ਸੂਰੀਆ ਕਪਤਾਨ ਤੇ ਸ਼ੁਭਮਨ ਉਪ-ਕਪਤਾਨ

0
69

ਮੁੰਬਈ : ਅਗਲੇ ਮਹੀਨੇ ਦੁਬਈ ਵਿੱਚ ਹੋਣ ਵਾਲੇ ਏਸ਼ੀਆ ਕੱਪ ਟੀ-20 ਮੁਕਾਬਲਿਆਂ ਲਈ ਭਾਰਤੀ ਟੀਮ ਦੀ ਜ਼ਿੰਮੇਵਾਰੀ ਪਹਿਲਾਂ ਵਾਂਗ ਸੂਰੀਆ ਕੁਮਾਰ ਯਾਦਵ ਕੋਲ ਹੀ ਰਹੇਗੀ, ਜਦੋਂਕਿ ਸ਼ੁਭਮਨ ਗਿੱਲ ਨੂੰ ਉਪ ਕਪਤਾਨ ਵਜੋਂ ਸ਼ਾਮਲ ਕੀਤਾ ਗਿਆ ਹੈ। ਤੇਜ਼ ਬੱਲੇਬਾਜ਼ ਰਿੰਕੂ ਸਿੰਘ, ਜਸਪ੍ਰੀਤ ਬੁਮਰਾਹ ਤੇ ਸਪਿੰਨਰ ਕੁਲਦੀਪ ਯਾਦਵ ਵੀ ਟੀਮ ਵਿੱਚ ਥਾਂ ਬਣਾਉਣ ’ਚ ਸਫਲ ਰਹੇ ਹਨ। ਬੱਲੇਬਾਜ਼ ਯਸ਼ਸਵੀ ਜੈਸਵਾਲ ਨੂੰ ਟੀਮ ਵਿੱਚ ਸ਼ਾਮਲ ਨਹੀਂ ਕੀਤਾ ਗਿਆ। ਭਾਰਤ ਪਹਿਲਾ ਮੈਚ 10 ਸਤੰਬਰ ਨੂੰ ਯੂ ਏ ਈ ਖਿਲਾਫ ਖੇਡੇਗਾ। ਭਾਰਤ ਤੇ ਪਾਕਿਸਤਾਨ 14 ਸਤੰਬਰ ਨੂੰ ਭਿੜਨਗੇ। ਟੀਮ ਦੇ ਬਾਕੀ ਮੈਂਬਰ ਅਭਿਸ਼ੇਕ ਸ਼ਰਮਾ, ਹਾਰਦਿਕ ਪੰਡਯਾ, ਅਕਸ਼ਰ ਪਟੇਲ, ਜਿਤੇਸ਼ ਸ਼ਰਮਾ, ਸ਼ਿਵਮ ਦੂਬੇ, ਅਰਸ਼ਦੀਪ ਸਿੰਘ, ਸੰਜੂ ਸੈਮਸਨ, ਹਰਸ਼ਿਤ ਰਾਣਾ, ਤਿਲਕ ਵਰਮਾ ਤੇ ਵਰੁਣ ਚੱਕਰਵਰਤੀ ਹਨ।
40 ਮੰਜ਼ਲਾਂ ਜਿੱਡਾ ਰਾਕੇਟ
ਹੈਦਰਾਬਾਦ : ਇਸਰੋ ਦੇ ਚੇਅਰਮੈਨ ਵੀ ਨਾਰਾਇਣਨ ਨੇ ਮੰਗਲਵਾਰ ਕਿਹਾ ਕਿ ਪੁਲਾੜ ਖੋਜ ਏਜੰਸੀ 75,000 ਕਿੱਲੋ ਦੇ ਪੇਲੋਡ ਨੂੰ ਧਰਤੀ ਦੇ ਹੇਠਲੇ ਗ੍ਰਹਿ ਪੰਧ ’ਤੇ ਪਾਉਣ ਲਈ 40 ਮੰਜ਼ਲਾ ਇਮਾਰਤ ਜਿੰਨਾ ਉੱਚਾ ਰਾਕੇਟ ਬਣਾਉਣ ’ਤੇ ਕੰਮ ਕਰ ਰਹੀ ਹੈ। ਇੱਥੇ ਉਸਮਾਨੀਆ ਯੂਨੀਵਰਸਿਟੀ ਵਿੱਚ ਕਾਨਵੋਕੇਸ਼ਨ ਭਾਸ਼ਣ ਦਿੰਦਿਆਂ ਨਾਰਾਇਣਨ ਨੇ ਕਿਹਾ ਕਿ ਭਾਰਤ ਕੋਲ ਔਰਬਿਟ ਵਿੱਚ 55 ਉਪਗ੍ਰਹਿ ਹਨ ਅਤੇ ਇਹ ਗਿਣਤੀ ਅਗਲੇ ਤਿੰਨ ਤੋਂ ਚਾਰ ਸਾਲਾਂ ਵਿੱਚ ਤਿੰਨ ਗੁਣਾ ਹੋ ਜਾਵੇਗੀ।
ਮਨਿਕਾ ਵਿਸ਼ਵਕਰਮਾ ਮਿਸ ਯੂਨੀਵਰਸ ਇੰਡੀਆ ਚੁਣੀ ਗਈ
ਜੈਪੁਰ : ਮਿਸ ਯੂਨੀਵਰਸ ਇੰਡੀਆ 2025 ਦਾ ਤਾਜ ਸੋਮਵਾਰ ਜੈਪੁਰ ’ਚ ਮਨਿਕਾ ਵਿਸ਼ਵਕਰਮਾ ਦੇ ਸਿਰ ਸਜਿਆ। ਮਨਿਕਾ ਸ੍ਰੀਗੰਗਾਨਗਰ ਦੀ ਵਸਨੀਕ ਹੈ। ਮਨਿਕਾ ਹੁਣ 21 ਨਵੰਬਰ ਨੂੰ ਥਾਈਲੈਂਡ ਵਿੱਚ ਹੋਣ ਵਾਲੇ 74ਵੇਂ ਮਿਸ ਯੂਨੀਵਰਸ ਮੁਕਾਬਲੇ ਵਿੱਚ ਭਾਰਤ ਦੀ ਨੁਮਾਇੰਦਗੀ ਕਰੇਗੀ।
ਪੋਤਦਾਰ ਦਾ ਦੇਹਾਂਤ
ਮੁੰਬਈ : ਬਜ਼ੁਰਗ ਅਦਾਕਾਰ ਅਚਯੁਤ ਪੋਤਦਾਰ (90) ਦਾ ਮੁੰਬਈ ਦੇ ਹਸਪਤਾਲ ਵਿੱਚ ਸੋਮਵਾਰ ਦੇਹਾਂਤ ਹੋ ਗਿਆ। ਉਨ੍ਹਾਂ ਦੀ ਉਮਰ 90 ਸਾਲ ਤੋਂ ਵੱਧ ਸੀ। ਉਹ ‘ਭਾਰਤ ਏਕ ਖੋਜ’, ‘ਪ੍ਰਧਾਨ ਮੰਤਰੀ’ ਤੇ ‘3 ਇਡੀਅਟਸ’ ਜਿਹੀਆਂ ਫਿਲਮਾਂ ਵਿੱਚ ਆਪਣੀ ਭੂਮਿਕਾ ਤੇ ਕਈ ਹੋਰ ਟੀ ਵੀ ਸ਼ੋਅਜ਼ ਲਈ ਮਕਬੂਲ ਸਨ। ਪੋਤਦਾਰ ਨੇ ਟੀ ਵੀ ਸ਼ੋਅ ‘ਅੰਦੋਲਨ’, ‘ਵਾਗਲੇ ਕੀ ਦੁਨੀਆ’, ‘ਦਬੰਗ 2’ ਅਤੇ ‘ਫੇਰਾਰੀ ਕੀ ਸਵਾਰੀ’ ਵਿੱਚ ਸਹਾਇਕ ਭੂਮਿਕਾਵਾਂ ਨਿਭਾਈਆਂ।
ਖੇਡ-ਖੇਡ ’ਚ…
ਫਿਰੋਜ਼ਪੁਰ : ਇੱਥੇ ਰੋਜ਼ ਐਵੇਨਿਊ ਕਾਲੋਨੀ ਵਿੱਚ ਸੋਮਵਾਰ ਘਰ ’ਚ ਲੋਡਿਡ ਪਿਸਤੌਲ ਨਾਲ ਖੇਡਦਿਆਂ ਗੋਲੀ ਚੱਲਣ ਕਰਕੇ ਜ਼ਖਮੀ ਹੋਏ ਕਰੀਵਮ ਮਲਹੋਤਰਾ (14) ਦੀ ਡੀ ਐੱਮ ਸੀ ਵਿੱਚ ਮੌਤ ਹੋ ਗਈ। ਗੋਲੀ ਉਸ ਦੇ ਦਿਮਾਗ ਵਿੱਚ ਲੱਗੀ ਸੀ। ਕਰੀਵਮ ਸੋਮਵਾਰ ਸਕੂਲ ਤੋਂ ਵਾਪਸ ਆਇਆ ਤੇ ਕੱਪੜੇ ਬਦਲਣ ਲਈ ਅਲਮਾਰੀ ਖੋਲ੍ਹੀ ਤੇ ਉਥੇ ਪਈ ਲੋਡਿਡ ਪਿਸਤੌਲ ਚੁੱਕ ਕੇ ਖੇਡਣ ਲੱਗ ਪਿਆ।