ਕੰਨਿਆਕੁਮਾਰੀ (ਤਾਮਿਲਨਾਡੂ) : ਰਾਹੁਲ ਗਾਂਧੀ ਨੇ ਬੁੱਧਵਾਰ ਇਥੇ ਰੈਲੀ ਕਰਕੇ ਕਾਂਗਰਸ ਦੀ ‘ਭਾਰਤ ਜੋੜੋ ਯਾਤਰਾ’ ਦੀ ਇਕ ਤਰ੍ਹਾਂ ਨਾਲ ਸ਼ੁਰੂਆਤ ਕਰ ਦਿੱਤੀ। 3500 ਕਿੱਲੋਮੀਟਰ ਦੀ ਯਾਤਰਾ ਤੋਂ ਪਹਿਲਾਂ ਉਹ ਵਿਵੇਕਾਨੰਦ ਦੀ ਯਾਦਗਾਰ ’ਤੇ ਗਏ। ਉਨ੍ਹਾ ਸ੍ਰੀਪੇਰੰਬੁਦੂਰ ਵਿਚ ਪਿਤਾ ਰਾਜੀਵ ਗਾਂਧੀ ਦੀ ਯਾਦਗਾਰ ’ਤੇ ਉਨ੍ਹਾ ਨੂੰ ਸ਼ਰਧਾਂਜਲੀ ਭੇਂਟ ਕਰਦਿਆਂ ਕਿਹਾਨਫਰਤ ਦੀ ਵਜਹ ਕਰਕੇ ਮੈਂ ਪਿਤਾ ਗੁਆਇਆ, ਪਰ ਹੁਣ ਦੇਸ਼ ਨਹੀਂ ਗੁਆ ਸਕਦਾ।
ਯਾਤਰਾ ਅਧਿਕਾਰਤ ਤੌਰ ’ਤੇ ਵੀਰਵਾਰ ਸਵੇਰੇ 7 ਵਜੇ ਸ਼ੁਰੂ ਹੋਵੇਗੀ ਜਦੋਂ ਰਾਹੁਲ ਤੇ ਹੋਰ ਆਗੂ ਪਦਯਾਤਰਾ ’ਤੇ ਨਿਕਲਣਗੇ। ਯਾਤਰਾ ਕੰਨਿਆਕੁਮਾਰੀ ਤੋਂ ਸ਼ੁਰੂ ਹੋ ਕੇ ਤਿਰੁਅਨੰਤਪੁਰਮ, ਕੋਚੀ, ਨੀਲਾਂਬੁਰ, ਮੈਸੂਰ, ਬੇਲਾਰੀ, ਰਾਇਚੁਕ, ਵਿਕਾਰਾਬਾਦ, ਨਾਂਦੇੜ, ਜਲਗਾਓਂ, ਇੰਦੌਰ, ਕੋਟਾ, ਦੌਸਾ, ਅਲਵਰ, ਬੁਲੰਦਸ਼ਹਿਰ, ਦਿੱਲੀ, ਅੰਬਾਲਾ, ਪਠਾਨਕੋਟ ਤੇ ਜੰਮੂ ਹੁੰਦਿਆਂ ਸ੍ਰੀਨਗਰ ਵਿਚ ਜਾ ਕੇ ਖਤਮ ਹੋਵੇਗੀ। ਰੋਜ਼ਾਨਾ 25 ਕਿੱਲੋਮੀਟਰ ਪਦਯਾਤਰਾ ਕੀਤੀ ਜਾਵੇਗੀ ਤੇ ਇਹ 150 ਦਿਨ ਵਿਚ ਮੁਕੰਮਲ ਹੋਵੇਗੀ। ਰਾਹੁਲ ਗਾਂਧੀ ਦੇ ਨਾਲ 100 ਯਾਤਰੀ ਸ਼ੁਰੂ ਤੋਂ ਅਖੀਰ ਤਕ ਚੱਲਣਗੇ। ਇਨ੍ਹਾਂ ਨੂੰ ਭਾਰਤ ਯਾਤਰੀ ਕਿਹਾ ਜਾਏਗਾ। ਜਿਨ੍ਹਾਂ ਰਾਜਾਂ ਵਿਚੋਂ ਯਾਤਰਾ ਗੁਜ਼ਰੇਗੀ ਉਥੋਂ 100-100 ਲੋਕ ਸ਼ਾਮਲ ਹੋਣਗੇ, ਜਿਨ੍ਹਾਂ ਨੂੰ ਪ੍ਰਦੇਸ਼ ਯਾਤਰੀ ਕਿਹਾ ਜਾਏਗਾ। ਜਿਨ੍ਹਾਂ ਰਾਜਾਂ ਤੋਂ ਯਾਤਰਾ ਨਹੀਂ ਗੁਜ਼ਰ ਰਹੀ, ਉਥੋਂ ਵੀ 100-100 ਲੋਕ ਸ਼ਾਮਲ ਹੋ ਸਕਦੇ ਹਨ, ਜਿਨ੍ਹਾਂ ਨੂੰ ਅਤਿਥੀ ਯਾਤਰੀ ਕਿਹਾ ਜਾਏਗਾ।