ਬੇਲਿਆਂ ਦੇ ਲੋਕਾਂ ਨੂੰ ਕੱਢ ਕੇ ਰਾਹਤ ਕੈਂਪਾਂ ’ਚ ਪਹੁੰਚਾਇਆ

0
131

ਭਲਾਣ (ਹਰਭਜਨ ਢਿੱਲੋਂ)
ਹਰਜੋਤ ਸਿੰਘ ਬੈਂਸ ਕੈਬਨਿਟ ਮੰਤਰੀ ਸਿੱਖਿਆ, ਸੂਚਨਾ ਤੇ ਲੋਕ ਸੰਪਰਕ ਵਿਭਾਗ ਨੇ ਬੁੱਧਵਾਰ ਹੜ੍ਹ ਪ੍ਰਭਾਵਤ ਪਿੰਡਾਂ ਬੇਲਾ ਧਿਆਨੀ ਲੋਅਰ, ਬੰਦਲੈਹੜੀ, ਰਾਏਪੁਰ ਲੋਅਰ ਤੇ ਜੌਹਲ ਦਾ ਦੌਰਾ ਕੀਤਾ। ਬੈਂਸ ਨੇ ਕਿਹਾ ਕਿ ਬੇਲਾ ਧਿਆਨੀ ਲੋਅਰ ਪਿੰਡ ਵਿਚੋਂ ਲੋਕਾਂ ਨੂੰ ਕੱਢ ਕੇ ਸੁਰੱਖਿਅਤ ਰਾਹਤ ਕੈਂਪਾਂ ਵਿੱਚ ਪਹੁੰਚਾਇਆ ਜਾ ਰਿਹਾ ਹੈ। ਇਸ ਮੌਕੇ ਵਰਜੀਤ ਵਾਲੀਆ ਡਿਪਟੀ ਕਮਿਸ਼ਨਰ ਰੂਪਨਗਰ, ਗੁਲਨੀਤ ਸਿੰਘ ਖੁਰਾਨਾ ਐੱਸ ਐੱਸ ਪੀ ਸਮੇਤ ਪ੍ਰਸ਼ਾਸਨ ਅਤੇ ਪੁਲਸ ਦੇ ਅਧਿਕਾਰੀ ਤੇ ਕਰਮਚਾਰੀ ਰਾਹਤ ਤੇ ਬਚਾਅ ਕਾਰਜਾਂ ਵਿਚ ਲੱਗੇ ਹੋਏ ਸਨ। ਉਹਨਾ ਦੱਸਿਆ ਕਿ ਜਿਹੜੇ ਪਿੰਡ ਨੀਵੇਂ ਇਲਾਕਿਆਂ ਵਿੱਚ ਹਨ ਜਾਂ ਜਿਨ੍ਹਾਂ ਦੇ ਘਰ ਖੇਤਾਂ ਵਿੱਚ ਹਨ, ਉਥੇ ਪਾਣੀ ਵੱਧ ਆਉਣ ਦਾ ਖਤਰਾ ਹੈ। ਇਸ ਲਈ ਲੋਕਾਂ ਨੂੰ ਅਪੀਲ ਕੀਤੀ ਗਈ ਕਿ ਉਹ ਆਪਣੇ ਘਰ ਖਾਲੀ ਕਰਕੇ ਰੈਸਕਿਊ ਸੈਂਟਰਾਂ ਵਿੱਚ ਆ ਜਾਣ। ਪ੍ਰਸ਼ਾਸਨ ਨੇ ਲੋਅਰ ਬੇਲਾ ਧਿਆਨੀ ਵਿੱਚੋਂ 18 ਮੈਂਬਰਾਂ ਨੂੰ ਕਿਸ਼ਤੀ ਰਾਹੀ ਰਾਹਤ ਕੈਂਪਾਂ ਵਿਚ ਲਿਆਦਾ ਗਿਆ ਹੈ, ਜਦੋਂ ਕਿ 48 ਵਸਨੀਕ ਆਪਣੇ ਟਰੈਕਟਰ, ਟਰਾਲੀ ਰਾਹੀਂ ਹਰਸਾਬੇਲਾ ਅਤੇ ਸੈਸੋਵਾਲ ਤੋਂ ਬਾਹਰ ਆਏ ਹਨ। ਉਨ੍ਹਾ ਦੱਸਿਆ ਕਿ ਨੰਗਲ ਸਬ-ਡਵੀਜ਼ਨ ਵਿਚ 4 ਰਾਹਤ ਕੈਂਪਾਂ ਵਿੱਚ ਪਿੰਡਾਂ ਤੋਂ ਲੋਕਾਂ ਨੂੰ ਸੁਰੱਖਿਅਤ ਲਿਆ ਕੇ ਰੱਖਿਆ ਹੋਇਆ ਹੈ।137 ਵਿਅਕਤੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭਲਾਣ, ਸਰਕਾਰੀ ਮਿਡਲ ਸਕੂਲ ਭਨਾਮ, ਸਰਕਾਰੀ ਸ਼ਿਵਾਲਿਕ ਸਕੂਲ ਨੰਗਲ ਅਤੇ ਸਿੰਘਪੁਰ ਪਲਾਸੀ ਕਮਿਊਨਿਟੀ ਸੈਂਟਰ ਵਿਚ ਮੌਜੂਦ ਹਨ। ਇੱਕ ਪ੍ਰਵਾਸੀ ਪਰਵਾਰ ਦੇ ਪਿਤਾ ਤੇ ਪੁੱਤਰ ਗੜਬਾਗਾ ਨੇੜੇ ਦਰਿਆ ਵਿਚ ਮੱਛੀਆ ਫੜਨ ਚਲੇ ਗਏ, ਜਿਨ੍ਹਾਂ ਨੂੰ ਸਥਾਨਕ ਵਸਨੀਕਾਂ ਦੀ ਮਦਦ ਨਾਲ ਸੁਰੱਖਿਅਤ ਕੱਢਿਆ ਗਿਆ ਹੈ। ਜ਼ਿਕਰਯੋਗ ਹੈ ਕਿ ਸਚਿਨ ਪਾਠਕ ਉਪ ਮੰਡਲ ਮੈਜਿਸਟ੍ਰੇਟ ਨੰਗਲ, ਕੁਲਵੀਰ ਸਿੰਘ ਡੀ ਐੱਸ ਪੀ ਨੰਗਲ ਅਤੇ ਜਸਪ੍ਰੀਤ ਸਿੰਘ ਉਪ ਮੰਡਲ ਮੈਜਿਸਟ੍ਰੇਟ ਅਨੰਦਪੁਰ ਸਾਹਿਬ ਅਤੇ ਅਜੇ ਸਿੰਘ ਡੀ ਐੱਸ ਪੀ ਦੀਆਂ ਟੀਮਾਂ ਵੀ ਅਨੰਦਪੁਰ ਸਾਹਿਬ ਹਲਕੇ ਵਿੱਚ ਜ਼ਮੀਨੀ ਪੱਧਰ ’ਤੇ ਕੰਮ ਕਰ ਰਹੀਆਂ ਹਨ।