ਗਿਆਨੀ ਗੁਰਦੇਵ ਸਿੰਘ ਦੇ ਪਰਵਾਰ ਵੱਲੋਂ 11 ਹਜ਼ਾਰ ਭੇਟ
ਸ਼ਾਹਕੋਟ (ਗਿਆਨ ਸੈਦਪੁਰੀ)- ਭਾਰਤੀ ਕਮਿਊਨਿਸਟ ਪਾਰਟੀ ਦੇ 25ਵੇਂ ਮਹਾਂ ਸੰਮੇਲਨ ਲਈ ਚੱਲ ਰਹੀ ਫੰਡ ਅਤੇ ਤਿਆਰੀ ਮੁਹਿੰਮ ਦੌਰਾਨ ਕੁੱਲ ਹਿੰਦ ਕਿਸਾਨ ਸਭਾ ਦੀ ਪੰਜਾਬ ਇਕਾਈ ਦੇ ਸੀਨੀਅਰ ਮੀਤ ਪ੍ਰਧਾਨ ਕਾਮਰੇਡ ਸੂਰਤ ਸਿੰਘ ਧਰਮਕੋਟ ਨੇ 1 ਲੱਖ ਰੁਪਏ ਦਾ ਸਨਮਾਨਯੋਗ ਯੋਗਦਾਨ ਪਾਇਆ ਹੈ। ਪਾਰਟੀ ਨੇ ਉਹਨਾਂ ਦਾ ਧੰਨਵਾਦ ਕੀਤਾ ਹੈ। ਇਸੇ ਦੌਰਾਨ ਕਾਮਰੇਡ ਸੂਰਤ ਸਿੰਘ ਧਰਮਕੋਟ ਆਪਣੀ ਸਿਹਤ ਸਮੱਸਿਆ ਦੇ ਸਬੰਧ ਵਿੱਚ ਕਾਮਰੇਡ ਗਿਆਨੀ ਗੁਰਦੇਵ ਸਿੰਘ ਦੇ ਬੇਟਿਆਂ ਡਾ. ਸੰਦੀਪ ਜੌੜਾ ਅਤੇ ਖੇਤੀਬਾੜੀ ਅਫਸਰ ਡਾ. ਨਵਦੀਪ ਜੌੜਾ ਦੇ ਘਰ ਗਏ। ਪਾਰਟੀ ਦੀ 25ਵੀਂ ਕਾਂਗਰਸ ਅਤੇ ਗਿਆਨੀ ਗੁਰਦੇਵ ਸਿੰਘ ਦੀਆਂ ਯਾਦਾਂ ਸਾਂਝੀਆਂ ਕਰਨ ਦੇ ਸੰਦਰਭ ਵਿੱਚ ਗੱਲਾਬਾਤਾਂ ਕਰਨ ਉਪਰੰਤ ਸਾਥੀ ਸੂਰਤ ਸਿੰਘ ਨੇ ਜਾਣ ਦੀ ਇਜਾਜ਼ਤ ਮੰਗੀ ਤਾਂ ਮਾਤਾ ਰਖਸ਼ਾ ਦੇਵੀ ਜੀ ਨੇ ਦੋ ਮਿੰਟ ਹੋਰ ਰੁਕਣ ਲਈ ਕਿਹਾ। ਉਨ੍ਹਾਂ ਉਤਸ਼ਾਹੀ ਰੌਂਅ ਵਿੱਚ ਪਾਰਟੀ ਦੇ ਮਹਾਂ ਸੰਮੇਲਨ ਲਈ 11000 ਰੁਪਏ ਸੌਂਪਦੇ ਹੋਏ ਮਹਾਂ ਸੰਮੇਲਨ ਦੀ ਸਫਲਤਾ ਦੀ ਕਾਮਨਾ ਕੀਤੀ। ਕਾਮਰੇਡ ਸੂਰਤ ਸਿੰਘ ਨੇ ਕਿਹਾ ਕਿ ਗਿਆਨੀ ਗੁਰਦੇਵ ਸਿੰਘ ਦੇ ਪਰਵਾਰ ਦੀ ਸੀ ਪੀ ਆਈ ਪ੍ਰਤੀ ਸਮਰਪਣ ਭਾਵਨਾ ਦਰਸਾਉਂਦੀ ਹੈ ਕਿ ਪਰਵਾਰ ਦੇ ਸੰਸਕਾਰਾਂ ਵਿੱਚ ਗਿਆਨੀ ਹੁਰੀ ਅੱਜ ਵੀ ਜ਼ਿੰਦਾ ਹਨ। ਉਹਨਾਂ ਕਿਹਾ ਕਿ ਗਿਆਨੀ ਜੀ ਦੀ ਮਿਕਨਾਤੀਸੀ ਸ਼ਖਸੀਅਤ ਵਾਲੀ ਖਿੱਚ ਉਹਨਾਂ ਦੇ ਸਾਥੀਆਂ ਲਈ ਅੱਜ ਵੀ ਪ੍ਰੇਰਨਾ ਸਰੋਤ ਹੈ।





