ਤਿਆਨਜਿਨ : ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਸ਼ੰਘਾਈ ਸਹਿਯੋਗ ਸੰਗਠਨ (ਐੱਸ ਸੀ ਓ) ਦੇ ਮੈਂਬਰ ਮੁਲਕਾਂ ਨੂੰ ਵਿਕਾਸ ਬੈਂਕ ਦੀ ਸਥਾਪਨਾ ਦਾ ਕੰਮ ਤੇਜ਼ੀ ਨਾਲ ਨੇਪਰੇ ਚਾੜ੍ਹਨ ਦੀ ਅਪੀਲ ਕੀਤੀ ਹੈ।
ਚੀਨ ਬਿ੍ਰਕਸ ਦੀ ਨਿਊ ਡਿਵੈਲਪਮੈਂਟ ਬੈਂਕ ਅਤੇ ਏਸ਼ੀਅਨ ਇਨਵੈਸਟਮੈਂਟ ਇੰਫਰਾਸਟ੍ਰਕਚਰ ਬੈਂਕ ਦੀ ਤਰਜ਼ ’ਤੇ ਵਿਕਾਸ ਬੈਂਕ ਬਣਾਉਣ ਦੀ ਵਕਾਲਤ ਕਰ ਰਿਹਾ ਹੈ। ਚੀਨ ਅਧਾਰਤ ਦੋਵੇਂ ਬੈਂਕਾਂ, ਵਿਸ਼ਵ ਬੈਂਕ ਅਤੇ ਏਸ਼ੀਅਨ ਡਿਵੈਲਪਮੈਂਟ ਬੈਂਕ ਨੂੰ ਟੱਕਰ ਦੇ ਰਹੀਆਂ ਹਨ। ਸ਼ੀ ਨੇ ਕਿਹਾ ਹੈ ਕਿ ਐੱਸ ਸੀ ਓ ਦੁਨੀਆ ਦੇ ਸਭ ਤੋਂ ਵੱਡੇ ਖੇਤਰੀ ਸੰਗਠਨ ’ਚ ਬਦਲ ਗਿਆ ਹੈ, ਜਿਸ ’ਚ 26 ਮੁਲਕਾਂ ਦੀ ਸ਼ਮੂਲੀਅਤ ਹੋ ਗਈ ਹੈ। ਉਨ੍ਹਾ ਕਿਹਾ ਕਿ ਸਾਂਝੇ ਤੌਰ ’ਤੇ ਕਰੀਬ 30 ਖਰਬ ਡਾਲਰ ਦੀ ਆਰਥਿਕਤਾ ਇਕ ਮੰਚ ’ਤੇ ਹੈ। ਸ਼ੀ ਨੇ ਐਂਟੀ ਡਰੱਗ ਸੈਂਟਰ ਤੇ ਸੁਰੱਖਿਆ ਧਮਕੀਆਂ ਤੇ ਚੁਣੌਤੀਆਂ ਦੇ ਟਾਕਰੇ ਲਈ ਯੂਨੀਵਰਸਲ ਸੈਂਟਰ ਵਰਤਣ ਦੀ ਵੀ ਅਪੀਲ ਕੀਤੀ। ਚੀਨ ਲੋੜਵੰਦ ਮੈਂਬਰ ਮੁਲਕਾਂ ’ਚ 100 ‘ਛੋਟੇ ਅਤੇ ਸੁੰਦਰ’ ਰੋਜ਼ੀ-ਰੋਟੀ ਸੰਬੰਧੀ ਪ੍ਰਾਜੈਕਟ ਲਾਗੂ ਕਰਨ ਦੀ ਯੋਜਨਾ ਬਣਾ ਰਿਹਾ ਹੈ। ਇਸ ਸੰਬੰਧੀ ਮੈਂਬਰ ਬੈਂਕਾਂ ਨੂੰ ਦੋ ਅਰਬ ਯੂਆਨ ਦੀ ਫੰਡਿੰਗ ਤੇ 10 ਅਰਬ ਯੂਆਨ ਦਾ ਵਾਧੂ ਕਰਜ਼ ਦਿੱਤਾ ਜਾਵੇਗਾ।





