ਨਵੀਂ ਦਿੱਲੀ : ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਦੇ ਭਾਰਤ ਦੌਰੇ ਦਰਮਿਆਨ ਆਸਾਮ ਦੇ ਮੁੱਖ ਮੰਤਰੀ ਹਿਮੰਤਾ ਬਿਸਵਾ ਸਰਮਾ ਨੇ ਬੰਗਲਾਦੇਸ਼ ਨੂੰ ਮਿਲਾ ਕੇ ਅਖੰਡ ਭਾਰਤ ਬਣਾਉਣ ਦੀ ਗੱਲ ਕਹੀ ਹੈ।
ਸਰਮਾ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਕਾਂਗਰਸ ਦੀ ਕੰਨਿਆਕੁਮਾਰੀ ਤੋਂ ਸ੍ਰੀਨਗਰ ਤਕ 3500 ਕਿੱਲੋਮੀਟਰ ਦੀ ‘ਭਾਰਤ ਜੋੜੋ ਯਾਤਰਾ’ ਉੱਤੇ ਟਿੱਪਣੀ ਕਰਦਿਆਂ ਕਿਹਾਭਾਰਤ ਇਕਜੁੱਟ ਹੈ। ਕਸ਼ਮੀਰ ਤੋਂ ਕੰਨਿਆਕੁਮਾਰੀ ਤਕ, ਸਿਲਚਰ ਤੋਂ ਸੌਰਾਸ਼ਟਰ ਤਕ, ਅਸੀਂ ਇੱਕ ਹਾਂ। ਕਾਂਗਰਸ ਨੇ ਦੇਸ਼ ਨੂੰ ਭਾਰਤ ਤੇ ਪਾਕਿਸਤਾਨ ਵਿਚ ਵੰਡਿਆ। ਫਿਰ ਬੰਗਲਾਦੇਸ਼ ਪੈਦਾ ਕੀਤਾ। ਜੇ ਰਾਹੁਲ ਗਾਂਧੀ ਖਿਮਾ ਯਾਚਨਾ ਕਰਦੇ ਹਨ ਕਿ ਉਨ੍ਹਾ ਦੇ ਪੜਦਾਦਾ ਨੇ ਗਲਤੀਆਂ ਕੀਤੀਆਂ ਤਾਂ ਭਾਰਤੀ ਇਲਾਕੇ ਵਿਚ ਭਾਰਤ ਜੋੜੋ ਦਾ ਕੋਈ ਮਸਲਾ ਹੀ ਨਹੀਂ ਰਹਿ ਜਾਂਦਾ। ਉਹ ਪਾਕਿਸਤਾਨ ਤੇ ਬੰਗਲਾਦੇਸ਼ ਨੂੰ ਜੋੜ ਕੇ ਅਖੰਡ ਭਾਰਤ ਲਈ ਕੋਸ਼ਿਸ਼ ਕਰਨ। 2015 ਵਿਚ ਕਾਂਗਰਸ ਛੱਡ ਕੇ ਭਾਜਪਾ ਵਿਚ ਆਉਣ ਵਾਲੇ ਸਰਮਾ ਵੱਲੋਂ ਕਹੀਆਂ ਇਹ ਗੱਲਾਂ ਖਬਰ ਏਜੰਸੀ ਏ ਐੱਨ ਆਈ ਵੱਲੋਂ ਟਵੀਟ ਕੀਤੇ ਵੀਡੀਓ ਵਿਚ ਸੁਣਾਈ ਦਿੰਦੀਆਂ ਹਨ। ਅਖੰਡ ਭਾਰਤ ਭਾਜਪਾ ਦੇ ਜਨਮਦਾਤੇ ਰਾਸ਼ਟਰੀ ਸੋਇਮਸੇਵਕ ਸੰਘ ਵੱਲੋਂ ਪੇਸ਼ ਕੀਤਾ ਜਾਂਦਾ ਵਿਚਾਰ ਹੈ। ਇਸ ਤਹਿਤ ਉਹ ਪਾਕਿਸਤਾਨ, ਬੰਗਲਾਦੇਸ਼, ਨੇਪਾਲ, ਸ੍ਰੀਲੰਕਾ, ਭੂਟਾਨ, ਅਫਗਾਨਿਸਤਾਨ, ਤਿੱਬਤ ਤੇ ਮਯਾਂਮਾਰ ਨੂੰ ਮਿਲਾ ਕੇ ਅਖੰਡ ਭਾਰਤ ਬਣਾਉਣਾ ਚਾਹੁੰਦਾ ਹੈ।





