ਜਲੰਧਰ. (ਗਿਆਨ ਸੈਦਪੁਰੀ)-ਭਾਰਤੀ ਕਮਿਊਨਿਸਟ ਪਾਰਟੀ ਦੀ ਦੋ ਦਿਨਾਂ ਸੂਬਾ ਕਾਨਫਰੰਸ 8 ਸਤੰਬਰ ਨੂੰ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਵਿਖੇ ਹੋ ਰਹੀ ਹੈ। 8 ਸਤੰਬਰ ਨੂੰ ਸਵੇਰੇ ਗਿਆਰਾਂ ਵਜੇ ਝੰਡਾ ਲਹਿਰਾਉਣ ਦੀ ਰਸਮ ਨਾਲ ਇਸ ਸੂਬਾ ਕਾਨਫਰੰਸ ਦੀ ਸ਼ੁਰੂਆਤ ਹੋਵੇਗੀ। ਇਹ ਰਸਮ ਪਾਰਟੀ ਦੇ ਸੀਨੀਅਰ ਆਗੂ ਕਾਮਰੇਡ ਭੁਪਿੰਦਰ ਸਾਂਬਰ ਨਿਭਾਉਣਗੇ। ਉਪਰੰਤ ਕਾਨਫਰੰਸ ਦੀ ਉਦਘਾਟਨੀ ਤਕਰੀਰ ਸੀ ਪੀ ਆਈ ਦੇ ਕੌਮੀ ਜਨਰਲ ਸਕੱਤਰ ਤੇ ਸਾਬਕਾ ਰਾਜਸਭਾ ਮੈਂਬਰ ਕਾਮਰੇਡ ਡੀ ਰਾਜਾ ਕਰਨਗੇ। ਉਹ ਜਲੰਧਰ ਪਹੁੰਚ ਚੁੱਕੇ ਹਨ। ਸੀ ਪੀ ਆਈ ਦੇ ਕੌਮੀ ਸਕੱਤਰ ਕਾਮਰੇਡ ਅਮਰਜੀਤ ਕੌਰ ਸੂਬਾ ਕਾਨਫਰੰਸ ਵਿੱਚ ਅਬਜ਼ਰਵਰ ਵਜੋਂ ਸ਼ਾਮਲ ਹੋਣਗੇ। ਪੰਜਾਬ ਦੀ ਪੂਰੀ ਸੂਬਾਈ ਲੀਡਰਸ਼ਿਪ ਵੀ ਸੂਬਾ ਕਾਨਫਰੰਸ ਵਿੱਚ ਸ਼ਾਮਲ ਹੋਵੇਗੀ। ਸੀ ਪੀ ਆਈ ਦੇ ਸੂਬਾ ਸਕੱਤਰ ਕਾਮਰੇਡ ਬੰਤ ਸਿੰਘ ਬਰਾੜ ਨੇ ਇਸ ਪੱਤਰਕਾਰ ਨੂੰ ਦੱਸਿਆ ਕਿ ਸੂਬਾ ਕਾਨਫਰੰਸ ਦੀਆਂ ਤਿਆਰੀਆਂ ਮੁਕੰਮਲ ਹੋ ਚੁੱਕੀਆਂ ਹਨ।
ਕਾਨਫਰੰਸ ਨੂੰ ਸਫ਼ਲਤਾ ਪੂਰਵਕ ਨੇਪਰੇ ਚੜ੍ਹਾਉਣ ਲਈ ਤਿਆਰੀ ਕਮੇਟੀ ਜਿਸ ਵਿੱਚ ਕਨਵੀਨਰ ਕਾਮਰੇਡ ਸਤਪਾਲ ਭਗਤ, ਸੀ ਪੀ ਆਈ ਦੇ ਮੀਤ ਸਕੱਤਰ ਕਾਮਰੇਡ ਪਿ੍ਰਥੀਪਾਲ ਸਿੰਘ ਮਾੜੀਮੇਘਾ, ਸੀ ਪੀ ਆਈ ਜਲੰਧਰ ਦੇ ਸਕੱਤਰ ਕਾਮਰੇਡ ਰਜਿੰਦਰ ਮੰਡ, ਆਲ ਇੰਡੀਆ ਯੂਥ ਫੈਡਰੇਸ਼ਨ ਜਨਰਲ ਸਕੱਤਰ ਕਾਮਰੇਡ ਸੁਖਜਿੰਦਰ ਮਹੇਸ਼ਰੀ, ਤਹਿਸੀਲ ਸ਼ਾਹਕੋਟ ਦੇ ਸਕੱਤਰ ਕਾਮਰੇਡ ਚਰਨਜੀਤ ਥੰਮੂਵਾਲ, ਸਿਟੀ ਸਕੱਤਰ ਕਾਮਰੇਡ ਰਾਜੇਸ਼ ਥਾਪਾ, ਫਿਲੌਰ ਦੇ ਸਕੱਤਰ ਕਾਮਰੇਡ ਰਛਪਾਲ ਕੈਲੇ ਅਤੇ ਯੂਥ ਆਗੂ ਕਾਮਰੇਡ ਸੰਦੀਪ ਦੌਲੀਕੇ ਆਦਿ ਸ਼ਾਮਲ ਹਨ, ਨੇ ਆਪੋ-ਆਪਣੀਆਂ ਡਿਊਟੀਆਂ ਸੰਭਾਲ ਲਈਆਂ ਹਨ।