ਹੁਸ਼ਿਆਰਪੁਰ : ਬਾਬਾ ਸੋਹਣ ਸਿੰਘ ਭਕਨਾ ਦੀ ਯਾਦਗਾਰ ਤੋਂ ਚੱਲਿਆ ਜਥਾ ਤਰਨ ਤਾਰਨ, ਅੰਮਿ੍ਰਤਸਰ, ਗੁਰਦਾਸਪੁਰ, ਪਠਾਨਕੋਟ ਦੇ ਇਲਾਕਿਆਂ ਵਿੱਚ ਮੀਟਿੰਗਾਂ ਕਰਕੇ ਲੋਕਾਂ ਨੂੰ ਸੀ ਪੀ ਆਈ ਦੀ ਚੰਡੀਗੜ੍ਹ ’ਚ ਹੋ ਰਹੀ ਕੌਮੀ ਕਾਂਗਰਸ ਦੇ ਮਕਸਦ ਪ੍ਰਤੀ ਜਾਗਰੂਕ ਕਰਦਾ ਹੋਇਆ ਕਸਬਾ ਟਾਂਡਾ ਤੋਂ ਹੁਸ਼ਿਆਰਪੁਰ ਜ਼ਿਲ੍ਹੇ ਵਿੱਚ ਦਾਖਲ ਹੋ ਕੇ ਕਮਿਊਨਿਸਟਾਂ ਦੇ ਇਤਿਹਾਸਕ ਪਿੰਡ ਧੂਤ ਕਲਾਂ ਪਹੁੰਚਿਆ। ਹੁਸ਼ਿਆਰਪੁਰ ਜਥੇ ਦੀ ਅਗਵਾਈ ਸਾਧੂ ਸਿੰਘ ਭੱਟੀ, ਦੇਵ ਕੁਮਾਰ ਧੂਤ ਅਤੇ ਭੀਮ ਸੈਨ ਸਲੇਮਪੁਰ ਨੇ ਕੀਤੀ। ਧੂਤ ਕਲਾਂ ਮੀਟਿੰਗ ਸਰਪੰਚ ਗੁਰਦੇਵ ਕੌਰ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਵਿੱਚ ਮੁੱਖ ਤੌਰ ’ਤੇ ਸੰਤੋਖ ਸਿੰਘ ਰਾਣਾ, ਧਰਮਜੀਤ ਸਿੰਘ, ਹਰਬੰਸ ਸਿੰਘ, ਸੰਤੋਖ ਸਿੰਘ ਧੂਤ ਆਦਿ ਸਾਥੀ ਹਾਜ਼ਰ ਸਨ।
ਮੀਟਿੰਗ ਨੂੰ ਸੰਬੋਧਨ ਕਰਦਿਆਂ ਸੀ ਪੀ ਆਈ ਦੇ ਕੌਮੀ ਕੌਂਸਲ ਮੈਂਬਰ ਪਿਰਥੀਪਾਲ ਸਿੰਘ ਮਾੜੀਮੇਘਾ ਨੇ ਕਿਹਾ ਕਿ ਚੰਡੀਗੜ੍ਹ ਵਿੱਚ ਹੋ ਰਹੀ ਕਾਂਗਰਸ ਦੀ ਅਹਿਮ ਮਹੱਤਤਾ ਹੈ, ਕਿਉਕਿ ਕੌਮਾਂਤਰੀ, ਕੌਮੀ ਤੇ ਸੂਬਾਈ ਹਾਲਾਤ ਸਾਧਾਰਨ ਮਨੁੱਖ ਦੇ ਵਿਰੁੱਧ ਹਨ। ਜਵਾਨੀ ਨੂੰ ਰੁਜ਼ਗਾਰ ਨਹੀਂ ਮਿਲ ਰਿਹਾ। ਜਵਾਨੀ ਨੂੰ ਅਮਰੀਕਾ ਨੇ ਨੂੜ ਕੇ ਹਿੰਦੁਸਤਾਨ ਵਾਪਸ ਭੇਜਿਆ ਹੈ।ਕੌਮੀ ਪੱਧਰ ’ਤੇ ਮੋਦੀ ਸਰਕਾਰ ਲੋਕਾਂ ਦਾ ਧਿਆਨ ਬੜੇ ਯੋਜਨਾਬੱਧ ਢੰਗ ਨਾਲ ਮਹਿੰਗਾਈ, ਬੇਰੁਜ਼ਗਾਰੀ ਅਤੇ ਗਰੀਬੀ ਵਾਲੇ ਪਾਸਿਉ ਹਟਾ ਰਹੀ ਹੈ।ਜਮਹੂਰੀਅਤ ਦਾ ਕਤਲ ਕਰਨ ਦੇ ਬਾਰੇ ਲਿਖਣ ਤੇ ਬੋਲਣ ਵਾਲਿਆਂ ਨੂੰ ਜੇਲ੍ਹ ਦੀਆਂ ਕਾਲ ਕੋਠੜੀਆਂ ਵਿੱਚ ਬੰਦ ਕੀਤਾ ਹੋਇਆ ਅਤੇ ਇਹ ਅੱਗੇ ਵੀ ਜਾਰੀ ਹੈ। ਕੇਂਦਰ ਸਰਕਾਰ ਨਰੇਗਾ ਕਾਨੂੰਨ ਨੂੰ ਖ਼ਤਮ ਕਰਨ ਦੇ ਰਾਹ ਤੁਰੀ ਹੈ। ਲਗਾਤਾਰ ਨਰੇਗਾ ਦਾ ਸਾਲਾਨਾ ਬਜਟ ਘਟਾਇਆ ਜਾ ਰਿਹਾ ਹੈ।ਇਸੇ ਤਰ੍ਹਾਂ ਕੇਂਦਰੀ ਹਕੂਮਤ ਰਾਸ਼ਨ ਕਾਰਡ ਰਾਹੀਂ ਲੋਕਾਂ ਨੂੰ ਮਿਲਦੀ ਰਾਸ਼ਨ ਦੀ ਸਹੂਲਤ ਬੰਦ ਕਰਨ ਦੀ ਨੀਅਤ ਧਾਰੀ ਬੈਠੀ ਹੈ। ਮਾੜੀਮੇਘਾ ਨੇ ਕਿਹਾ ਕਿ ਪੰਜਾਬ ਸਰਕਾਰ ਲੋਕਾਂ ਨੇ ਕਾਂਗਰਸ ਅਤੇ ਅਕਾਲੀ ਦਲ ਦੇ ਬਦਲ ਵਜੋਂ ਬੜੇ ਚਾਵਾਂ ਨਾਲ ਬਣਾਈ ਸੀ, ਪਰ ਇਹ ਵੀ ਹੁਣ ਝੂਠੇ ਵਾਅਦਿਆਂ ਵਾਲੀ ਸਾਬਤ ਹੋਈ ਹੈ।ਮਾਹਿਲਪੁਰ ਵਿਖੇ ਪ੍ਰੋਗਰਾਮ ਕਰਨ ਤੋਂ ਬਾਅਦ ਜਥਾ ਸ਼ਹੀਦ ਦਰਸ਼ਨ ਸਿੰਘ ਕੈਨੇਡੀਅਨ ਦੇ ਪਿੰਡ ਜਾ ਕੇ ਉਸ ਮਹਾਨ ਤੇ ਲੋਕ-ਪੱਖੀ ਮਨੁੱਖ ਦੀ ਧਰਤੀ ਨੂੰ ਸਿਜਦਾ ਕਰਕੇ ਆਇਆ। ਮੀਟਿੰਗ ਨੂੰ ਸੰਬੋਧਨ ਕਰਦਿਆਂ ਮਾੜੀਮੇਘਾ ਨੇ ਕਿਹਾ ਕਿ ਹੁਸ਼ਿਆਰਪੁਰ ਜ਼ਿਲ੍ਹਾ ਬਹੁਤ ਮਹਾਨ ਹੈ ਅਤੇ ਇਥੋਂ ਦੇ ਨਿਵਾਸੀਆਂ ਨੇ ਦੇਸ਼ ਦੀ ਆਜ਼ਾਦੀ ਅਤੇ ਆਜ਼ਾਦੀ ਤੋਂ ਬਾਅਦ ਹਿੰਦੁਸਤਾਨ ਦੇ ਆਵਾਮ ਨੂੰ ਖੁਸ਼ਹਾਲ ਬਣਾਉਣ ਲਈ ਸਿਰੜੀ ਘੋਲ ਲੜੇ ਹਨ।ਇਨ੍ਹਾਂ ਸੰਗਰਾਮੀਆਂ ਵਿੱਚ ਕਾਮਰੇਡ ਦਰਸ਼ਨ ਸਿੰਘ ਕੈਨੇਡੀਅਨ ਅਤੇ ਮਾਸਟਰ ਹਰੀ ਸਿੰਘ ਧੂਤ ਸਿਤਾਰੇ ਵਾਂਗੂੰ ਚਮਕਦੇ ਹਨ।ਇਸ ਜਥੇ ਨੇ ਗੜਸ਼ੰਕਰ ਦੇ ਨਜ਼ਦੀਕ ਕਸਬਾ ਰੂਪੀ ਅੱਡਾ ਸਤਨੌਰ ਵਿਖੇ ਪ੍ਰੋਗਰਾਮ ਕੀਤਾ।ਸੰਬੋਧਨ ਕਰਦਿਆਂ ਮਾੜੀਮੇਘਾ ਨੇ ਕਿਹਾ ਕਿ ਦੁਆਬੇ ਦੇ ਲੋਕਾਂ ਦੇ ਵਿਦੇਸ਼ਾਂ ਵਿੱਚ ਜਾ ਕੇ ਕਿਰਤ ਕਰਨ ਦਾ ਕਾਰਨ ਇਹ ਹੈ ਕਿ ਦੇਸ਼ ਦੀ ਆਜ਼ਾਦੀ ਤੋਂ ਬਾਅਦ ਸਰਮਾਏਦਾਰ ਹਕੂਮਤਾਂ ਜਵਾਨੀ ਨੂੰ ਰੁਜ਼ਗਾਰ ਦੇਣ ਵਿੱਚ ਨਾਕਾਮ ਸਾਬਤ ਹੋਈਆਂ ਹਨ।ਜੇ ਹਿੰਦੁਸਤਾਨ ਵਿੱਚ ਭਗਤ ਸਿੰਘ ਕੌਮੀ ਰੁਜ਼ਗਾਰ ਗਰੰਟੀ ਕਾਨੂੰਨ ਪਾਰਲੀਮੈਂਟ ਵਿੱਚ ਪਾਸ ਕਰਕੇ ਲਾਗੂ ਕੀਤਾ ਜਾਵੇ ਤਾਂ ਦੇਸ਼ ਦੇ ਹਰੇਕ ਨੌਜਵਾਨ ਨੂੰ ਰੁਜ਼ਗਾਰ ਮਿਲ ਸਕਦਾ ਹੈ।ਦੇਸ਼ ਵਿੱਚ ਕੰਮ ਦੀ ਕੋਈ ਘਾਟ ਨਹੀਂ। ਸਾਡੇ ਦੇਸ਼ ਦੇ ਬੱਚਿਆਂ ਦੀ ਪੜ੍ਹਾਈ ਲਈ ਅਧਿਆਪਕਾਂ ਦੀ ਅਤੀ ਜ਼ਰੂਰਤ ਹੈ। ਇਲਾਜ ਲਈ ਡਾਕਟਰ ਚਾਹੀਦੇ ਹਨ। ਗਰੀਬਾਂ ਨੂੰ ਘਰ ਬਣਾ ਕੇ ਦੇਣ ਦੀ ਲੋੜ ਹੈ ਪ੍ਰੋਗਰਾਮ ਵਿੱਚ ਸਾਧੂ ਸਿੰਘ ਭੱਟੀ ਤੇ ਭੀਮ ਸੈਨ ਸਲੇਮਪੁਰ ਨੇ ਵੀ ਵਿਚਾਰ ਰੱਖੇ। ਇਸ ਮੌਕੇ ਸੁਖਦੇਵ ਸਿੰਘ ਰਾਣਾ ਰਾਮਪੁਰ ਤੇ ਬਿਸ਼ਨੂ ਵੀ ਮੌਜੂਦ ਸਨ।





