ਬਠਿੰਡਾ (ਬਖਤੌਰ ਢਿੱਲੋਂ)
ਉੱਘੇ ਕਮਿਊਨਿਸਟ ਅਤੇ ਸਾਹਿਤਕਾਰ ਜਰਨੈਲ ਸਿੰਘ ਭਾਈ ਰੂਪਾ ਬੁੱਧਵਾਰ ਅਚਾਨਕ ਸਦੀਵੀ ਵਿਛੋੜਾ ਦੇ ਗਏ। ਆਪਣਾ ਸਾਰਾ ਜੀਵਨ ਉਹਨਾ ਖੱਬੀ ਲਹਿਰ ਦੇ ਲੇਖੇ ਲਾਇਆ, ਲੰਮਾ ਸਮਾਂ ਉਹ ਲੈਨਿਨ ਕਿਤਾਬ ਘਰ ਤੇ ਪੰਜਾਬ ਬੁੱਕ ਸੈਂਟਰ ਬਠਿੰਡਾ ਦੇ ਪ੍ਰਬੰਧਕ ਰਹੇ। ਭਾਈ ਰੂਪਾ ਪੰਜਾਬੀ ਸਾਹਿਤ ਸਭਾ ਬਠਿੰਡਾ ਦੇ ਵੀ ਮੁਢਲੇ ਮੈਂਬਰਾਂ ਵਿੱਚ ਸ਼ਾਮਲ ਸਨ ਅਤੇ ਹੁਣ ਸਭਾ ਦੀ ਖਜ਼ਾਨਚੀ ਵਜੋਂ ਸੇਵਾ ਨਿਭਾ ਰਹੇ ਸਨ। ਉਹਨਾ ਨੂੰ ਉੱਚ ਕੋਟੀ ਦੇ ਕਮਿਊਨਿਸਟਾਂ ਜੰਗੀਰ ਸਿੰਘ ਜੋਗਾ, ਤੇਜਾ ਸਿੰਘ ਸੁਤੰਤਰ, ਧਰਮ ਸਿੰਘ ਫੱਕਰ, ਭਾਨ ਸਿੰਘ ਭੌਰਾ, ਜੁਗਿੰਦਰ ਭਸੀਨ, ਬੂਟਾ ਸਿੰਘ, ਹਰਪਾਲ ਖੋਖਰ ਹੁਰਾਂ ਨਾਲ ਪਾਰਟੀ ਦਾ ਕੰਮ ਕਰਨ ਦਾ ਮੌਕਾ ਹਾਸਲ ਸੀ। ਉਹ ਆਪਣੇ ਪਿੱਛੇ ਪਤਨੀ, ਦੋ ਪੁੱਤਰ ਅਤੇ ਪੋਤੇ-ਪੋਤੀਆਂ ਛੱਡ ਗਏ ਹਨ। ਸੀ ਪੀ ਆਈ ਦੇ ਸਾਬਕਾ ਵਿਧਾਇਕ ਹਰਦੇਵ ਅਰਸ਼ੀ, ਜਿਲ੍ਹਾ ਸਕੱਤਰ ਬਲਕਰਨ ਸਿੰਘ ਅਤੇ ਪੰਜਾਬੀ ਸਾਹਿਤ ਸਭਾ ਬਠਿੰਡਾ ਦੇ ਪ੍ਰਧਾਨ ਜਸਪਾਲ ਮਾਨਖੇੜਾ ਨੇ ਭਾਈ ਰੂਪਾ ਦੀ ਮਿ੍ਰਤਕ ਦੇਹ ’ਤੇ ਲਾਲ ਝੰਡਾ ਪਾ ਕੇ ਉਹਨਾ ਦੇ ਖੱਬੀ ਲਹਿਰ ਅਤੇ ਸਾਹਿਤਕ ਖੇਤਰ ਵਿੱਚ ਪਾਏ ਯੋਗਦਾਨ ਪ੍ਰਤੀ ਸਤਿਕਾਰ ਭੇਟ ਕੀਤਾ। ਕਾਮਰੇਡ ਭਾਈ ਰੂਪਾ ਦੇ ਪੁੱਤਰਾਂ ਨੇ ਅਗਨੀ ਵਿਖਾ ਕੇ ਮਿ੍ਰਤਕ ਸਰੀਰ ਨੂੰ ਸਪੁਰਦ-ਏ-ਆਤਿਸ਼ ਕੀਤਾ। ਉਹਨਾ ਦੇ ਅੰਤਮ ਸਸਕਾਰ ਮੌਕੇ ਹਰਦੇਵ ਅਰਸ਼ੀ, ਬਲਕਰਨ ਸਿੰਘ, ਜਸਵੀਰ ਸਿੰਘ ਆਕਲੀਆ, ਬਜ਼ੁਰਗ ਕਮਿਊਨਿਸਟ ਰਾਮਜੀ ਦਾਸ ਬਾਘਲਾ, ਇਸਤਰੀ ਸਭਾ ਦੀ ਆਗੂ ਬੀਬੀ ਅੰਮਿ੍ਰਤਪਾਲ ਕੌਰ ਜੋਗਾ, ਸੀਨੀਅਰ ਪੱਤਰਕਾਰ ਬਖਤੌਰ ਢਿੱਲੋਂ, ਨਗਰ ਕੌਂਸਲਰ ਰਣਬੀਰ ਸਿੰਘ ਰਾਣਾ, ਟੀਚਰਜ਼ ਹੋਮ ਟਰੱਸਟ ਦੇ ਸਕੱਤਰ ਲਛਮਣ ਸਿੰਘ ਮਲੂਕਾ, ਸਾਹਿਤਕਾਰ ਜਸਪਾਲ ਮਾਨਖੇੜਾ, ਰਣਜੀਤ ਗੌਰਵ, ਗੋਪਾਲ ਸਿੰਘ, ਬਲਵਿੰਦਰ ਭੁੱਲਰ, ਜਸਪਾਲ ਜੱਸੀ, ਰਣਬੀਰ ਰਾਣਾ, ਦਮਜੀਤ ਦਰਸ਼ਨ, ਸੁਰਿੰਦਰਪ੍ਰੀਤ ਘਣੀਆ, ਰਵਿੰਦਰ ਸੰਧੂ, ਅਮਨ ਦਾਤੇਵਾਸੀਆ ਆਦਿ ਹਾਜ਼ਰ ਸਨ। ਭਾਈ ਰੂਪਾ ਦੇ ਅਕਾਲ ਚਲਾਣੇ ’ਤੇ ਦੁੱਖ ਪ੍ਰਗਟ ਕਰਦਿਆਂ ਸੀ ਪੀ ਆਈ ਐੱਮ ਦੇ ਜ਼ਿਲ੍ਹਾ ਸਕੱਤਰ ਸੁਖਮਿੰਦਰ ਸਿੰਘ ਬਾਠ, ਹਰਮਿੰਦਰ ਸਿੰਘ ਢਿੱਲੋਂ, ਸੀਟੂ ਆਗੂ ਬਲਕਾਰ ਸਿੰਘ, ਕਾਂਗਰਸ ਦੇ ਜਿਲ੍ਹਾ ਪ੍ਰਧਾਨ ਰਾਜਨ ਗਰਗ, ਮਹੀਂਪਾਲ, ਪੇਂਡੂ ਸਾਹਿਤ ਸਭਾ ਬਾਲਿਆਂਵਾਲੀ ਦੇ ਪ੍ਰਧਾਨ ਸੁਖਦਰਸ਼ਨ ਗਰਗ, ਸਮਾਜ ਸੇਵੀ ਗਿਆਨ ਚੰਦ ਬਾਂਸਲ, ਕਹਾਣੀਕਾਰ ਅਤਰਜੀਤ, ਉੱਘੇ ਆਲੋਚਕ ਗੁਰਦੇਵ ਖੋਖਰ ਨੇ ਦੁਖੀ ਪਰਵਾਰ ਨਾਲ ਹਮਦਰਦੀ ਦਾ ਪ੍ਰਗਟਾਵਾ ਕੀਤਾ।





