ਡੁੱਬ ਰਹੇ ਪੰਜਾਬ ਨਾਲ ਵੀ ਮੋਦੀ ਸਰਕਾਰ ਵਿਤਕਰਾ ਕਰ ਰਹੀ : ਬੰਤ ਬਰਾੜ

0
140

ਚੰਡੀਗੜ੍ਹ : ਹੜ੍ਹਾਂ ਨਾਲ ਹੋਈ ਭਾਰੀ ਤਬਾਹੀ ਕਾਰਨ ਸੀ ਪੀ ਆਈ ਨੇ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਮੋਦੀ ਸਰਕਾਰ ਅਤੇ ਪੰਜਾਬ ਸਰਕਾਰ ਦੇ ਫੋਕੇ ਵਾਅਦਿਆਂ ਅਤੇ ਲੋਕਾਂ ਨਾਲ ਝੂਠੀ ਹਮਦਰਦੀ ਨੂੰ ਨਿਰਾ ਡਰਾਮਾ ਦੱਸਿਆ ਹੈ। ਸੀ ਪੀ ਆਈ ਦੇ ਸਕੱਤਰ ਸਾਥੀ ਬੰਤ ਸਿੰਘ ਬਰਾੜ ਨੇ ਕਿਹਾ ਕਿ ਕਿੰਨੀ ਅਜੀਬ ਅਤੇ ਵਿਤਕਰੇ ਵਾਲੀ ਗੱਲ ਹੈ ਕਿ ਅਫਗਾਨਿਸਤਾਨ ਵਿਚ ਭੂਚਾਲ ਆਉਣ ’ਤੇ ਹੋਈ ਬਰਬਾਦੀ ’ਤੇ ਭਾਰਤ ਸਰਕਾਰ ਦੇ ਪ੍ਰਧਾਨ ਮੰਤਰੀ ਨੇ ਫੌਰਨ ਹੀ ਸਹਾਇਤਾ ਦਾ ਐਲਾਨ ਕਰ ਦਿੱਤਾ, ਜਿਹੜੀ ਚੰਗੀ ਗੱਲ ਹੈ, ਪਰ ਪੰਜਾਬ ਵਿਚ ਹੜ੍ਹਾਂ ਨਾਲ ਹੋਈ ਬਰਬਾਦੀ ਬਾਰੇ ਅਜੇ ਤੱਕ ਅਮਲੀ ਤੌਰ ’ਤੇ ਕੁੱਝ ਵੀ ਨਹੀਂ ਕੀਤਾ। ਚਾਹੀਦਾ ਤਾਂ ਇਹ ਸੀ ਕਿ ਪ੍ਰਧਾਨ ਮੰਤਰੀ ਫੌਰੀ ਤੌਰ ’ਤੇ ਹੋਈ ਤਬਾਹੀ ਨੂੰ ਕੌਮੀ ਆਫਤ ਐਲਾਨ ਕਰਕੇ ਪੰਜਾਬ ਲਈ ਵਿਸ਼ੇਸ਼ ਪੈਕੇਜ ਐਲਾਨ ਕਰਦੇ, ਇਸ ਦੇ ਉਲਟ ਕੇਂਦਰੀ ਮੰਤਰੀ ਸ਼ਿਵਰਾਜ ਚੌਹਾਨ, ਰਵਨੀਤ ਬਿੱਟੂ ਅਤੇ ਪੰਜਾਬ ਦੇ ਭਾਜਪਾ ਲੀਡਰ ਪਾਣੀਆਂ ਵਿਚ ਵੜ ਕੇ ਫੋਟੋਆਂ ਖਿਚਵਾ ਕੇ ਪੰਜਾਬੀਆਂ ਦੇ ਜਜ਼ਬਾਤਾਂ ਨਾਲ ਖੇਡ ਰਹੇ ਹਨ। ਮਿਲੀਆਂ ਰਿਪੋਰਟਾਂ ਅਨੁਸਾਰ ਪੰਜਾਬ ਸਰਕਾਰ ਦੇ ਮੰਤਰੀ ਅਤੇ ਅਫਸਰ ਰਾਹਤ ਦੇ ਨਾਂਅ ’ਤੇ ਸਿਰਫ ਲਿਫਾਫਿਆਂ ਵਿਚ ਨਾਮਾਤਰ ਦਵਾਈਆਂ ਦੇ ਕੇ ਫੋਟੋਆਂ ਖਿਚਵਾ ਕੇ ਝੂਠੇ ਪ੍ਰਚਾਰ ਵਿਚ ਰੁੱਝੇ ਹੋਏ ਹਨ।
ਸਾਥੀ ਬਰਾੜ ਨੇ ਕਿਹਾ ਕਿ ਮੋਦੀ ਸਰਕਾਰ ਫੌਰਨ ਹੀ 60,000 ਕਰੋੜ ਦਾ ਪੈਕੇਜ ਰਿਲੀਜ਼ ਕਰੇ। ਇਸ ਦੇ ਨਾਲ ਹੀ ਦੇਰ ਤੋਂ ਰੋਕੇ ਹੋਏ ਰੂਰਲ ਡਿਵੈਲਪਮੈਂਟ ਅਤੇ ਮੰਡੀ ਵਿਕਾਸ ਲਈ ਪੰਜਾਬ ਦੇ 8000 ਕਰੋੜ ਵੀ ਦਿੱਤੇ ਜਾਣ। ਪੰਜਾਬ ਸਰਕਾਰ ਨੇ ਤਾਂ ਪਹਿਲਾਂ ਹੀ ਪੰਜਾਬ ਦਾ ਸਰਕਾਰੀ ਖਜ਼ਾਨਾ ਖਾਲੀ ਹੀ ਨਹੀਂ ਕੀਤਾ, ਸਗੋਂ ਕਰਜ਼ੇ ਵਿਚ ਵਾਧਾ ਕਰਕੇ ਸਾਲ ਦੇ ਅੰਤ ਤੱਕ ਪੌਣੇ ਚਾਰ ਲੱਖ ਕਰੋੜ ਤੱਕ ਪਹੁੰਚਾ ਦੇਣਾ ਹੈ। ਸਾਥੀ ਬਰਾੜ ਨੇ ਕਿਹਾ ਕਿ 21 ਸਤੰਬਰ ਨੂੰ ਸੀ ਪੀ ਆਈ ਵੱਲੋਂ ਪੰਜਾਬ ਦੇ ਮੁੱਦਿਆਂ ’ਤੇ ਮੋਹਾਲੀ ਵਿਖੇ ਭਾਰੀ ਰੈਲੀ ਕੀਤੀ ਜਾ ਰਹੀ ਹੈ, ਜਿਸ ਵਿਚ ਪੰਜਾਬੀਆਂ ਨੂੰ ਕੇਂਦਰ ਅਤੇ ਪੰਜਾਬ ਸਰਕਾਰਾਂ ਦੀਆਂ ਲੋਕ ਦੁਸ਼ਮਣ ਨੀਤੀਆਂ ਵਿਰੁੱਧ ਜ਼ੋਰਦਾਰ ਲੜਾਈ ਆਰੰਭਣ ਦੀ ਅਪੀਲ ਕੀਤੀ ਜਾਵੇਗੀ।