ਬੀਜਿੰਗ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸੱਤ ਸਾਲ ਬਾਅਦ ਚੀਨ ਦੀ ਯਾਤਰਾ ’ਤੇ ਸਨਿੱਚਰਵਾਰ ਤਿਆਨਜਿਨ ਪੁੱਜੇ। ਉਹ ਸ਼ੰਘਾਈ ਸਹਿਯੋਗ ਸੰਗਠਨ ਦੇ ਸਿਖਰ ਸੰਮੇਲਨ ਵਿੱਚ ਹਿੱਸਾ ਲੈਣ ਦੇ ਇਲਾਵਾ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨਾਲ ਦੁਵੱਲੀ ਗੱਲਬਾਤ ਵੀ ਕਰਨਗੇ। ਅਮਰੀਕੀ ਰਾਸ਼ਟਰਪਤੀ ਟਰੰਪ ਵੱਲੋਂ ਲਾਏ ਗਏ ਵੱਡੇ ਟੈਰਿਫ ਦਰਮਿਆਨ ਚੀਨ ਨਾਲ ਵਪਾਰਕ ਸੰਬੰਧ ਵਧਾਉਣ ਦੇ ਸੰਦਰਭ ਵਿੱਚ ਇਹ ਮੀਟਿੰਗ ਅਹਿਮ ਹੋਵੇਗੀ। ਉਹ ਪਹਿਲੀ ਸਤੰਬਰ ਤੱਕ ਚੀਨ ਵਿੱਚ ਰਹਿਣਗੇ। ਚੀਨ ਪੁੱਜਣ ਤੋਂ ਪਹਿਲਾਂ ਮੋਦੀ ਨੇ ਟੋਕੀਓ ਵਿੱਚ 16 ਜਾਪਾਨੀ ਪ੍ਰੀਫੈਕਚਰ ਦੇ ਗਵਰਨਰਾਂ ਨਾਲ ਮੁਲਾਕਾਤ ਕੀਤੀ ਅਤੇ ਭਾਰਤ-ਜਾਪਾਨ ਵਿਸ਼ੇਸ਼ ਰਣਨੀਤਕ ਅਤੇ ਆਲਮੀ ਭਾਈਵਾਲੀ ਤਹਿਤ ਸਹਿਯੋਗ ਨੂੰ ਮਜ਼ਬੂਤ ਕਰਨ ਦਾ ਸੱਦਾ ਦਿੱਤਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐੱਕਸ ’ਤੇ ਇੱਕ ਪੋਸਟ ਵਿੱਚ ਕਿਹਾ, ‘ਅੱਜ ਸਵੇਰੇ ਟੋਕੀਓ ਵਿੱਚ ਜਾਪਾਨ ਦੇ 16 ਪ੍ਰੀਫੈਕਚਰ ਦੇ ਗਵਰਨਰਾਂ ਨਾਲ ਗੱਲਬਾਤ ਕੀਤੀ। ਸਹਿਯੋਗ ਭਾਰਤ-ਜਾਪਾਨ ਦੋਸਤੀ ਦਾ ਇੱਕ ਮਹੱਤਵਪੂਰਨ ਥੰਮ੍ਹ ਹੈ। ਇਹੀ ਕਾਰਨ ਹੈ ਕਿ ਬੀਤੇ ਦਿਨ 15ਵੇਂ ਸਾਲਾਨਾ ਭਾਰਤ-ਜਾਪਾਨ ਸੰਮੇਲਨ ਦੌਰਾਨ ਇਸ ’ਤੇ ਇੱਕ ਵੱਖਰੀ ਪਹਿਲਕਦਮੀ ਸ਼ੁਰੂ ਕੀਤੀ ਗਈ ਸੀ।’ ਉਨ੍ਹਾ ਕਿਹਾ, ‘ਵਪਾਰ, ਨਵੀਨਤਾ, ਉੱਦਮਤਾ ਅਤੇ ਹੋਰ ਬਹੁਤ ਸਾਰੇ ਖੇਤਰਾਂ ਵਿੱਚ ਸਹਿਯੋਗ ਕਰਨ ਦੀ ਬਹੁਤ ਸੰਭਾਵਨਾ ਹੈ। ਪ੍ਰਧਾਨ ਮੰਤਰੀ ਨੇ ਜਾਪਾਨੀ ਰਾਜਪਾਲਾਂ ਅਤੇ ਭਾਰਤੀ ਰਾਜ ਸਰਕਾਰਾਂ ਨੂੰ ਨਿਰਮਾਣ, ਗਤੀਸ਼ੀਲਤਾ, ਅਗਲੀ ਪੀੜ੍ਹੀ ਦੇ ਬੁਨਿਆਦੀ ਢਾਂਚੇ, ਨਵੀਨਤਾ, ਸਟਾਰਟ-ਅੱਪ ਅਤੇ ਛੋਟੇ ਕਾਰੋਬਾਰਾਂ ਵਿੱਚ ਮਜ਼ਬੂਤ ਸਹਿਯੋਗ ਬਣਾਉਣ ਦੀ ਅਪੀਲ ਕੀਤੀ। ਉਨ੍ਹਾ ਨੌਜਵਾਨਾਂ ਅਤੇ ਹੁਨਰ ਦੇ ਆਦਾਨ-ਪ੍ਰਦਾਨ ਵਿੱਚ ਸਾਂਝੇ ਯਤਨਾਂ ਅਤੇ ਭਾਰਤੀ ਪ੍ਰਤਿਭਾ ਨਾਲ ਜਾਪਾਨੀ ਤਕਨਾਲੋਜੀ ਨੂੰ ਅਨੁਕੂਲ ਢੰਗ ਨਾਲ ਜੋੜਨ ਦਾ ਸੱਦਾ ਵੀ ਦਿੱਤਾ।




