ਅੰਮਿ੍ਰਤਸਰ (ਜਸਬੀਰ ਸਿੰਘ ਪੱਟੀ)
ਥਾਣਾ ਬੀ ਡਿਵੀਜ਼ਨ ਦੇ ਇਲਾਕੇ ਕੋਟ ਮਾਹਣਾ ਸਿੰਘ ਨੇੜੇ ਸ੍ਰੀ ਦਰਬਾਰ ਸਾਹਿਬ ਨੂੰ ਜਾਂਦੇ ਰਸਤੇ ’ਤੇ ਇਕ ਬੀੜੀ ਪੀਂਦੇ ਜਾ ਰਹੇ ਨੌਜਵਾਨ ਦਾ ਨਿਹੰਗ ਸਿੰਘ ਬਾਣੇ ਦੇ ਭੇਸ ’ਚ 3 ਨੌਜਵਾਨਾਂ ਵਲੋਂ ਕਤਲ ਕਰ ਦਿੱਤਾ ਗਿਆ ਹੈ। ਮਿ੍ਰਤਕ ਦੀ ਸ਼ਨਾਖਤ ਹਰਮਨਜੀਤ ਸਿੰਘ (30 ਸਾਲ) ਵਾਸੀ ਪਿੰਡ ਚਾਟੀਵਿੰਡ ਵਜੋਂ ਹੋਈ ਹੈ। ਘਟਨਾ ਦੀ ਪੁਸ਼ਟੀ ਕਰਦਿਆਂ ਇੰਸਪੈਕਟਰ ਹਰਸੰਦੀਪ ਸਿੰਘ ਨੇ ਦੱਸਿਆ ਕਿ ਮੁੱਕਦਮਾ ਨੰਬਰ 291 ਮਿਤੀ 08-9-2022 ਜੁਰਮ 302,34 ਭ:ਦ, ਥਾਣਾ ਬੀ-ਡਵੀਜ਼ਨ, ਅੰਮਿ੍ਰਤਸਰ ਵਿਖੇ ਦਰਜ ਕਰਕੇ ਇੱਕ ਵਿਅਕਤੀ ਰਮਨਦੀਪ ਸਿੰਘ ਪੁੱਤਰ ਜਗਤਾਰ ਸਿੰਘ ਵਾਸੀ ਨਿੱਕਾ ਸਿੰਘ ਕਲੋਨੀ ਨੂੰ ਗਿ੍ਰਫਤਾਰ ਕਰ ਲਿਆ ਗਿਆ ਹੈ ਜਦ ਕਿ ਦੂਜਿਆਂ ਦੀ ਭਾਲ ਜਾਰੀ ਹੈ।
ਜ਼ਿਲ੍ਹਾ ਪੁਲਸ ਮੁੱਖੀ ਅਰੁਣਪਾਲ ਸਿੰਘ ਨੇ ਦੱਸਿਆ ਕਿ ਮੁਕੱਦਮਾ ਮਿ੍ਰਤਕ ਦੇ ਪਿਤਾ ਬਲਵਿੰਦਰ ਸਿੰਘ ਵਾਸੀ ਚਾਟੀਵਿੰਡ, ਅੰਮਿ੍ਰਤਸਰ, ਜੋ ਕਿ ਸ਼ੈਲਰ ’ਤੇ ਸਕਿਉਰਟੀ ਗਾਰਡ ਵਜੋਂ ਕੰਮ ਕਰਦਾ ਹੈ, ਦੇ ਬਿਆਨ ’ਤੇ ਦਰਜ ਕੀਤਾ ਗਿਆ ਹੈ। ਉਸ ਨੇ ਦੱਸਿਆ ਕਿ ਬੁੱਧਵਾਰ ਕਰੀਬ 10:30 ਵਜੇ ਰਾਤ ਉਹ ਆਪਣੇ ਨਵੇਂ ਬਣ ਰਹੇ ਮਕਾਨ ਵਿੱਚ ਸੀ ਕਿ ਉਸਦਾ ਲੜਕਾ ਹਰਮਨਜੀਤ ਸਿੰਘ ਉਰਫ ਮਨੀ, ਉਸਦੇ ਕੋਲ ਆਇਆ, ਜਿਸ ਨੂੰ ਕਿਸੇ ਵਿਅਕਤੀ ਦਾ ਫੋਨ ਆਇਆ ਤਾਂ ਉਸਦਾ ਲੜਕਾ ਮੋਬਾਇਲ ’ਤੇ ਗੱਲਾਂ ਕਰਦਾ-ਕਰਦਾ ਕਹਿਣ ਲੱਗਾ ਕਿ ਉਹ ਸ਼੍ਰੀ ਦਰਬਾਰ ਸਾਹਿਬ ਵਿੱਖੇ ਮੱਥਾ ਟੇਕਣ ਜਾ ਰਿਹਾ ਹੈ ਸਵੇਰੇ ਤੜਕੇ ਵਾਪਸ ਆ ਜਾਵੇਗਾ। ਬਲਵਿੰਦਰ ਸਿੰਘ ਸਵੇਰੇ ਜਦੋਂ ਡਿਊਟੀ ਤੋਂ ਘਰ ਆਇਆ ਤਾਂ ਉਸਨੇ ਆਪਣੀ ਪਤਨੀ ਨੂੰ ਪੁੱਛਿਆ ਕਿ ਹਰਮਨਜੀਤ ਸਿੰਘ ਘਰ ਵਾਪਸ ਨਹੀ ਆਇਆ ਤਾਂ ਉਸਦੀ ਪਤਨੀ ਨੇ ਕਿਹਾ ਕਿ ਨਹੀਂ ਆਇਆ। ਜਦੋਂ ਮੁਦੱਈ, ਆਪਣੇ ਭਰਾ ਹਰਪ੍ਰੀਤ ਸਿੰਘ ਨਾਲ ਆਪਣੇ ਲੜਕੇ ਦੀ ਭਾਲ ਕਰਨ ਲਈ ਸ੍ਰੀ ਦਰਬਾਰ ਸਾਹਿਬ ਆਇਆ ਤਾਂ ਹੋਟਲ ਰੋਇਲ ਇੰਨ ਕੋਲ ਪੁੱਜਾ ਤਾਂ ਹੋਟਲ ਦੇ ਸਾਹਮਣੇ ਉਸਦੇ ਲੜਕੇ ਦਾ ਮੋਟਰਸਾਈਕਲ ਨੰਬਰ ਪੀ.ਬੀ.02 ਡੀ-ਪੀ 0782 ਖੜ੍ਹਾ ਸੀ ਤੇ ਜਦੋਂ ਉਸਨੇ ਆਪਣੇ ਲੜਕੇ ਦੇ ਮੋਟਰਸਾਈਕਲ ਦੀ ਪਹਿਚਾਣ ਕੀਤੀ ਤਾਂ ਹੋਟਲ ਗਾਡ ਗਿਫਟ ਦੇ ਬਾਹਰ ਉਸਦੇ ਲੜਕੇ ਦੀ ਲਾਸ਼ ਪਈ ਸੀ। ਸਾਰੀ ਰਾਤ ਲਾਸ਼ ਸੜਕ ’ਤੇ ਪਈ ਰਹੀ ਪਰ ਪੁਲਸ ਘੂਕ ਸੁੱਤੀ ਰਹੀ। ਕੁਝ ਲੋਕਾਂ ਕੋਲੋਂ ਜਾਣਕਾਰੀ ਮਿਲੀ ਹੈ ਕਿ ਹਰਮਨਜੀਤ ਸਿੰਘ ਬੀੜੀ ਪੀਂਦਾ ਹੋਇਆ ਬਾਹਰ ਨਿਕਲਿਆ ਤਾਂ ਨਿਹੰਗਾਂ ਨੇ ਉਸ ਨੂੰ ਰੋਕਿਆ ਪਰ ਉਹ ਨਹੀਂ ਰੁਕਿਆ ਤਾਂ ਨਿਹੰਗਾਂ ਦੇ ਭੇਸ ਵਿੱਚ ਤਿੰਨ ਵਿਅਕਤੀਆਂ ਨੇ ਉਸ ਉਪਰ ਤੇਜ਼ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਤੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਪੁਲਸ ਵੱਲੋਂ ਇਸ ਮਾਮਲੇ ’ਚ ਰਮਨਦੀਪ ਸਿੰਘ ਪੁੱਤਰ ਜਗਤਾਰ ਸਿੰਘ ਵਾਸੀ ਨਿੱਕਾ ਸਿੰਘ ਕਲੋਨੀ, ਅੰਮਿ੍ਰਤਸਰ ਨੂੰ ਕਾਬੂ ਕਰਕੇ ਬਾਰੀਕੀ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ।