹ ਆਪਣੀ ਜ਼ਿੰਦਗੀ ਗੋਤੇ ਖਾ-ਖਾ ਕੇ ਜੀ ਰਹੇ ਹਨ ਅਤੇ ਉਹਨਾਂ ਦੀ ਕੋਈ ਸਾਰ ਲੈਣ ਲਈ ਤਿਆਰ ਨਹੀਂ। ਉਹਨਾਂ ਆਪਣੀ ਦਰਦ ਭਰੀ ਵਿੱਥਿਆ ਬਿਆਨ ਕਰਦੇ ਹੋਏ ਕਿਹਾ ਕਿ ਦੋ ਸਾਲ ਪਹਿਲਾਂ ਵੀ ਜਦੋਂ ਹੜ੍ਹਾਂ ਦੀ ਮਾਰ ਹੇਠ ਉਹ ਆ ਗਏ ਸਨ, ਤਾਂ ਉਹ ਅਜੇ ਤੱਕ ਉੱਪਰ ਨਹੀਂ ਉੱਠ ਸਕੇ ਸਨ ਕਿ ਦੁਬਾਰਾ ਫਿਰ ਹੜ੍ਹ ਆਉਣ ਨਾਲ ਉਹਨਾਂ ਦੀ ਫਸਲ ਵੀ ਤਬਾਹ ਹੋ ਗਈ ਅਤੇ ਉਹ ਘਰੋਂ ਵੀ ਬੇਕਾਰ ਹੋਣ ਲੱਗੇ।ਭੁੱਖੇ ਢਿੱਡੀਂ ਮਰੀਆਂ ਆਂਦਰਾਂ ਦੀ ਹਾਲਤ ਵਿੱਚ ਆਪਣਾ ਦਰਦ ਬਿਆਨ ਕਰਦਿਆਂ ਅੱਧ ਨੰਗੇ ਗਰੀਬ ਮਜ਼ਦੂਰਾਂ ਨੇ ਦੱਸਿਆ ਕਿ ਉਹ ਹੁਣ ਇੱਕ ਵਕਤ ਦੀ ਰੋਟੀ ਖਾ ਕੇ ਗੁਜ਼ਾਰਾ ਕਰਨ ਲਈ ਮਜਬੂਰ ਹਨ। ਉਹਨਾਂ ਦੇ ਪਸ਼ੂ ਵੀ ਹੁਣ ਤਾਂ ਭੁੱਖੇ ਮਰਨ ਲਈ ਮਜਬੂਰ ਹਨ। ਉਹਨਾਂ ਕਿਹਾ ਕਿ ਸੱਤਾ ਧਿਰ ਵੱਲੋਂ ਅਜੇ ਤੱਕ ਉਹਨਾਂ ਦੀ ਵਾਟ ਪੁੱਛਣ ਲਈ ਕੋਈ ਨਹੀਂ ਬਹੁੜਿਆ।ਉਹਨਾਂ ਮੰਗ ਕਰਦਿਆਂ ਕਿਹਾ ਕਿ ਉਹਨਾਂ ਨੂੰ ਸਹੀ ਬੇੜੀ, ਚੱਪੂ ਅਤੇ ਬੇੜੀ ਨੂੰ ਚਲਾਉਣ ਵਾਲਾ ਤਜਰਬੇਕਾਰ ਮਲਾਹ ਦਿੱਤਾ ਜਾਵੇ ਤਾਂ ਕਿ ਉਹ ਆਪਣੀ ਜ਼ਿੰਦਗੀ ਪਾਣੀ ’ਚ ਗੋਤੇ ਖਾਂਦਿਆਂ ਹੀ ਸਹੀਂ, ਪਰ ਜੀਅ ਤਾਂ ਸਕਣ। ਅੱਕੇ ਹੋਏ ਸਰਹੱਦੀ ਖੇਤਰ ਦੇ ਲੋਕਾਂ ਨੇ ਕਿਹਾ ਕਿ ਜੇਕਰ ਉਹਨਾਂ ਦਾ ਜਾਨੀ ਜਾਂ ਮਾਲੀ ਕੋਈ ਨੁਕਸਾਨ ਹੁੰਦਾ ਹੈ ਤਾਂ ਇਸ ਦਾ ਸਿੱਧੇ ਤੌਰ ’ਤੇ ਪ੍ਰਸ਼ਾਸਨ ਜ਼ਿੰਮੇਵਾਰ ਹੋਵੇਗਾ, ਕਿਉਕਿ ਉਹਨਾਂ ਵੱਲੋਂ ਲਿਖਤੀ ਦਰਖਾਸਤਾਂ ਦੇਣ ਦੇ ਬਾਵਜੂਦ ਪਹਿਲਾਂ 20 ਦਿਨ ਬਾਅਦ ਬੇੜੀ ਦਾ ਪ੍ਰਬੰਧ ਹੋਇਆ ਅਤੇ ਉਹ ਵੀ ਬੇੜੀ ਟੁੱਟੀ ਹੋਈ, ਬਿਨਾਂ ਮਲਾਹ ਅਤੇ ਬਿਨਾਂ ਚੱਪੂਆਂ ਤੋਂ ਦਿੱਤੀ ਗਈ ਹੈ। ਇਸ ਸੰਬੰਧੀ ਜਦੋਂ ਧਿਆਨ ਜ਼ਿਲੇ੍ਹ ਦੀ ਡਿਪਟੀ ਕਮਿਸ਼ਨਰ ਮੈਡਮ ਅਮਰਪ੍ਰੀਤ ਕੌਰ ਸੰਧੂ ਨੂੰ ਦਿਵਾਇਆ ਗਿਆ ਤਾਂ ਉਹਨਾਂ ਤੁਰੰਤ ਐੱਸ ਡੀ ਐੱਮ ਦੀ ਡਿਊਟੀ ਲਗਾ ਕੇ ਬੇੜੀ ਨੂੰ ਬਦਲਣ ਦੇ ਆਦੇਸ਼ ਦੇ ਦਿੱਤੇ।ਇਸ ਸੰਬੰਧੀ ਐੱਸ ਡੀ ਐੱਮ ਵੀਰਪਾਲ ਨੇ ਕਿਹਾ ਕਿ ਉਹਨਾਂ ਦੇ ਧਿਆਨ ਵਿੱਚ ਤੁਹਾਡੇ ਵੱਲੋਂ ਹੁਣ ਲਿਆਂਦਾ ਗਿਆ ਹੈ ਅਤੇ ਉਹ ਤੁਰੰਤ ਇਸ ਬੇੜੀ ਨੂੰ ਬਦਲਣਗੇ ਅਤੇ ਸਰਹੱਦੀ ਖੇਤਰ ਦੇ ਲੋਕਾਂ ਨੂੰ ਹਰ ਸਹੂਲਤ ਮੁਹੱਈਆ ਕਰਾਉਣ ਲਈ ਉਨ੍ਹਾਂ ਤੱਕ ਪਹੁੰਚ ਕਰਨਗੇ।





