ਜ਼ਿਲ੍ਹਾ ਤਰਨ ਤਾਰਨ ਤੋਂ ਇੱਕ ਹਜ਼ਾਰ ਸਾਥੀ ਮੁਹਾਲੀ ਪੁੱਜਣਗੇ

0
76

ਤਰਨ ਤਾਰਨ : ਸੀ ਪੀ ਆਈ ਜ਼ਿਲ੍ਹਾ ਤਰਨ ਤਾਰਨ ਨੇ ਫੈਸਲਾ ਕੀਤਾ ਹੈ ਕਿ ਪਾਰਟੀ ਦੀ ਕੌਮੀ ਕਾਂਗਰਸ ਮੌਕੇ 21 ਸਤੰਬਰ ਨੂੰ ਹੋ ਰਹੀ ਮੁਹਾਲੀ ਰੈਲੀ ਵਿੱਚ ਜ਼ਿਲ੍ਹੇ ’ਚੋਂ 1000 ਔਰਤਾਂ, ਮਰਦ ਅਤੇ ਨੌਜਵਾਨਾਂ ਦਾ ਕਾਫਲਾ ਜਾਵੇਗਾ। ਜ਼ਿਲ੍ਹਾ ਸਕੱਤਰ ਦਵਿੰਦਰ ਸੋਹਲ, ਕਾਰਜਕਾਰੀ ਸਕੱਤਰ ਗੁਰਦਿਆਲ ਸਿੰਘ ਖਡੂਰ ਸਾਹਿਬ ਅਤੇ ਬਲਕਾਰ ਸਿੰਘ ਵਲਟੋਹਾ ਨੇ ਕਿਹਾ ਕਿ ਰੈਲੀ ਅਤੇ ਕੌਮੀ ਕਾਂਗਰਸ ਦੀਆਂ ਜ਼ਿਲੇ੍ਹ ਭਰ ਵਿੱਚ ਤਿਆਰੀਆਂ ਮੁਕੰਮਲ ਹੋ ਚੁੱਕੀਆਂ ਹਨ। ਕਾਂਗਰਸ ਦੀ ਕਾਮਯਾਬੀ ਲਈ ਲੱਗਾ ਫੰਡ ਵੀ ਇੱਕ ਹਫ਼ਤੇ ਦੇ ਅੰਦਰ ਪੂਰਾ ਹੋ ਜਾਵੇਗਾ। ਇਹ ਵਿਚਾਰ ਆਗੂਆਂ ਨੇ ਜ਼ਿਲ੍ਹਾ ਮੀਟਿੰਗ, ਜੋ ਰਜਿੰਦਰ ਪਾਲ ਕੌਰ ਦੀ ਪ੍ਰਧਾਨਗੀ ਹੇਠ ਹੋਈ, ਵਿੱਚ ਰੱਖੇ। ਆਗੂਆਂ ਨੇ ਕਿਹਾ ਕਿ ਤਰਨ ਤਾਰਨ ਜ਼ਿਲ੍ਹੇ ਦਾ ਬਿਆਸ ਅਤੇ ਸਤਲੁਜ ਨਾਲ ਲਗਦਾ ਮੰਡ ਇਲਾਕਾ ਪਾਣੀ ਦੀ ਮਾਰ ਹੇਠ ਆ ਚੁੱਕਾ ਹੈ ਅਤੇ ਝੋਨੇ ਦੀ ਫ਼ਸਲ, ਪਸ਼ੂਆਂ ਦਾ ਚਾਰਾ, ਘਰ, ਬੰਬੀਆਂ ਭਾਵ ਮੋਟਰਾਂ ਆਦਿ ਬਰਬਾਦ ਹੋ ਚੁੱਕੀਆਂ ਹਨ। ਜ਼ਮੀਨਾਂ ਅਤੇ ਪਸ਼ੂ ਵੱਡੀ ਪੱਧਰ ’ਤੇ ਰੁੜ੍ਹ ਗਏ ਹਨ। ਹੜ੍ਹਾਂ ਤੋਂ ਰਾਹਤ ਮਿਲਣ ਤੋਂ ਬਾਅਦ ਕਿਸਾਨਾਂ ਨੂੰ ਆਪਣੀਆਂ ਜ਼ਮੀਨਾਂ ਲੱਭਣੀਆਂ ਮੁਸ਼ਕਲ ਹੋ ਜਾਣੀਆਂ ਹਨ। ਕੇਂਦਰ ਸਰਕਾਰ ਫੌਰੀ ਤੌਰ ’ਤੇ ਹੜ੍ਹਾਂ ਨਾਲ ਪ੍ਰਭਾਵਿਤ ਲੋਕਾਂ ਨੂੰ ਤੁਰੰਤ ਰਾਹਤ ਪੈਕੇਜ ਦੇਵੇ ਅਤੇ ਪੰਜਾਬ ਸਰਕਾਰ ਵੀ ਰਾਹਤ ਪ੍ਰਦਾਨ ਕਰੇ।
ਮੀਟਿੰਗ ਨੂੰ ਸੀ ਪੀ ਆਈ ਦੇ ਸੂਬਾ ਸਕੱਤਰ ਬੰਤ ਸਿੰਘ ਬਰਾੜ ਅਤੇ ਕੌਮੀ ਕੌਂਸਲ ਮੈਂਬਰ ਪਿਰਥੀਪਾਲ ਸਿੰਘ ਮਾੜੀਮੇਘਾ ਨੇ ਵੀ ਸੰਬੋਧਨ ਕੀਤਾ ਅਤੇ ਸਰਕਾਰ ਤੋਂ ਮੰਗ ਕੀਤੀ ਕਿ ਕਿਸਾਨਾਂ ਨੂੰ ਪ੍ਰਤੀ ਏਕੜ 100000 ਰੁਪਏ ਅਤੇ ਖੇਤ ਮਜ਼ਦੂਰ ਪਰਵਾਰਾਂ ਨੂੰ ਫੌਰੀ ਤੌਰ ’ਤੇ ਘਰ ਪਰਤੀ 30000 ਰੁਪਏ ਦਿੱਤੇ ਜਾਣ।