ਚੰਡੀਗੜ੍ਹ : ਪਾਕਿਸਤਾਨ ਵਿੱਚ ਰਾਵੀ ਦਰਿਆ ਵਿੱਚ ਛੱਡੇ ਗਏ ਪਾਣੀ ਕਾਰਨ ਗੁਰਦੁਆਰਾ ਦਰਬਾਰ ਸਾਹਿਬ ਕਰਤਾਰਪੁਰ ਦਾ ਵੱਡਾ ਹਿੱਸਾ ਡੁੱਬ ਗਿਆ ਹੈ। ਦਰਬਾਰ ਸਾਹਿਬ ਦੀਆਂ ਮੁੱਖ ਪੌੜੀਆਂ ਦੀਆਂ ਚਾਰ ਪੌੜੀਆਂ ਪਾਣੀ ਵਿੱਚ ਡੁੱਬ ਗਈਆਂ ਹਨ ਅਤੇ ਪਾਣੀ ਦਾ ਪੱਧਰ ਲਗਾਤਾਰ ਵਧ ਰਿਹਾ ਹੈ।
ਬਾਹਰ ਸਥਿਤ ਮਜ਼ਾਰ ਪੂਰੀ ਤਰ੍ਹਾਂ ਡੁੱਬ ਚੁੱਕੀ ਹੈ, ਜਦੋਂ ਕਿ ਜ਼ਮੀਨੀ ਮੰਜ਼ਲ ’ਤੇ ਬਣੀ ਸਮਾਧ ਵੀ ਪਾਣੀ ਵਿੱਚ ਡੁੱਬ ਗਈ ਹੈ। ਹਾਲਾਂਕਿ ਰਾਹਤ ਦੀ ਗੱਲ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਸਰੂਪ ਸੁਰੱਖਿਅਤ ਹਨ, ਜਿਨ੍ਹਾਂ ਨੂੰ ਉੱਪਰਲੀ ਮੰਜ਼ਲ ’ਤੇ ਰੱਖਿਆ ਗਿਆ ਹੈ। ਪਾਕਿਸਤਾਨੀ ਸ਼ਰਧਾਲੂਆਂ ਅਤੇ ਸੇਵਾਦਾਰਾਂ ਨੂੰ ਕੱਢਣ ਲਈ ਯਤਨ ਜਾਰੀ ਹਨ।
ਰਾਵੀ ਤੇ ਬਿਆਸ ਦੇ ਨਾਲ-ਨਾਲ ਸਤਲੁਜ ਦਰਿਆ ਨੇ ਪੰਜਾਬ ਦੇ ਸੱਤ ਜ਼ਿਲ੍ਹਿਆਂ ਨੂੰ ਆਪਣੀ ਲਪੇਟ ਵਿੱਚ ਲੈ ਲਿਆ ਹੈ, ਜਦੋਂ ਕਿ ਹੋਰਨਾਂ ’ਤੇ ਸੰਕਟ ਬਣਿਆ ਹੋਇਆ ਹੈ। ਸੱਤ ਜ਼ਿਲ੍ਹਿਆਂ ਵਿੱਚ ਸੈਂਕੜੇ ਪਿੰਡਾਂ ਦੇ ਹਜ਼ਾਰਾਂ ਲੋਕ ਬੇਘਰ ਹੋ ਗਏ ਹਨ ਤੇ ਹਜ਼ਾਰਾਂ ਏਕੜ ਫਸਲ ਡੁੱਬ ਗਈ ਹੈ। ਰਣਜੀਤ ਸਾਗਰ ਡੈਮ ਵਿੱਚ ਪਾਣੀ ਦਾ ਪੱਧਰ 527.91 ਮੀਟਰ ਦੇ ਖਤਰੇ ਦੇ ਨਿਸ਼ਾਨ ਨੂੰ ਪਾਰ ਕਰ ਗਿਆ ਹੈ, ਇਸ ਲਈ ਡੈਮ ਤੋਂ ਪਾਣੀ ਛੱਡਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਭਾਖੜਾ ਅਤੇ ਪੌਂਗ ਡੈਮ ਤੋਂ ਵੀ ਪਾਣੀ ਛੱਡਿਆ ਜਾ ਰਿਹਾ ਹੈ।





