ਨਵੀਂ ਦਿੱਲੀ : ਚੋਣ ਕਮਿਸ਼ਨ ਮੁਤਾਬਕ ਹੁਣ ਤੱਕ 98.2 ਫੀਸਦ ਵੋਟਰਾਂ ਦੇ ਦਸਤਾਵੇਜ਼ ਜਮ੍ਹਾਂ ਕੀਤੇ ਜਾ ਚੁੱਕੇ ਹਨ ਅਤੇ ਹੁਣ ਵੋਟਰ ਸੂਚੀ ਦੀ ਵਿਆਪਕ ਸੁਧਾਈ ਦੇ ਤਹਿਤ ਪ੍ਰਕਾਸ਼ਤ ਬਿਹਾਰ ਦੀ ਡਰਾਫਟ ਵੋਟਰ ਸੂਚੀ ’ਤੇ ਦਾਅਵੇ ਅਤੇ ਇਤਰਾਜ਼ ਦਾਇਰ ਕਰਨ ਲਈ ਸਿਰਫ ਅੱਠ ਦਿਨ ਬਾਕੀ ਹਨ। ਕਮਿਸ਼ਨ ਨੇ ਕਿਹਾ ਕਿ ਦਾਅਵੇ ਅਤੇ ਇਤਰਾਜ਼ ਦਾਇਰ ਕਰਨ ਦੀ ਮਿਆਦ ਦੇ ਦੌਰਾਨ ਵੋਟਰਾਂ ਨੂੰ ਨਾ ਸਿਰਫ ਡਰਾਫਟ ਸੂਚੀ ’ਚ ਗਲਤੀਆਂ ਸੁਧਾਰਨ ਦਾ ਮੌਕਾ ਮਿਲਦਾ ਹੈ, ਸਗੋਂ ਆਪਣੇ ਜ਼ਰੂਰੀ ਦਸਤਾਵੇਜ਼ ਵੀ ਜਮ੍ਹਾਂ ਕਰਾਉਣ ਦਾ ਮੌਕਾ ਮਿਲਦਾ ਹੈ, ਜੋ ਉਨ੍ਹਾਂ ਆਪਣਾ ਫਾਰਮ ਜਮ੍ਹਾਂ ਕਰਦੇ ਸਮੇਂ ਨਹੀਂ ਦਿੱਤਾ ਹੋਵੇਗਾ।
ਕਮਿਸ਼ਨ ਨੇ ਕਿਹਾ, ‘ਬਿਹਾਰ ਦੇ ਮੁੱਖ ਚੋਣ ਅਧਿਕਾਰੀ ਦੇ ਦਫ਼ਤਰ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਹੁਣ ਤੱਕ 98.2 ਪ੍ਰਤੀਸ਼ਤ ਵੋਟਰਾਂ ਦੇ ਦਸਤਾਵੇਜ਼ ਪ੍ਰਾਪਤ ਹੋ ਚੁੱਕੇ ਹਨ। 24 ਜੂਨ ਤੋਂ 24 ਅਗਸਤ ਤੱਕ 60 ਦਿਨਾਂ ਵਿੱਚ ਇਹ ਦਸਤਾਵੇਜ਼ ਜਮ੍ਹਾਂ ਹੋਏ ਹਨ। ਇਸ ਦਾ ਮਤਲਬ ਹੈ ਕਿ ਔਸਤਨ ਲਗਭਗ 1.64 ਫੀਸਦੀ ਵੋਟਰਾਂ ਨੇ ਪ੍ਰਤੀ ਦਿਨ ਆਪਣੇ ਦਸਤਾਵੇਜ਼ ਜਮ੍ਹਾਂ ਕੀਤੇ ਹਨ। 1 ਸਤੰਬਰ ਤੱਕ ਅੱਠ ਦਿਨ ਬਾਕੀ ਹਨ ਤੇ 1.8 ਪ੍ਰਤੀਸ਼ਤ ਵੋਟਰਾਂ ਨੇ ਆਪਣੇ ਦਸਤਾਵੇਜ਼ ਜਮ੍ਹਾਂ ਨਹੀਂ ਕੀਤੇ।


