ਵਾਸ਼ਿੰਗਟਨ : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਬੁੱਧਵਾਰ ਦਾਅਵਾ ਕੀਤਾ ਕਿ ਉਨ੍ਹਾ ਖੁਦ ਦਖਲ ਦੇ ਕੇ ਪਾਕਿਸਤਾਨ ਤੇ ਭਾਰਤ ਨੂੰ ਜੰਗਬੰਦੀ ਲਈ ਮਜਬੂਰ ਕੀਤਾ। ਇਸ ਦਾਅਵੇ ਤੋਂ ਬਾਅਦ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਦੇ ਇਸ ਦਾਅਵੇ ’ਤੇ ਸਵਾਲੀਆ ਨਿਸ਼ਾਨ ਲੱਗ ਗਿਆ ਹੈ ਕਿ ਟਰੰਪ ਤੇ ਮੋਦੀ ਵਿਚਾਲੇ ਜੰਗਬੰਦੀ ਨੂੰ ਲੈ ਕੇ ਫੋਨ ’ਤੇ ਗੱਲ ਨਹੀਂ ਹੋਈ ਸੀ। ਪ੍ਰਧਾਨ ਮੰਤਰੀ ਮੋਦੀ ਨੇ ਖੁਦ ਸੰਸਦ ਵਿੱਚ ਕਿਹਾ ਸੀ ਕਿ ਕਿਸੇ ਆਗੂ ਨੇ ਉਨ੍ਹਾ ਨੂੰ ਅਪ੍ਰੇਸ਼ਨ ਸਿੰਧੂਰ ਰੋਕਣ ਲਈ ਨਹੀਂ ਕਿਹਾ।
ਟਰੰਪ ਨੇ ਪੱਤਰਕਾਰਾਂ ਨਾਲ ਗੱਲਬਾਤ ਵਿੱਚ ਕਿਹਾ, ‘ਮੈਂ ਇੱਕ ਭਿਆਨਕ ਵਿਅਕਤੀ ਨਰਿੰਦਰ ਮੋਦੀ ਨਾਲ ਗੱਲ ਕੀਤੀ।’ ਮੈਂ ਪੁੱਛਿਆ, ‘ਤੁਹਾਡੇ ਤੇ ਪਾਕਿਸਤਾਨ ਵਿਚਾਲੇ ਕੀ ਚੱਲ ਰਿਹਾ ਹੈ? ’ ਦੋਹਾਂ ਵਿਚਾਲੇ ਨਫਰਰ ਜ਼ਬਰਦਸਤ ਸੀ। ਇਹ ਟਕਰਾਅ ਲੰਮੇ ਸਮੇਂ ਤੋਂ ਚੱਲਿਆ ਆ ਰਿਹਾ ਹੈ, ਕਦੇ-ਕਦੇ ਵੱਖ-ਵੱਖ ਨਾਵਾਂ ਦੇ ਨਾਲ, ਸੈਂਕੜੇ ਸਾਲਾਂ ਤੋਂ। ਮੈਂ ਕਿਹਾ ਕਿ ਮੈਂ ਤੁਹਾਡੇ ਨਾਲ ਕੋਈ ਵਪਾਰਕ ਸੌਦਾ (ਟਰੇਡ ਡੀਲ) ਨਹੀਂ ਕਰਨੀ ਚਾਹੁੰਦਾ…ਤੁਸੀਂ ਪ੍ਰਮਾਣੂੰ ਜੰਗ ਵੱਲ ਵਧ ਰਹੇ ਹੋ। ਮੈਂ ਕਿਹਾਕੱਲ੍ਹ ਮੈਨੂੰ ਫੋਨ ਕਰਨਾ, ਪਰ ਅਸੀਂ ਤੁਹਾਡੇ ਨਾਲ ਕੋਈ ਸੌਦਾ ਨਹੀਂ ਕਰਾਂਗੇ, ਅਸੀਂ ਤੁਹਾਡੇ ’ਤੇ ਏਨੇ ਉੱਚੇ ਟੈਰਿਫ ਲਾਵਾਂਗੇ ਕਿ ਤੁਹਾਡਾ ਸਿਰ ਘੁੰਮ ਜਾਵੇਗਾ।’
ਟਰੰਪ ਨੇ ਅੱਗੇ ਕਿਹਾ, ‘ਮੋਦੀ ਨਾਲ ਉਨ੍ਹਾ ਦੀ ਗੱਲਬਾਤ ਦੇ ਪੰਜ ਘੰਟਿਆਂ ਦੇ ਅੰਦਰ ਸਮਝੌਤਾ ਹੋ ਗਿਆ। ਲਗਭਗ ਪੰਜ ਘੰਟਿਆਂ ਵਿੱਚ ਇਹ ਕੰਮ ਹੋ ਗਿਆ। ਹੁਣ ਸ਼ਾਇਦ ਇਹ ਫਿਰ ਸ਼ੁਰੂ ਹੋਵੇ। ਮੈਨੂੰ ਨਹੀਂ ਪਤਾ। ਮੈਨੂੰ ਨਹੀਂ ਲੱਗਦਾ ਕਿ ਅਜਿਹਾ ਹੋਵੇਗਾ, ਪਰ ਅਜਿਹਾ ਹੋਇਆ ਤਾਂ ਮੈਂ ਇਸ ਨੂੰ ਰੋਕ ਦੇਵਾਂਗਾ। ਸਾਨੂੰ ਅਜਿਹੀਆਂ ਚੀਜ਼ਾਂ ਨਹੀਂ ਹੋਣ ਦੇਣੀਆਂ ਚਾਹੀਦੀਆਂ।’
ਟਰੰਪ ਨੇ ਇਹ ਵੀ ਕਿਹਾ ਕਿ ਭਾਰਤ ਤੇ ਪਾਕਿਸਤਾਨ ਵਿਚਾਲੇ ਲੜਾਈ ਦੌਰਾਨ ਸੱਤ ਜੈੱਟ ਡੇਗੇ ਗਏ। ਹਾਲਾਂਕਿ ਉਨ੍ਹਾ ਇਹ ਨਹੀਂ ਦੱਸਿਆ ਕਿ ਜਹਾਜ਼ ਕਿਸਦੇ ਸਨ।
ਟਰੰਪ ਦੇ ਦਾਅਵੇ ਤੋਂ ਬਾਅਦ ਰਾਹੁਲ ਗਾਂਧੀ ਨੇ ਕਿਹਾ ਹੈ ਕਿ ਟਰੰਪ ਦੇ ਨਿਰਦੇਸ਼ਾਂ ਤੋਂ ਬਾਅਦ ਪ੍ਰਧਾਨ ਮੰਤਰੀ ਮੋਦੀ ਨੇ ਪਾਕਿਸਤਾਨ ਵਿੱਚ ਦਹਿਸ਼ਤਗਰਦਾਂ ਦੇ ਕੈਂਪਾਂ ’ਤੇ ਕਾਰਵਾਈ ਤੁਰੰਤ ਰੋਕ ਦਿੱਤੀ। ਰਾਹੁਲ ਨੇ ਬਿਹਾਰ ਵਿੱਚ ਵੋਟ ਅਧਿਕਾਰ ਯਾਤਰਾ ਦੌਰਾਨ ਇੱਕ ਰੈਲੀ ਵਿੱਚ ਕਿਹਾ ਕਿ ਟਰੰਪ ਨੇ ਕਿਹਾ ਕਿ ਉਨ੍ਹਾ ਮੋਦੀ ਨੂੰ ਕਿਹਾ ਕਿ ਉਹ ਜੋ ਕਰ ਰਹੇ ਹਨ, 24 ਘੰਟੇ ਵਿੱਚ ਬੰਦ ਕਰਨ ਅਤੇ ਮੋਦੀ ਨੇ 24 ਦੀ ਥਾਂ ਪੰਜ ਘੰਟਿਆਂ ਵਿੱਚ ਕਾਰਵਾਈ ਰੋਕ ਦਿੱਤੀ।




