ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲਗਾਤਾਰ ਪੈ ਰਹੇ ਮੀਂਹ ਕਰ ਕੇ ਜ਼ਮੀਨ ਖਿਸਕਣ ਅਤੇ ਹੜ੍ਹਾਂ ਕਾਰਨ ਹੋਈ ਤਬਾਹੀ ’ਤੇ ਦੁੱਖ ਜਤਾਉਂਦਿਆਂ ਐਤਵਾਰ ਕਿਹਾ ਕਿ ਕੁਦਰਤੀ ਆਫਤਾਂ ਦੇਸ਼ ਨੂੰ ਪਰਖ ਰਹੀਆਂ ਹਨ। ‘ਮਨ ਕੀ ਬਾਤ’ ਪ੍ਰੋਗਰਾਮ ਦੇ 125ਵੇਂ ਐਪੀਸੋਡ ਵਿੱਚ ਮੋਦੀ ਨੇ ਕਿਹਾ ਕਿ ਵਿਨਾਸ਼ਕਾਰੀ ਕੁਦਰਤੀ ਆਫਤਾਂ ਦਰਮਿਆਨ ਜੰਮੂ-ਕਸ਼ਮੀਰ ਨੇ ਦੋ ਬਹੁਤ ਹੀ ਖਾਸ ਪ੍ਰਾਪਤੀਆਂ ਹਾਸਲ ਕੀਤੀਆਂ ਹਨ। ਉਨ੍ਹਾ ਕਿਹਾ, ‘‘ਇਨ੍ਹਾਂ ਵੱਲ ਬਹੁਤਾ ਧਿਆਨ ਨਹੀਂ ਦਿੱਤਾ ਗਿਆ, ਪਰ ਤੁਹਾਨੂੰ ਇਨ੍ਹਾਂ ਪ੍ਰਾਪਤੀਆਂ ਬਾਰੇ ਜਾਣ ਕੇ ਖੁਸ਼ੀ ਹੋਵੇਗੀ। ਪੁਲਵਾਮਾ ਦੇ ਇੱਕ ਸਟੇਡੀਅਮ ਵਿੱਚ ਰਿਕਾਰਡ ਗਿਣਤੀ ਵਿੱਚ ਲੋਕ ਇਕੱਠੇ ਹੋਏ। ਪੁਲਵਾਮਾ ਦਾ ਪਹਿਲਾ ਡੇਅ-ਨਾਈਟ ਕਿ੍ਰਕਟ ਮੈਚ ਇੱਥੇ ਖੇਡਿਆ ਗਿਆ ਸੀ। ਪਹਿਲਾਂ ਇਹ ਅਸੰਭਵ ਸੀ, ਪਰ ਹੁਣ ਮੇਰਾ ਦੇਸ਼ ਬਦਲ ਰਿਹਾ ਹੈ। ਦੂਜਾ ਸਮਾਗਮ ਜਿਸ ਨੇ ਧਿਆਨ ਖਿੱਚਿਆ ਉਹ ਦੇਸ਼ ਦਾ ਪਹਿਲਾ ‘ਖੇਲੋ ਇੰਡੀਆ ਵਾਟਰ ਸਪੋਰਟਸ ਫੈਸਟੀਵਲ’ ਸੀ, ਜੋ ਸ੍ਰੀਨਗਰ ਦੀ ਡੱਲ ਝੀਲ ’ਤੇ ਆਯੋਜਿਤ ਕੀਤਾ ਗਿਆ ਸੀ।’’




