ਡੇਰਾ ਬਾਬਾ ਨਾਨਕ (ਰਮੇਸ਼ ਸ਼ਰਮਾ) ਮੰਗਲਵਾਰ ਦੇਰ ਰਾਤ ਡੇਰਾ ਬਾਬਾ ਨਾਨਕ ਦੇ ਕਰਿਆਨਾ ਫਰੋਸ਼ ਰਵੀ ਢਿੱਲੋਂ ਦੀ ਫਿਰੌਤੀ ਨਾ ਦੇਣ ਕਾਰਨ ਤਿੰਨ ਨੌਜਵਾਨਾਂ ਨੇ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ। ਰੋਸ ਵਜੋਂ ਦੁਕਾਨਦਾਰਾਂ ਤੇ ਕਸਬਾ ਵਾਸੀਆਂ ਨੇ ਡੇਰਾ ਬਾਬਾ ਨਾਨਕ ਦਾ ਬਾਜ਼ਾਰ ਬੰਦ ਰੱਖਣ ਉਪਰੰਤ ਪੁਲਸ ਥਾਣਾ ਡੇਰਾ ਬਾਬਾ ਨਾਨਕ ਦੇ ਮੂਹਰੇ ਧਰਨਾ ਲਗਾ ਕੇ ਸਰਕਾਰ ਅਤੇ ਪੁਲਸ ਖਿਲਾਫ ਨਾਅਰੇਬਾਜ਼ੀ ਕੀਤੀ। ਬੁਲਾਰਿਆਂ ਨੇ ਐੱਸ ਐੱਚ ਓ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ। ਵੀਰ ਸਿੰਘ ਰੰਧਾਵਾ ਸਪੁੱਤਰ ਪਾਰਲੀਮੈਂਟ ਮੈਂਬਰ, ਸਾਬਕਾ ਚੇਅਰਮੈਨ ਨਰਿੰਦਰ ਸਿੰਘ ਚੌੜਾ, ਹਰਦੀਪ ਸਿੰਘ ਚੇਅਰਮੈਨ, ਪਾਲੀ ਬੇਦੀ, ਰਾਜੂ ਪੰਡਿਤ, ਵਿਪਨ ਸੋਨੀ, ਲਾਡੀ ਆਦਿ ਨੇ ਕਿਹਾ ਕਿ ਰਵੀ ਢਿੱਲੋਂ ਨੂੰ ਪਿਛਲੇ ਸਮੇਂ ਤੋਂ ਧਮਕੀਆਂ ਆ ਰਹੀਆਂ ਸਨ ਅਤੇ ਉਸ ਨੂੰ ਦੋ ਪੁਲਸ ਮੁਲਾਜ਼ਮਾਂ ਦੀ ਸੁਰੱਖਿਆ ਵੀ ਮਿਲੀ ਸੀ ਅਤੇ ਮੰਗਲਵਾਰ ਨੂੰ ਜਦੋਂ ਰਵੀ ਢਿੱਲੋਂ ਦੁਕਾਨ ਬੰਦ ਕਰ ਕੇ ਜਦੋਂ ਆਪਣੇ ਘਰ ਜਾਣਾ ਸੀ ਐੱਸ ਐੱਚ ਓ ਦੋਵੇਂ ਗੰਨਮੈਨਾਂ ਨੂੰ ਆਪਣੇ ਨਾਲ ਲੈ ਗਿਆ ਤੇ ਇਸ ਉਪਰੰਤ ਗੈਂਗਸਟਰਾਂ ਨੇ ਰਵੀ ਢਿੱਲੋਂ ਨੂੰ ਤਿੰਨ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ। ਰਵੀ ਢਿੱਲੋਂ ਦੀ ਮੌਤ ਐੱਸ ਐੱਚ ਓ ਦੀ ਅਣਗਹਿਲੀ ਕਾਰਨ ਹੋਈ ਹੈ। ਉਨ੍ਹਾਂ ਕਿਹਾ ਕਿ ਵਪਾਰੀ ਰਵੀ ਢਿੱਲੋਂ ਦੀ ਹੱਤਿਆ ਕਰਨ ਦੀ ਜ਼ਿੰਮੇਵਾਰੀ ਲੈਣ ਵਾਲੇ ਸ਼ੇਰਾ ਮਾਨ ਨੇ ਵੀ ਆਪਣੀ ਪੋਸਟ ’ਚ ਕਿਹਾ ਹੈ ਕਿ ਜਿੰਨੇ ਜ਼ਿੰਮੇਵਾਰ ਅਸੀਂ ਹਾਂ ਓਨਾ ਜ਼ਿੰਮੇਵਾਰ ਪੁਲਸ ਥਾਣਾ ਡੇਰਾ ਬਾਬਾ ਨਾਨਕ ਦਾ ਐੱਸ ਐੱਚ ਓ ਹੈ।




