ਨਵੀਂ ਦਿੱਲੀ : ਈ ਡੀ ਨੇ ਮੰਗਲਵਾਰ ਕੌਮੀ ਰਾਜਧਾਨੀ ਵਿੱਚ ਕਥਿਤ ਹਸਪਤਾਲ ਨਿਰਮਾਣ ਘੁਟਾਲੇ ਦੀ ਮਨੀ ਲਾਂਡਰਿੰਗ ਜਾਂਚ ਦੀ ਕੜੀ ਵਜੋਂ ਦਿੱਲੀ ਦੇ ਸਾਬਕਾ ਮੰਤਰੀ ਸੌਰਭ ਭਾਰਦਵਾਜ ਦੀ ਰਿਹਾਇਸ਼ ਸਮੇਤ 13 ਥਾਵਾਂ ’ਤੇ ਛਾਪੇ ਮਾਰੇ। ਈ ਡੀ ਦੀਆਂ ਟੀਮਾਂ ਨੇ ਨਿੱਜੀ ਠੇਕੇਦਾਰਾਂ ਦੇ ਅਹਾਤਿਆਂ ਦੀ ਵੀ ਜਾਂਚ ਕੀਤੀ। ਇਹ ਮਾਮਲਾ ਸ਼ੁਰੂ ਵਿੱਚ ਵਿਰੋਧੀ ਧਿਰ ਦੇ ਤਤਕਾਲੀ ਆਗੂ ਅਤੇ ਮੌਜੂਦਾ ਦਿੱਲੀ ਵਿਧਾਨ ਸਭਾ ਦੇ ਸਪੀਕਰ ਵਿਜੇਂਦਰ ਗੁਪਤਾ ਦੀ ਸ਼ਿਕਾਇਤ ਨਾਲ ਸ਼ੁਰੂ ਹੋਇਆ ਸੀ, ਜਿਸ ਵਿੱਚ ‘ਆਪ’ ਦੀ ਅਗਵਾਈ ਵਾਲੀ ਸਰਕਾਰ ਅਧੀਨ ਹਸਪਤਾਲ ਪ੍ਰੋਜੈਕਟਾਂ ਵਿੱਚ ਗੰਭੀਰ ਬੇਨਿਯਮੀਆਂ ਦਾ ਜ਼ਿਕਰ ਕੀਤਾ ਗਿਆ ਸੀ।
‘ਆਪ’ ਦੇ ਸੀਨੀਅਰ ਨੇਤਾ ਮਨੀਸ਼ ਸਿਸੋਦੀਆ ਨੇ ਕਿਹਾ ਕਿ ਜਦੋਂ ਇਹ ਕੇਸ ਦਾਇਰ ਕੀਤਾ ਗਿਆ ਸੀ ਤਾਂ ਭਾਰਦਵਾਜ ਮੰਤਰੀ ਵੀ ਨਹੀਂ ਸਨ। ਪੂਰਾ ਕੇਸ ਝੂਠਾ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਐੱਕਸ ਅਕਾਊਂਟ ਉੱਤੇ ਲਿਖਿਆ, ‘ਅੱਜ ਸੌਰਭ ਭਾਰਦਵਾਜ ’ਤੇ ਰੇਡ ਕੀਤੀ ਗਈ, ਕਿਉਂਕਿ ਕੱਲ੍ਹ ਤੋਂ ਪੂਰੇ ਦੇਸ਼ ਵਿੱਚ ਮੋਦੀ ਜੀ ਦੀ ਡਿਗਰੀ ਨੂੰ ਲੈ ਚਰਚਾ ਹੈ। ਇਹ ਰੇਡ ਸਿਰਫ ਇਸ ਮਾਮਲੇ ਤੋਂ ਧਿਆਨ ਭਟਕਾਉਣ ਲਈ ਕੀਤੀ ਗਈ ਹੈ।’


