ਮਹੂ (ਐੱਮ ਪੀ) : ਚੀਫ ਆਫ ਡਿਫੈਂਸ ਸਟਾਫ (ਸੀ ਡੀ ਐੱਸ) ਜਨਰਲ ਅਨਿਲ ਚੌਹਾਨ ਨੇ ਮੰਗਲਵਾਰ ਕਿਹਾ ਕਿ ਭਾਰਤ ਇੱਕ ਸ਼ਕਤੀਸ਼ਾਲੀ ਨਵੀਂ ਹਵਾਈ ਰੱਖਿਆ ਪ੍ਰਣਾਲੀ ਤਿਆਰ ਕਰ ਰਿਹਾ ਹੈ, ਜੋ ਦੁਸ਼ਮਣ ਦੇ ਖਤਰਿਆਂ ਦੇ ਵਿਰੁੱਧ ਇੱਕ ਵਿਆਪਕ ਢਾਲ ਬਣਾਉਣ ਲਈ ਕਈ ਹਿੱਸਿਆਂ, ਜਿਸ ਵਿੱਚ ਮਿਜ਼ਾਈਲਾਂ ਅਤੇ ਰਾਡਾਰ ਸ਼ਾਮਲ ਹਨ, ਨੂੰ ਜੋੜੇਗੀ।
ਉਨ੍ਹਾ ਕਿਹਾ, ‘ਇਹ ਇੱਕ ਢਾਲ ਅਤੇ ਇੱਕ ਤਲਵਾਰ ਦੋਵਾਂ ਵਜੋਂ ਕੰਮ ਕਰੇਗੀ ਅਤੇ ਸਵਦੇਸ਼ੀ ਹੋਵੇਗੀ… ਇਸ ਨੂੰ ਦਸ ਸਾਲਾਂ ਵਿੱਚ ਤਿਆਰ ਕਰਨ ਦਾ ਟੀਚਾ ਹੈ।’ ਉਨ੍ਹਾ ਇਸ ਨੂੰ ’ਗੋਲਡਨ ਡੋਮ’ ਕਿਹਾ। ਜਨਰਲ ਚੌਹਾਨ ਇੱਥੇ ਆਰਮੀ ਵਾਰ ਕਾਲਜ ਵੱਲੋਂ ਕਰਵਾਏ ਦੋ ਦਿਨਾ (26-27 ਅਗਸਤ) ਵਿਚਾਰ-ਵਟਾਂਦਰਾ ਸੈਮੀਨਾਰ ‘ਰਣ ਸੰਵਾਦ’ (ਜੰਗ ਬਾਰੇ ਗੱਲਬਾਤ) ਵਿੱਚ ਮੁੱਖ ਭਾਸ਼ਣ ਦੇ ਰਹੇ ਸਨ, ਜਿਸ ਦਾ ਵਿਸ਼ਾ ‘ਜੰਗ ’ਤੇ ਤਕਨਾਲੋਜੀ ਦਾ ਪ੍ਰਭਾਵ’ ਸੀ।
ਰੱਖਿਆ ਸੂਤਰਾਂ ਨੇ ਦੱਸਿਆ ਕਿ ਨਵੀਂ ਹਵਾਈ ਰੱਖਿਆ ਪ੍ਰਣਾਲੀ ਵਿੱਚ ਸੰਭਾਵਤ ਤੌਰ ’ਤੇ ਸੈਟੇਲਾਈਟ ਵਰਗੀਆਂ ਸੰਪਤੀਆਂ ਨੂੰ ਸ਼ਾਮਲ ਕੀਤਾ ਜਾਵੇਗਾ। ਇਸ ਦੇ ਨਾਲ ਹੀ 60-80 ਕਿੱਲੋਮੀਟਰ ਦੇ ਵਿਚਕਾਰ ਉਚਾਈਆਂ ਦੀ ਨਿਗਰਾਨੀ ਕਰਨ ਦੇ ਸਮਰੱਥ ਰਾਡਾਰ ਵੀ ਸ਼ਾਮਲ ਹੋਣਗੇ, ਕਿਉਂਕਿ ਜ਼ਿਆਦਾਤਰ ਆਧੁਨਿਕ ਮਿਜ਼ਾਈਲਾਂ ਕੁਝ ਉਚਾਈ ’ਤੇ ਜਾ ਕੇ ਫਿਰ ਨਿਸ਼ਾਨੇ ’ਤੇ ਲੱਗਣ ਲਈ ਹੇਠਾਂ ਵੱਲ ਜਾਂਦੀਆਂ ਹਨ।
ਹਥਿਆਰਬੰਦ ਬਲ ਜ਼ਮੀਨ, ਹਵਾ, ਸਮੁੰਦਰੀ, ਸਮੁੰਦਰ ਦੇ ਹੇਠਾਂ ਅਤੇ ਪੁਲਾੜ ਖੇਤਰਾਂ ਵਿੱਚ ਪ੍ਰਣਾਲੀਆਂ ਨੂੰ ਜੋੜਨ ਦੀ ਵੀ ਯੋਜਨਾ ਬਣਾ ਰਹੇ ਹਨ ਅਤੇ ਕਮਾਂਡਰਾਂ ਨੂੰ ਇੱਕ ਸਾਂਝੀ ਕਾਰਜਸ਼ੀਲ ਤਸਵੀਰ ਪ੍ਰਦਾਨ ਕਰਨ ਲਈ ਡੇਟਾ ਨੂੰ ਨੈੱਟਵਰਕ ਕੀਤਾ ਜਾਵੇਗਾ। ਵਿਸ਼ਲੇਸ਼ਣ ਲਈ ਮਸਨੂਈ ਬੁੱਧੀ (ਆਈ ਏ), ਉਨਤ ਗਣਨਾ, ਡਾਟਾ ਵਿਸ਼ਲੇਸ਼ਣ ਅਤੇ ਕੁਆਂਟਮ ਤਕਨਾਲੋਜੀ ਦੀ ਵਰਤੋਂ ਕੀਤੀ ਜਾਵੇਗੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਸੁਤੰਤਰਤਾ ਦਿਵਸ ਦੇ ਭਾਸ਼ਣ ਵਿੱਚ ਆਉਣ ਵਾਲੀ ਹਵਾਈ ਰੱਖਿਆ ਪ੍ਰਣਾਲੀ ਨੂੰ ‘ਸੁਦਰਸ਼ਨ ਚੱਕਰ’ ਕਿਹਾ ਸੀ। ਸੀ ਡੀ ਐੱਸ ਨੇ ਹੁਣ ਇਸ ਭਵਿੱਖੀ ਪ੍ਰਣਾਲੀ ਦੇ ਫੌਜੀ ਰੂਪਾਂ ਨੂੰ ਪ੍ਰਦਾਨ ਕੀਤਾ ਹੈ। ਇਸ ਦੌਰਾਨ ਜਨਰਲ ਚੌਹਾਨ ਨੇ ਕਿਹਾ, ‘ਭਾਰਤ ਇੱਕ ਸ਼ਾਂਤੀਪਸੰਦ ਦੇਸ਼ ਹੈ, ਪਰ ਅਸੀਂ ਸ਼ਾਂਤੀਵਾਦੀ ਨਹੀਂ ਹੋ ਸਕਦੇ। ਤਾਕਤ ਤੋਂ ਬਿਨਾਂ ਸ਼ਾਂਤੀ ਯੂਟੋਪੀਅਨ ਹੈ।’




