ਅਧਿਆਪਕਾ ਦੇ ਕਤਲ ਦੀ ਜਾਂਚ ਸੀ ਬੀ ਆਈ ਨੂੰ ਸੌਂਪਣ ਦਾ ਐਲਾਨ

0
69

ਚੰਡੀਗੜ੍ਹ : ਹਰਿਆਣਾ ਦੀ ਨਾਇਬ ਸਿੰਘ ਸੈਣੀ ਸਰਕਾਰ ਨੇ ਸਕੂਲ ਅਧਿਆਪਕਾ ਮਨੀਸ਼ਾ ਕਤਲ ਕੇਸ ਦੀ ਜਾਂਚ ਸੀ ਬੀ ਆਈ ਨੂੰ ਸੌਂਪਣ ਦਾ ਐਲਾਨ ਕੀਤਾ ਹੈ। ਭਿਵਾਨੀ ਵਿਚ ਪਲੇਅਵੇਅ ਸਕੂਲ ਦੀ ਅਧਿਆਪਕਾ ਮਨੀਸ਼ਾ ਦੀ ਮੌਤ ਇੱਕ ਵੱਡਾ ਸਿਆਸੀ ਤੇ ਸਮਾਜਕ ਮੁੱਦਾ ਬਣ ਗਈ ਹੈ। ਪੀੜਤ ਪਰਿਵਾਰ ਵੱਲੋਂ ਪਿਛਲੇ ਦਸ ਦਿਨਾਂ ਤੋਂ ਮਨੀਸ਼ਾ ਦਾ ਸਸਕਾਰ ਨਾ ਕੀਤੇ ਜਾਣਾ ਅਤੇ ਪਿੰਡ ਵਿਚ ਲਗਾਤਾਰ ਜਾਰੀ ਪ੍ਰਦਰਸ਼ਨਾਂ ਨੇ ਸਰਕਾਰ ਨੂੰ ਪਿੱਛਲ ਪੈਰੀਂ ਲੈ ਆਂਦਾ ਹੈ। ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਮੰਗਲਵਾਰ ਦੇਰ ਰਾਤ ਇਸ ਕੇਸ ਦੀ ਜਾਂਚ ਸੀ ਬੀ ਆਈ ਨੂੰ ਸੌਂਪਣ ਦਾ ਐਲਾਨ ਕੀਤਾ।
ਮਨੀਸ਼ਾ 11 ਅਗਸਤ ਨੂੰ ਨਰਸਿੰਗ ਕਾਲਜ ਵਿੱਚ ਦਾਖਲੇ ਲਈ ਘਰੋਂ ਨਿਕਲੀ ਸੀ, ਪਰ ਵਾਪਸ ਨਹੀਂ ਮੁੜੀ। 13 ਅਗਸਤ ਨੂੰ ਸਿੰਘਾਨੀ ਪਿੰਡ ਦੇ ਖੇਤ ਵਿੱਚ ਉਸ ਦੀ ਲਾਸ਼ ਬਰਾਮਦ ਹੋਈ। 14 ਅਗਸਤ ਨੂੰ ਪੋਸਟ ਮਾਰਟਮ ਰਿਪੋਰਟ ’ਚ ਉਸ ਦੀ ਗਲਾ ਵੱਢ ਕੇ ਹੱਤਿਆ ਕੀਤੇ ਜਾਣ ਦੀ ਪੁਸ਼ਟੀ ਹੋਈ, ਹਾਲਾਂਕਿ ਉਸ ਨਾਲ ਜਿਨਸੀ ਦੁਰਾਚਾਰ ਤੋਂ ਇਨਕਾਰ ਕੀਤਾ ਗਿਆ। ਪਿੰਡ ਵਾਸੀ ਤੇ ਪਰਵਾਰਕ ਮੈਂਬਰ ਰਿਪੋਰਟ ਤੋਂ ਸੰਤੁਸ਼ਟ ਨਜ਼ਰ ਨਹੀਂ ਆਏ। ਇਸ ਮਗਰੋਂ ਦੂਜੀ ਵਾਰ ਪੋਸਟ ਮਾਰਟਮ ਹੋਇਆ, ਪਰ ਪਰਵਾਰ ਦੀ ਉਸ ਤੋਂ ਵੀ ਤਸੱਲੀ ਨਹੀਂ ਹੋਈ। ਹੁਣ ਪਰਵਾਰ ਨੇ ਏਮਜ਼ (ਦਿੱਲੀ) ਦੇ ਡਾਕਟਰਾਂ ਕੋਲੋਂ ਤੀਜਾ ਪੋਸਟ ਮਾਰਟਮ ਕਰਵਾਉਣ ਦੀ ਮੰਗ ਕੀਤੀ ਹੈ।
ਲਗਾਤਾਰ ਧਰਨੇ ਤੇ ਅੰਦੋਲਨ ਕਰਕੇ ਦਬਾਅ ਵਿਚ ਆਈ ਸੂਬਾ ਸਰਕਾਰ ਨੇ ਭਿਵਾਨੀ ਵਿੱਚ 21 ਅਗਸਤ ਤੱਕ ਇੰਟਰਨੈੱਟ ਸੇਵਾਵਾਂ ਬੰਦ ਰੱਖਣ ਦਾ ਫੈਸਲਾ ਕੀਤਾ ਹੈ। ਉਧਰ ਪ੍ਰਸ਼ਾਸਨ ਨੇ ਪਰਵਾਰ ਨੂੰ ਸ਼ਾਂਤ ਕਰਨ ਲਈ ਐੱਸ ਪੀ ਦਾ ਤਬਾਦਲਾ, ਐੱਸ ਐੱਚ ਓ ਸਣੇ ਕਈ ਪੁਲਸ ਮੁਲਾਜ਼ਮਾਂ ਦੀ ਮੁਅੱਤਲੀ ਤੇ ਹੁਣ ਸੀ ਬੀ ਆਈ ਜਾਂਚ ਜਿਹੇ ਕਈ ਕਦਮ ਚੁੱਕੇ ਹਨ। ਇਸ ਦੇ ਬਾਵਜੂਦ ਪੀੜਤ ਪਰਵਾਰ ਅਜੇ ਤੱਕ ਧੀ ਦੇ ਅੰਤਮ ਸੰਸਕਾਰ ਲਈ ਤਿਆਰ ਨਹੀਂ ਹੈ। ਬੁੱਧਵਾਰ ਸਵੇਰੇ ਪਿੰਡ ਦੀ ਪੰਚਾਇਤ ਦੀ ਬੈਠਕ ਵਿੱਚ ਫੈਸਲਾ ਹੋਇਆ ਕਿ ਪਹਿਲਾਂ ਏਮਜ਼ ’ਚੋਂ ਪੋੋਸਟਮਾਰਟਮ ਹੋਵੇਗਾ ਤੇ ਉਸ ਮਗਰੋਂ ਅੰਤਮ ਰਸਮਾਂ ਪੂਰੀਆਂ ਕੀਤੀਆਂ ਜਾਣਗੀਆਂ।
ਮਨੀਸ਼ਾ ਮਾਮਲਾ ਹੁਣ ਸਿਰਫ਼ ਕਤਲ ਦੀ ਜਾਂਚ ਤੱਕ ਸੀਮਤ ਨਹੀਂ ਰਿਹਾ। ਹੁਣ ਇਹ ਪ੍ਰਸ਼ਾਸਨ ਅਤੇ ਜਨਤਾ ਵਿਚਕਾਰ ਵਿਸ਼ਵਾਸ ਦੇ ਸੰਕਟ ਦਾ ਪ੍ਰਤੀਕ ਬਣ ਗਿਆ ਹੈ। ਲਗਾਤਾਰ ਤਿੰਨ ਪੋਸਟਮਾਰਟਮ ਦੀ ਮੰਗ, ਲੰਬੇ ਧਰਨੇ ਅਤੇ ਇੰਟਰਨੈੱਟ ਬੰਦ ਕਰਨਾ ਦਰਸਾਉਂਦਾ ਹੈ ਕਿ ਲੋਕਾਂ ਨੂੰ ਸਥਾਨਕ ਪੁਲਸ ਜਾਂ ਸਰਕਾਰੀ ਸੰਸਥਾਵਾਂ ’ਤੇ ਕੋਈ ਵਿਸ਼ਵਾਸ ਨਹੀਂ ਹੈ। ਇਹ ਮਾਮਲਾ ਆਉਣ ਵਾਲੇ ਦਿਨਾਂ ਵਿੱਚ ਸਿਆਸੀ ਤੌਰ ’ਤੇ ਵੀ ਗੂੰਜ ਸਕਦਾ ਹੈ। ਵਿਰੋਧੀ ਧਿਰ ਪਹਿਲਾਂ ਹੀ ਕਾਨੂੰਨ ਵਿਵਸਥਾ ’ਤੇ ਸਰਕਾਰ ਨੂੰ ਘੇਰ ਰਹੀ ਹੈ।
ਉਧਰ ਮਨੀਸ਼ਾ ਦੇ ਪਿਤਾ ਸੰਜੈ ਨੇ ਸਪੱਸ਼ਟ ਕੀਤਾ ਕਿ ਉਨ੍ਹਾ ’ਤੇ ਕਿਸੇ ਦਾ ਕੋਈ ਦਬਾਅ ਨਹੀਂ ਹੈ। ਵਿਰੋਧ ਪ੍ਰਦਰਸ਼ਨ ਤਾਂ ਹੀ ਖਤਮ ਕੀਤਾ ਜਾਵੇਗਾ ਜੇ ਸਰਕਾਰ ਉਨ੍ਹਾਂ ਦੀਆਂ ਮੰਗਾਂ ਨੂੰ ਲਿਖਤੀ ਰੂਪ ਵਿੱਚ ਪੂਰਾ ਕਰਨ ਦਾ ਭਰੋਸਾ ਦੇਵੇਗੀ।