ਧਾਲੀਵਾਲ ਵੱਲੋਂ 2 ਹਜ਼ਾਰ ਕਰੋੜ ਫੌਰੀ ਦੇਣ ਦੀ ਮੰਗ

0
85

ਅੰਮਿ੍ਰਤਸਰ/ਅਜਨਾਲਾ/ਚੇਤਨਪੁਰਾ
(ਜਸਬੀਰ ਸਿੰਘ ਪੱਟੀ, ਨਰਿੰਦਰਜੀਤ ਸਿੰਘ, ਸੁਖਤਿੰਦਰ ਸਿੰਘ, ਸੁਖਵੰਤ ਚੇਤਨਪੁਰੀ)
ਪਿਛਲੇ 9 ਦਿਨਾਂ ਤੋਂ ਹਲਕਾ ਅਜਨਾਲਾ ’ਚ ਰਾਵੀ ਦਰਿਆ ਦੇ ਭਿਆਨਕ ਹੜ੍ਹਾਂ ਦੀ ਮਾਰ ਝੱਲ ਰਹੇ ਹੜ੍ਹ ਪੀੜਤਾਂ ਦੀ ਸਾਰ-ਸੁੱਧ ਲੈਣ ਅਤੇ ਰਾਹਤ ਕਾਰਜਾਂ ਦਾ ਜਾਇਜ਼ਾ ਲੈਣ ਲਈ ਬੁਰੀ ਤਰ੍ਹਾਂ ਝੰਭੇ ਪਿੰਡ ਘੋਹਨੇਵਾਲਾ ਵਿਖੇ ਵੀਰਵਾਰ ਕੇਂਦਰੀ ਖੇਤੀ ਤੇ ਕਿਸਾਨ ਭਲਾਈ ਮੰਤਰੀ ਸ਼ਿਵ ਰਾਜ ਚੌਹਾਨ ਉਚੇਚੇ ਤੌਰ ’ਤੇ ਪੁੱਜੇ, ਜਿੱਥੇ ਹਲਕਾ ਵਿਧਾਇਕ ਤੇ ਸਾਬਕਾ ਕੈਬਨਿਟ ਮੰਤਰੀ ਪੰਜਾਬ ਕੁਲਦੀਪ ਸਿੰਘ ਧਾਲੀਵਾਲ ਪੰਜਾਬ ਸਰਕਾਰ ਦੇ ਮੰਤਰੀਆਂ, ਸਾਬਕਾ ਮੰਤਰੀਆਂ, ਵਿਧਾਇਕਾਂ, ਆਮ ਆਦਮੀ ਪਾਰਟੀ ਦੇ ਆਗੂਆਂ ਅਤੇ ਸਮੁੱਚੇ ਜ਼ਿਲ੍ਹਾ ਸਿਵਲ ਤੇ ਪੁਲਸ ਪ੍ਰਸ਼ਾਸਨ ਵੱਲੋਂ ਹੜ੍ਹ ਪੀੜਤਾਂ ਨੂੰ ਫੌਰੀ ਰਾਹਤ ਪਹੁੰਚਾਉਣ, ਕੀਮਤੀ ਜਾਨਾਂ ਬਚਾਉਣ ਅਤੇ ਪੁਨਰਵਾਸ ਕਾਰਜਾਂ ਲਈ ਕੀਤੀ ਜਾ ਰਹੀ ਲੋੜੀਂਦੀ ਸਹਾਇਤਾ ਦੀਆਂ ਗਰਾਊਂਡ ਜ਼ੀਰੋ ਤੇ ਹਕੀਕਤਾਂ ਸਮੇਤ ਇਸ ਨਾਜ਼ੁਕ ਘੜੀ ’ਚ ਗਵਰਨਰ ਪੰਜਾਬ, ਫੌਜ, ਬੀ ਐੱਸ ਐੱਫ, ਐੱਨ ਡੀ ਆਰ ਐੱਫ, ਹੋਰ ਸਰਕਾਰੀ ਏਜੰਸੀਆਂ ਅਤੇ ਸਮਾਜਿਕ ਤੇ ਧਾਰਮਿਕ ਸੰਗਠਨਾਂ ਵੱਲੋਂ ਰਾਹਤ ਕਾਰਜਾਂ ਲਈ ਨਿਭਾਈ ਜਾ ਰਹੀ ਸੰਤੁਸ਼ਟੀਜਨਕ ਭੂਮਿਕਾ ਤੋਂ ਜਾਣੂੰ ਕਰਵਾਇਆ।ਧਾਲੀਵਾਲ ਨੇ ਕੇਂਦਰੀ ਮੰਤਰੀ ਕੋਲ ਇਨ੍ਹਾਂ ਹੜ੍ਹ ਪੀੜਤਾਂ ਨੂੰ ਜਲਦੀ ਰਾਹਤ ਅਤੇ ਪੁਨਰਵਾਸ ਉਪਾਵਾਂ ’ਚ ਕੇਂਦਰ ਸਰਕਾਰ ਦੇ ਫੌਰੀ ਸਮਰਥਨ ਦੀ ਅਪੀਲ ਕੀਤੀ ਅਤੇ ਦੱਸਿਆ ਕਿ ਰਾਵੀ ਦਰਿਆ ਦਾ ਬਰਸਾਤਾਂ ’ਚ ਫਨੀਅਰ ਸੱਪ ਵਾਂਗੂੰ ਸ਼ੂਕਦਾ ਪਾਣੀ ਲੱਗਭੱਗ ਹਰ ਸਾਲ ਹਲਕਾ ਅਜਨਾਲਾ ਲਈ ਜਾਨੀ-ਮਾਲੀ ਨੁਕਸਾਨ ਦੀ ਬਰਬਾਦੀ ਲਿਆਉਦਾ ਹੈ। ਇਸ ਤੋਂ ਪਹਿਲਾਂ ਕੌਮਾਂਤਰੀ ਹਵਾਈ ਅੱਡਾ ਸ੍ਰੀ ਗੁਰੂ ਰਾਮਦਾਸ ਜੀ ਰਾਜਾਸਾਂਸੀ (ਅੰਮਿ੍ਰਤਸਰ) ਵਿਖੇ ਧਾਲੀਵਾਲ ਨੇ ਪੰਜਾਬ ਦੇ ਖੇਤੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨਾਲ ਜਿੱਥੇ ਕੇਂਦਰੀ ਮੰਤਰੀ ਚੌਹਾਨ ਦਾ ਪੰਜਾਬ ਸਰਕਾਰ ਵੱਲੋਂ ਸੁਆਗਤ ਕੀਤਾ, ਉਥੇ ਹਲਕਾ ਅਜਨਾਲਾ ਦੇ ਹੜ੍ਹ ਪੀੜਤਾਂ ਦੇ ਪੁਨਰ ਵਸੇਬੇ ਤੇ ਰਾਹਤ ਲਈ ਪਹਿਲੇ ਪੜਾਅ ’ਚ 2 ਹਜ਼ਾਰ ਕਰੋੜ ਰੁਪਏ ਦਾ ਵਿੱਤੀ ਪੈਕੇਜ ਦੇਣ ਅਤੇ ਪੰਜਾਬ ਸਰਕਾਰ ਦੇ ਕੇਂਦਰ ਸਰਕਾਰ ਵੱਲ ਬਕਾਇਆ ਪਏ 60 ਹਜ਼ਾਰ ਕਰੋੜ ਰੁਪਏ ਦੇ ਫੰਡ ਵੀ ਫੌਰੀ ਤੌਰ ’ਤੇ ਜਾਰੀ ਕਰਵਾਉਣ ਲਈ ਮੰਗ ਪੱਤਰ ਸੌਂਪਦਿਆਂ ਅਪੀਲ ਕੀਤੀ ਕਿ ਇਹ ਰਕਮਾਂ ਜਾਰੀ ਕਰਵਾਉਣ ਲਈ ਪਹਿਲ-ਕਦਮੀ ਕੀਤੀ ਜਾਵੇ। ਚੌਹਾਨ ਨੇ ਭਰੋਸਾ ਦਿੱਤਾ ਕਿ ਕੇਂਦਰ ਸਰਕਾਰ ਜਲਦੀ ਹੀ ਰਾਹਤ ਅਤੇ ਪੁਨਰਵਾਸ ਲਈ ਲੋੜੀਂਦੀ ਸਹਾਇਤਾ ਪੰਜਾਬ ਸਰਕਾਰ ਨੂੰ ਜਾਰੀ ਕਰਨ ਲਈ ਉਚਿੱਤ ਕਦਮ ਚੁੱਕੇਗੀ।