ਕਰਨ ਥਾਪਰ ਤੇ ਸਿਧਾਰਥ ਵਰਧਰਾਜਨ ਦੀ ਗਿ੍ਰਫਤਾਰੀ ’ਤੇ ਰੋਕ

0
125

ਨਵੀਂ ਦਿੱਲੀ : ਸੁਪਰੀਮ ਕੋਰਟ ਨੇ ਇੱਕ ਆਰਟੀਕਲ ਨੂੰ ਲੈ ਕੇ ਵੈੱਬ ਪੋਰਟਲ ‘ਦੀ ਵਾਇਰ’ ਦੇ ਬਾਨੀ ਸੰਪਾਦਕ ਸਿਧਾਰਥ ਵਰਧਰਾਜਨ ਅਤੇ ਸਲਾਹਕਾਰ ਸੰਪਾਦਕ ਕਰਨ ਥਾਪਰ ਖਿਲਾਫ ਅਸਾਮ ਪੁਲਸ ਵੱਲੋਂ ਦਰਜ ਕੀਤੀ ਗਈ ਐੱਫ ਆਈ ਆਰ ਦੇ ਸੰਬੰਧ ਵਿੱਚ ਸ਼ੁੱਕਰਵਾਰ ਉਨ੍ਹਾਂ ਦੀ ਗਿ੍ਰਫਤਾਰੀ ’ਤੇ ਰੋਕ ਲਾ ਦਿੱਤੀ। ਜਸਟਿਸ ਸੂਰੀਆ ਕਾਂਤ ਅਤੇ ਜਸਟਿਸ ਜੌਏਮਾਲਿਆ ਬਾਗਚੀ ਦੀ ਬੈਂਚ ਨੇ ਫਾਊਂਡੇਸ਼ਨ ਫਾਰ ਇੰਡੀਪੈਂਡੈਂਟ ਜਰਨਲਿਜ਼ਮ (ਐੱਫ ਆਈ ਜੇ) ਦੀ ਪਟੀਸ਼ਨ ’ਤੇ ਇਹ ਹੁਕਮ ਦਿੱਤਾ। ਐੱਫ ਆਈ ਜੇ ਤੇ ਵਰਧਰਾਜਨ ਕੋਲ ‘ਦੀ ਵਾਇਰ’ ਦੀ ਮਾਲਕੀ ਹੈ। ਪੱਤਰਕਾਰਾਂ ਵੱਲੋਂ ਪੇਸ਼ ਹੋਏ ਸੀਨੀਅਰ ਵਕੀਲ ਨਿਤਿਆ ਰਾਮਕਿ੍ਰਸ਼ਨਨ ਨੇ ਕਿਹਾ ਕਿ ਅਸਾਮ ਪੁਲਸ ਅਦਾਲਤ ਦੇ ਹੁਕਮਾਂ ਦੀ ਉਲੰਘਣਾ ਕਰ ਰਹੀ ਹੈ। ਉਨ੍ਹਾ ਕਿਹਾ ਕਿ ਮੋਰੀਗਾਓਂ ਪੁਲਸ ਵੱਲੋਂ ਦਰਜ ਐੱਫ ਆਈ ਆਰ ਵਿੱਚ ਗਿ੍ਰਫਤਾਰੀ ਤੋਂ ਅੰਤਰਮ ਰਾਹਤ ਦੇਣ ਦੇ ਅਦਾਲਤ ਦੇ ਹੁਕਮ ਦੇ ਬਾਵਜੂਦ ਗੁਹਾਟੀ ਕ੍ਰਾਈਮ ਬ੍ਰਾਂਚ ਵੱਲੋਂ ਦਰਜ ਇੱਕ ਹੋਰ ਮਾਮਲੇ ਵਿੱਚ ਪੱਤਰਕਾਰਾਂ ਨੂੰ ਸੰਮਨ ਜਾਰੀ ਕੀਤਾ ਗਿਆ ਹੈ। ਉਨ੍ਹਾ ਕਿਹਾ ਕਿ ਪੱਤਰਕਾਰਾਂ ਨੂੰ ਮਈ ਵਿੱਚ ਦਰਜ ਇੱਕ ਪੁਰਾਣੀ ਐੱਫ ਆਈ ਆਰ ਵਿੱਚ ਬਿਆਨ ਦਰਜ ਕਰਨ ਲਈ ਸ਼ੁੱਕਰਵਾਰ ਨੂੰ ਤਲਬ ਕੀਤਾ ਗਿਆ ਹੈ ਅਤੇ ਡਰ ਹੈ ਕਿ ਉਨ੍ਹਾਂ ਨੂੰ ਗਿ੍ਰਫਤਾਰ ਕੀਤਾ ਜਾ ਸਕਦਾ ਹੈ। ਪੱਤਰਕਾਰਾਂ ਨੂੰ ਸੁਰੱਖਿਆ ਦਿੰਦਿਆਂ ਬੈਂਚ ਨੇ ਕਿਹਾ ਕਿ ਸਾਰਿਆਂ ਤੋਂ ਕਾਨੂੰਨ ਦੀ ਪਾਲਣਾ ਕਰਨ ਦੀ ਉਮੀਦ ਕੀਤੀ ਜਾਂਦੀ ਹੈ। ਅਦਾਲਤ ਨੇ ਪੱਤਰਕਾਰਾਂ ਨੂੰ ਜਾਂਚ ਵਿੱਚ ਸਹਿਯੋਗ ਦੇਣ ਲਈ ਵੀ ਕਿਹਾ। ਸੁਪਰੀਮ ਕੋਰਟ ਨੇ 12 ਅਗਸਤ ਨੂੰ ਵਰਧਰਾਜਨ ਨੂੰ ਸੁਰੱਖਿਆ ਦਿੰਦਿਆਂ ‘ਅਪਰੇਸ਼ਨ ਸਿੰਧੂਰ’ ਬਾਰੇ ਇੱਕ ਲੇਖ ਨੂੰ ਲੈ ਕੇ ਉਨ੍ਹਾ ਖਿਲਾਫ ਦਰਜ ਕੀਤੀ ਗਈ ਐੱਫ ਆਈ ਆਰ ਦੇ ਸੰਬੰਧ ਵਿੱਚ ਅਸਾਮ ਪੁਲਸ ਨੂੰ ਉਨ੍ਹਾ ਵਿਰੁੱਧ ਕੋਈ ਵੀ ਸਖਤ ਕਾਰਵਾਈ ਕਰਨ ਤੋਂ ਰੋਕ ਦਿੱਤਾ ਸੀ। ਗੁਹਾਟੀ ਕ੍ਰਾਈਮ ਬ੍ਰਾਂਚ ਨੇ 9 ਮਈ ਨੂੰ ਵਰਧਰਾਜਨ ਅਤੇ ਥਾਪਰ ਖਿਲਾਫ ਭਾਰਤ ਦੀ ਪ੍ਰਭੂਸੱਤਾ, ਏਕਤਾ ਅਤੇ ਅਖੰਡਤਾ ਨੂੰ ਖਤਰੇ ਵਿੱਚ ਪਾਉਣ ਦੇ ਦੋਸ਼ ਤਹਿਤ ਪਹਿਲੀ ਐੱਫ ਆਈ ਆਰ ਦਰਜ ਕੀਤੀ ਸੀ। ਐੱਫ ਆਈ ਆਰ ਵਿੱਚ ਭਾਰਤ ਦੀ ਪ੍ਰਭੂਸੱਤਾ ਅਤੇ ਅਖੰਡਤਾ ਦੇ ਵਿਰੁੱਧ 14 ਇੰਟਰਵਿਊ ਅਤੇ ਲੇਖ ਸੂਚੀਬੱਧ ਕੀਤੇ ਗਏ ਸਨ।