ਚੰਡੀਗੜ੍ਹ/ਨਿਹਾਲ ਸਿੰਘ ਵਾਲਾ (ਲਵਲੀ ਕੁਮਾਰ)
ਪੰਜਾਬ ਦੇ ਸਾਰੇ ਡੈਮਾਂ ਅਤੇ ਦਰਿਆਵਾਂ ਵਿੱਚ ਪਾਣੀ ਦਾ ਪੱਧਰ ਵਧਣ ਕਰਕੇ ਅੱਧਾ ਦਰਜਨ ਤੋਂ ਵੱਧ ਜ਼ਿਲ੍ਹਿਆਂ ਦੇ ਸੈਂਕੜੇ ਪਿੰਡ ਹੜ੍ਹ ਦੀ ਮਾਰ ਹੇਠ ਆ ਚੁੱਕੇ ਹਨ। ਜਿੱਥੇ ਲੋਕਾਂ ਨੂੰ ਆਪਣੇ ਘਰ ਖਾਲੀ ਕਰਨੇ ਪੈ ਰਹੇ ਹਨ, ਉੱਥੇ ਹਜ਼ਾਰਾਂ ਏਕੜ ਫਸਲ ਵੀ ਪਾਣੀ ਵਿੱਚ ਡੁੱਬ ਗਈ ਹੈ। ਹੜ੍ਹਾਂ ਕਰਕੇ ਪੰਜਾਬ ਵਿੱਚ ਆਮ ਜਨ-ਜੀਵਨ ਪ੍ਰਭਾਵਤ ਹੋ ਗਿਆ ਹੈ।
ਪੌਂਗ ਡੈਮ, ਭਾਖੜਾ ਡੈਮ ਅਤੇ ਰਣਜੀਤ ਸਾਗਰ ਡੈਮ ਵਿੱਚੋਂ ਲਗਾਤਾਰ ਪਾਣੀ ਛੱਡਿਆ ਜਾ ਰਿਹਾ ਹੈ। ਇਸ ਦੇ ਨਾਲ ਵੀ ਰਾਵੀ ਅਤੇ ਬਿਆਸ ਦਰਿਆ ਵੀ ਚੜ੍ਹੇ ਹੋਏ ਹਨ। ਫਾਜ਼ਿਲਕਾ ਵਿੱਚ ਦੋ ਦਰਜਨ ਦੇ ਕਰੀਬ ਪਿੰਡਾਂ ਨੂੰ ਖਾਲੀ ਕਰਨ ਦੇ ਹੁਕਮ ਦਿੱਤੇ ਗਏ ਹਨ।
ਲਗਾਤਾਰ ਭਾਰੀ ਮੀਂਹ ਦੇ ਚੱਲਦਿਆਂ ਮੋਗਾ-ਬਰਨਾਲਾ ਰਾਸ਼ਟਰੀ ਰਾਜ ਮਾਰਗ 703 ਪਿੰਡ ਮਾਛੀਕੇ ਵਿਖੇ ਧੱਸ ਗਿਆ। ਟੋਲ ਵਾਲੇ ਇਸ ਰਾਸ਼ਟਰੀ ਮਾਰਗ ’ਤੇ ਦਿਨ-ਰਾਤ ਰੋਜ਼ਾਨਾ ਹਜ਼ਾਰਾਂ ਵਹੀਕਲ ਗੁਜ਼ਰਦੇ ਹਨ, ਜੋ ਕਿ ਬਹੁਤ ਹੀ ਤੇਜ਼ ਰਫਤਾਰ ਨਾਲ ਜਾਂਦੇ ਹਨ। ਇਹ ਮਾਰਗ, ਜੋ ਕਿ ਕੁਝ ਸਾਲ ਪਹਿਲਾਂ ਹੀ ਬਣਾਇਆ ਗਿਆ ਹੈ, ਸ਼ੁਰੂ ਤੋਂ ਹੀ ਲਗਾਤਾਰ ਵਿਵਾਦਾਂ ਵਿੱਚ ਘਿਰਦਾ ਰਿਹਾ ਹੈ। ਜਿਸ ਜਗ੍ਹਾ ’ਤੇ ਇਹ ਧੱਸਿਆ ਹੈ, ਉਸ ਜਗ੍ਹਾ ’ਤੇ ਗਲਤ ਉਸਾਰੀ ਅਤੇ ਪੁਲ ਬਣਾਉਣ ਦੀ ਮੰਗ ਨੂੰ ਲੈ ਕੇ ਕਿਸਾਨ ਜਥੇਬੰਦੀਆਂ ਤੇ ਪਿੰਡ ਵਾਸੀਆਂ ਵੱਲੋਂ ਲਗਾਤਾਰ ਇਕ ਸਾਲ ਦਿਨ-ਰਾਤ ਦਾ ਧਰਨਾ ਲਾਇਆ ਗਿਆ ਸੀ। ਵਿਭਾਗ ਵੱਲੋਂ ਮਾਛੀਕੇ ਵਿਖੇ ਪੁਲ ਦੀ ਉਸਾਰੀ ਨਹੀਂ ਸੀ ਕੀਤੀ ਗਈ, ਜਿਸ ਕਾਰਨ ਇਹ ਪਿੰਡ ਦੋ ਹਿੱਸਿਆਂ ਵਿੱਚ ਵੰਡਿਆ ਗਿਆ ਸੀ। ਇਹ ਰਾਸ਼ਟਰੀ ਮਾਰਗ ਮਾਛੀਕੇ ਤੋਂ ਛੇ-ਸੱਤ ਫੁੱਟ ਉੱਚਾ ਬਣਾਇਆ ਗਿਆ ਸੀ। ਮਾਰਗ ’ਤੇ ਨਿਯਮਾਂ ਨੂੰ ਛਿੱਕੇ ਟੰਗ ਕੇ ਲੋਕਾਂ ਦੇ ਚੜ੍ਹਨ ਲਈ ਪੌੜੀਆਂ ਬਣਾਈਆਂ ਗਈਆਂ ਸਨ, ਜਿਸ ਕਾਰਨ ਤੇਜ਼ ਰਫਤਾਰ ਵਹੀਕਲਾਂ ਦੀ ਲਪੇਟ ਵਿੱਚ ਆ ਕੇ ਕਈ ਲੋਕਾਂ ਦੀ ਮੌਤ ਵੀ ਹੋ ਗਈ ਹੈ। ਕੁਝ ਸਮਾਂ ਪਹਿਲਾਂ ਇਹ ਮਾਰਗ ਰਾਮਗੜ੍ਹ ਪਿੰਡ ਦੇ ਨਜ਼ਦੀਕ ਵੀ ਧੱਸ ਗਿਆ ਸੀ ਅਤੇ ਬੌਡਿਆਂ ਨਜ਼ਦੀਕ ਵੀ ਇਸ ਸੜਕ ’ਤੇ ਡੂੰਘੇ ਖੱਡੇ ਬਣ ਗਏ ਸਨ। ਇਹ ਮਾਰਗ ਕੁਝ ਸਮੇਂ ਬਾਅਦ ਸੁਰਖੀਆਂ ਵਿੱਚ ਰਹਿੰਦਾ ਹੈ, ਪਰ ਅਧਿਕਾਰੀਆਂ ਦੇ ਕਦੇ ਵੀ ਕੰਨ ’ਤੇ ਜੂੰਅ ਨਹੀ ਸਰਕੀ। ਪ੍ਰਸ਼ਾਸਨ ਵੀ ਗੂੜ੍ਹੀ ਨੀਂਦ ਸੁੱਤਾ ਪਿਆ ਹੈ। ਵੱਖ-ਵੱਖ ਜਨਤਕ ਜਥੇਬੰਦੀਆਂ ਨੇ ਇਸ ਰਾਸ਼ਟਰੀ ਮਾਰਗ ਦੀ ਉਸਾਰੀ ਵਿੱਚ ਹੋਈਆਂ ਬੇਨਿਯਮੀਆਂ ਦੀ ਉੱਚ ਪੱਧਰੀ ਜਾਂਚ ਦੀ ਮੰਗ ਕੀਤੀ ਹੈ।
ਸੁਲਤਾਨਪੁਰ ਨੇੜੇ ਪਿੰਡ ਆਹਲੀ ਕਲਾਂ ਵਿੱਚ ਐਡਵਾਂਸ ਬੰਨ੍ਹ ਟੁੱਟ ਗਿਆ ਹੈ, ਜਿਸ ਨੂੰ ਬਚਾਉਣ ਲਈ ਕਿਸਾਨ 10 ਅਗਸਤ ਤੋਂ ਲੱਗੇ ਹੋਏ ਸਨ। ਬਿਆਸ ਦਰਿਆ ਦੇ ਜ਼ੋਰ ਅੱਗੇ ਵਸ ਨਹੀਂ ਚੱਲਿਆ। ਕਿਸਾਨਾਂ ਨੇ ਦੱਸਿਆ ਕਿ ਬੰਨ੍ਹ ਦੇ ਟੁੱਟਣ ਨਾਲ 35 ਦੇ ਕਰੀਬ ਪਿੰਡਾਂ ਦੇ ਕਿਸਾਨਾਂ ਦੀ 35 ਤੋਂ 40 ਹਜ਼ਾਰ ਏਕੜ ਫਸਲ ਤਬਾਹ ਹੋ ਜਾਵੇਗੀ। ਡਰੇਨੇਜ ਵਿਭਾਗ ਇਸ ਬੰਨ੍ਹ ਨੂੰ ਮਾਨਤਾ ਨਹੀਂ ਦਿੰਦਾ।
ਗੁਰਦਾਸਪੁਰ ਜ਼ਿਲ੍ਹੇ ਦੇ ਸਰਹੱਦੀ ਪਿੰਡ ਜੈਨਪੁਰ ਵਿੱਚ ਧੁੱਸੀ ਬੰਨ੍ਹ ਵਿੱਚ ਕਰੀਬ 60-70 ਫੁੱਟ ਦਾ ਪਾੜ ਪੈ ਗਿਆ ਹੈ।
ਢਿੱਗਾਂ ਡਿੱਗਣ ਅਤੇ ਹੜ੍ਹਾਂ ਕਾਰਨ ਕੀਰਤਪੁਰ-ਮਨਾਲੀ ਕੌਮੀ ਰਾਜਮਾਰਗ ਨੂੰ ਬਹੁਤ ਜ਼ਿਆਦਾ ਨੁਕਸਾਨ ਪਹੁੰਚਿਆ ਹੈ, ਜਿਸ ਕਾਰਨ ਮੰਡੀ ਅਤੇ ਮਨਾਲੀ ਵਿਚਕਾਰ ਆਵਾਜਾਈ ਪੂਰੀ ਤਰ੍ਹਾਂ ਠੱਪ ਹੋ ਗਈ ਹੈ। ਬਿਆਸ ਦਰਿਆ ਅਤੇ ਇਸ ਦੀਆਂ ਸਹਾਇਕ ਨਦੀਆਂ ਖਤਰਨਾਕ ਪੱਧਰ ’ਤੇ ਵਧ ਗਈਆਂ ਹਨ। ਮਨਾਲੀ ਦੇ ਨੇੜੇ ਬਿੰਦੂ ਢਾਂਕ ਨੇੜੇ ਹਾਈਵੇ ਦਾ ਇੱਕ ਵੱਡਾ ਹਿੱਸਾ ਬਿਆਸ ਦਰਿਆ ਵਿੱਚ ਰੁੜ੍ਹ ਗਿਆ, ਜਿਸ ਨਾਲ ਪ੍ਰਸਿੱਧ ਸੈਰ-ਸਪਾਟਾ ਸਥਾਨ ਨਾਲ ਸੜਕੀ ਸੰਪਰਕ ਬੁਰੀ ਤਰ੍ਹਾਂ ਪ੍ਰਭਾਵਤ ਹੋਇਆ ਹੈ। ਮਨਾਲੀ ਵਿੱਚ ਇੱਕ ਨਦੀ ਦੇ ਕਿਨਾਰੇ ਸਥਿਤ ਇੱਕ ਰੈਸਟੋਰੈਂਟ ਵੀ ਤੇਜ਼ ਵਗਦੇ ਪਾਣੀ ਨਾਲ ਰੁੜ੍ਹ ਗਿਆ।
ਜੰਮੂ ਡਵੀਜ਼ਨ ਵਿੱਚ ਲਗਭਗ ਸਾਰੀਆਂ ਨਦੀਆਂ ਅਤੇ ਨਾਲੇ ਖਤਰੇ ਦੇ ਨਿਸ਼ਾਨ ਤੋਂ ਉੱਪਰ ਜਾਂ ਨੇੜੇ ਵਹਿ ਰਹੇ ਹਨ। ਰਾਮਬਨ ਜ਼ਿਲ੍ਹੇ ਦੇ ਚੰਦਰਕੋਟ, ਕੇਲਾ ਮੋੜ ਅਤੇ ਬੈਟਰੀ ਚਸ਼ਮਾ ਵਿਖੇ ਪਹਾੜੀਆਂ ਤੋਂ ਪੱਥਰ ਡਿੱਗਣ ਤੋਂ ਬਾਅਦ 250 ਕਿਲੋਮੀਟਰ ਲੰਮੇ ਜੰਮੂ-ਸ੍ਰੀਨਗਰ ਕੌਮੀ ਸ਼ਾਹਰਾਹ ’ਤੇ ਆਵਾਜਾਈ ਇਹਤਿਆਤ ਵਜੋਂ ਮੁਅੱਤਲ ਕਰ ਦਿੱਤੀ ਗਈ ਹੈ।
ਵੈਸ਼ਨੋ ਦੇਵੀ ਦੇ ਰਾਹ ਵਿੱਚ ਪਹਾੜੀ ਖਿਸਕਣ ਨਾਲ 5 ਵਿਅਕਤੀਆਂ ਦੀ ਮੌਤ ਹੋ ਗਈ, ਜਦਕਿ 14 ਜ਼ਖਮੀ ਹੋ ਗਏ। ਡੋਡਾ ਜ਼ਿਲ੍ਹੇ ਵਿੱਚ ਵੀ ਮੀਂਹ ਕਾਰਨ ਵੱਖ-ਵੱਖ ਘਟਨਾਵਾਂ ਵਿੱਚ 4 ਲੋਕ ਮਾਰੇ ਗਏ ਹਨ।




