ਕਾਂਗਰਸੀ ਵਿਧਾਇਕ ਸੱਟੇਬਾਜ਼ੀ ’ਚ ਗਿ੍ਰਫਤਾਰ

0
103

ਨਵੀਂ ਦਿੱਲੀ : ਕਰਨਾਟਕ ਦੇ ਕਾਂਗਰਸੀ ਵਿਧਾਇਕ ਕੇ ਸੀ ਵੀਰੇਂਦਰ (ਪੱਪੀ) ਨੂੰ ਮਨੀ ਲਾਂਡਰਿੰਗ ਕਾਨੂੰਨ ਦੇ ਤਹਿਤ ਇੱਕ ਕਥਿਤ ਗੈਰ-ਕਾਨੂੰਨੀ ਸੱਟੇਬਾਜ਼ੀ ਮਾਮਲੇ ਵਿੱਚ ਗਿ੍ਰਫਤਾਰ ਕੀਤਾ ਗਿਆ ਹੈ। ਈ ਡੀ ਨੇ ਦੱਸਿਆ ਕਿ ਸ਼ੁੱਕਰਵਾਰ ਕਈ ਸੂਬਿਆਂ ਵਿੱਚ ਮਾਰੇ ਗਏ ਛਾਪਿਆਂ ਦੌਰਾਨ 12 ਕਰੋੜ ਰੁਪਏ ਨਕਦ, ਲਗਭਗ ਕਰੋੜ ਰੁਪਏ ਵਿਦੇਸ਼ੀ ਮੁਦਰਾ ਸਮੇਤ 6 ਕਰੋੜ ਰੁਪਏ ਦੇ ਸੋਨੇ ਦੇ ਗਹਿਣੇ, 10 ਕਿੱਲੋ ਚਾਂਦੀ ਅਤੇ ਚਾਰ ਵਾਹਨ ਜ਼ਬਤ ਕੀਤੇ ਗਏ ਹਨ। ਹਾਲਾਂਕਿ ਏਜੰਸੀ ਨੇ ਇਹ ਨਹੀਂ ਦੱਸਿਆ ਕਿ ਕਿੱਥੋਂ ਕੀ ਜ਼ਬਤ ਕੀਤਾ ਗਿਆ ਹੈ। ਇਸ ਵਿੱਚ ਕਿਹਾ ਗਿਆ ਹੈ ਕਿ ਚਿੱਤਰਦੁਰਗਾ ਦੇ 50 ਸਾਲਾ ਵਿਧਾਇਕ ਨੂੰ ਸਿੱਕਮ ਦੀ ਰਾਜਧਾਨੀ ਗੰਗਟੋਕ ਵਿੱਚ ਮੈਜਿਸਟਰੇਟ ਦੇ ਸਾਹਮਣੇ ਪੇਸ਼ ਕੀਤਾ ਗਿਆ ਅਤੇ ਉਸ ਨੂੰ ਬੇਂਗਲੁਰੂ ਦੀ ਅਦਾਲਤ ’ਚ ਪੇਸ਼ ਕਰਨ ਲਈ ਟਰਾਂਜ਼ਿਟ ਰਿਮਾਂਡ ਪ੍ਰਾਪਤ ਕਰ ਲਿਆ ਹੈ। ਈ ਡੀ ਦਾ ਬੇਂਗਲੁਰੂ ਜ਼ੋਨ ਇਸ ਮਾਮਲੇ ਦੀ ਜਾਂਚ ਕਰ ਰਿਹਾ ਹੈ। ਏਜੰਸੀ ਨੇ ਦੱਸਿਆ ਕਿ ਵਿਧਾਇਕ ਆਪਣੇ ਸਾਥੀਆਂ ਨਾਲ ਕੈਸੀਨੋ ਕਿਰਾਏ ’ਤੇ ਲੈਣ ਲਈ ਕਾਰੋਬਾਰੀ ਦੌਰੇ ’ਤੇ ਗੰਗਟੋਕ ਗਿਆ ਸੀ। ਅਧਿਕਾਰੀਆਂ ਨੇ ਕਿਹਾ ਕਿ ਵੀਰੇਂਦਰ ਦੇ ਭਰਾ ਕੇ ਸੀ ਨਾਗਰਾਜ ਅਤੇ ਉਸ ਦੇ ਪੁੱਤਰ ਪਿ੍ਰਥਵੀ ਐੱਨ ਰਾਜ ਦੇ ਅਹਾਤੇ ਤੋਂ ਜਾਇਦਾਦ ਨਾਲ ਸੰਬੰਧਤ ਕਈ ਦਸਤਾਵੇਜ਼ ਵੀ ਜ਼ਬਤ ਕੀਤੇ ਗਏ ਹਨ। ਈ ਡੀ ਨੇ ਕਿਹਾ ਕਿ ਉਸ ਦੇ ਹੋਰ ਸਹਿਯੋਗੀ ਅਤੇ ਇੱਕ ਹੋਰ ਭਰਾ ਕੇ ਸੀ ਥਿਪੇਸਵਾਮੀ ਦੁਬਈ ਤੋਂ ਆਨਲਾਈਨ ਗੇਮਿੰਗ ਦੇ ਸੰਚਾਲਨ ਨੂੰ ਸੰਭਾਲ ਰਹੇ ਹਨ।