ਨਵੀਂ ਦਿੱਲੀ : ਪੰਜਾਬ ਦੇ ਦੌਰੇ ਤੋਂ ਬਾਅਦ ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਸ਼ੁੱਕਰਵਾਰ ਕਿਹਾ ਕਿ ਕੇਂਦਰ ਸਰਕਾਰ ਸਰਹੱਦੀ ਸੂਬੇ ਨੂੰ ਮੌਜੂਦਾ ਸੰਕਟ ’ਚੋਂ ਬਾਹਰ ਕੱਢਣ ਲਈ ਛੋਟੀ, ਦਰਮਿਆਨੀ ਅਤੇ ਲੰਬੀ ਮਿਆਦ ਦੀਆਂ ਯੋਜਨਾਵਾਂ ’ਤੇ ਕੰਮ ਕਰੇਗੀ। ਪੰਜਾਬ ਦੀ ਸਥਿਤੀ ਨੂੰ ਗੰਭੀਰ ਦੱਸਦਿਆਂ ਚੌਹਾਨ ਨੇ ਕਿਹਾ ਕਿ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਖੇਤਾਂ, ਕਿਸਾਨਾਂ ਅਤੇ ਪਸ਼ੂਆਂ ਨੂੰ ਹੋਏ ਨੁਕਸਾਨ ਬਾਰੇ ਇੱਕ ਵਿਸਥਾਰਤ ਜ਼ਮੀਨੀ ਮੁਲਾਂਕਣ ਰਿਪੋਰਟ ਪੇਸ਼ ਕਰਨਗੇ ਅਤੇ ਕੇਂਦਰ ਇੱਕ ਵਿਆਪਕ ਰਾਹਤ ਅਤੇ ਮੁੜ ਵਸੇਬਾ ਪੈਕੇਜ ਲੈ ਕੇ ਆਵੇਗਾ।
ਚੌਹਾਨ ਨੇ ਕਿਹਾ, ‘‘ਪ੍ਰਧਾਨ ਮੰਤਰੀ ਮੋਦੀ ਪੰਜਾਬ ਦੀ ਸਥਿਤੀ ਬਾਰੇ ਬਹੁਤ ਚਿੰਤਤ ਹਨ। ਉਨ੍ਹਾ ਦੇ ਨਿਰਦੇਸ਼ਾਂ ’ਤੇ ਹੀ ਮੈਂ ਕੱਲ੍ਹ ਸੂਬੇ ਦਾ ਦੌਰਾ ਕੀਤਾ। ਪੰਜਾਬ ਵਿੱਚ ਹੜ੍ਹ ਵਾਲੀ ਸਥਿਤੀ ਹੈ, ਫਸਲਾਂ ਦਾ ਨੁਕਸਾਨ ਹੋਇਆ ਹੈ। ਇਸ ਦੁੱਖ ਦੀ ਘੜੀ ਵਿੱਚ ਕੇਂਦਰ ਸਰਕਾਰ ਪੰਜਾਬ ਦੇ ਲੋਕਾਂ ਅਤੇ ਕਿਸਾਨਾਂ ਨਾਲ ਖੜ੍ਹੀ ਹੈ।’’ ਉਨ੍ਹਾ ਕਿਹਾ ਕਿ ਇਸ ਸਮੇਂ ਦੀ ਲੋੜ ਸੂਬੇ ਦੇ ਹੜ੍ਹ ਪ੍ਰਭਾਵਤ ਖੇਤਰਾਂ ਦਾ ਯੋਜਨਾਬੱਧ ਮੁੜ ਵਿਕਾਸ ਹੈ। ਮੰਤਰੀ ਨੇ ਕਿਹਾ, ‘‘ਪੰਜਾਬ ਨੂੰ ਮੌਜੂਦਾ ਸੰਕਟ ’ਚੋਂ ਬਾਹਰ ਕੱਢਣ ਲਈ, ਸਾਨੂੰ ਇੱਕ ਛੋਟੀ, ਦਰਮਿਆਨੀ ਅਤੇ ਲੰਬੀ ਮਿਆਦ ਦੀ ਯੋਜਨਾ ਦੀ ਲੋੜ ਹੈ। ਸੰਕਟ ਬਹੁਤ ਵੱਡਾ ਹੈ ਪਰ ਅਸੀਂ ਸੂਬੇ ਨੂੰ ਇਸ ਤੋਂ ਬਾਹਰ ਕੱਢਣ ਲਈ ਕੋਈ ਕਸਰ ਬਾਕੀ ਨਹੀਂ ਛੱਡਾਂਗੇ। ਇਹ ਵੀ ਜ਼ਰੂਰੀ ਹੈ ਕਿ ਪੰਜਾਬ ਵਿੱਚ ਆਪ ਸਰਕਾਰ ਪੂਰੀ ਗੰਭੀਰਤਾ ਨਾਲ ਜ਼ਮੀਨੀ ਪੱਧਰ ’ਤੇ ਕੰਮ ਕਰੇ।’’
ਉਨ੍ਹਾ ਕਿਹਾ ਕਿ ਇੱਕ ਵਾਰ ਪਾਣੀ ਘਟਣ ਤੋਂ ਬਾਅਦ, ਇਨਫੈਕਸ਼ਨਾਂ ਦਾ ਖਤਰਾ ਹੋਵੇਗਾ। ਚੌਹਾਨ ਨੇ ਕਿਹਾ, ‘‘ਮੈਂ ਪੰਜਾਬ ਦੀ ਸੇਵਾ ਭਾਵਨਾ ਨੂੰ ਦੇਖਿਆ, ਕਿਵੇਂ ਸਮਾਜਕ ਕਾਰਕੁੰਨ ਰਾਹਤ, ਭੋਜਨ, ਕੱਪੜੇ ਅਤੇ ਦਵਾਈਆਂ ਵੰਡਣ ਲਈ ਪਿੰਡ-ਪਿੰਡ ਜਾ ਰਹੇ ਹਨ। ਮੈਂ ਪੰਜਾਬ ਦੀ ਸੇਵਾ ਭਾਵਨਾ ਨੂੰ ਸਲਾਮ ਕਰਦਾ ਹਾਂ। ਇੱਕ ਦੁਖੀ ਵਿਅਕਤੀ ਦੀ ਸੇਵਾ ਕਰਨਾ ਰੱਬ ਦੀ ਪੂਜਾ ਦੇ ਬਰਾਬਰ ਹੈ। ਗੁਆਂਢੀ ਸੂਬੇ ਵੀ ਮਦਦ ਲਈ ਅੱਗੇ ਆਏ ਹਨ। ਸੰਕਟ ਵਿੱਚ ਏਕਤਾ ਦੀ ਇਹ ਭਾਵਨਾ ਸਾਨੂੰ ਸਾਰੀਆਂ ਮੁਸ਼ਕਲਾਂ ਨੂੰ ਪਾਰ ਕਰਨ ਦੀ ਤਾਕਤ ਦਿੰਦੀ ਹੈ।’’ ਮੰਤਰੀ ਨੇ ਯਾਦ ਕੀਤਾ ਕਿ ਜਦੋਂ ਮਰਹੂਮ ਅਟੱਲ ਬਿਹਾਰੀ ਵਾਜਪਾਈ ਪ੍ਰਧਾਨ ਮੰਤਰੀ ਸਨ ਅਤੇ ਮਰਹੂਮ ਪ੍ਰਕਾਸ਼ ਸਿੰਘ ਬਾਦਲ ਪੰਜਾਬ ਦੇ ਮੁੱਖ ਮੰਤਰੀ ਸਨ, ਤਾਂ ਕੇਂਦਰ ਨੇ ਸੰਕਟ ਦੀ ਸਥਿਤੀ ਵਿੱਚ ਖੇਤਾਂ ਅਤੇ ਫਸਲਾਂ ਨੂੰ ਬਚਾਉਣ ਲਈ ਪ੍ਰਮੁੱਖ ਦਰਿਆਵਾਂ ਸਤਲੁਜ, ਬਿਆਸ, ਰਾਵੀ ਅਤੇ ਘੱਗਰ ਦੇ ਆਲੇ-ਦੁਆਲੇ ਬੰਨ੍ਹ ਬਣਾਏ ਸਨ।ਚੌਹਾਨ ਨੇ ਅੰਮਿ੍ਰਤਸਰ, ਪਠਾਨਕੋਟ ਅਤੇ ਗੁਰਦਾਸਪੁਰ ਬੈਲਟ ਦੇ ਮੌਕੇ ਦੇ ਮੁਲਾਂਕਣ ਤੋਂ ਬਾਅਦ ਕਿਹਾ, ‘‘ਗੈਰ-ਕਾਨੂੰਨੀ ਮਾਈਨਿੰਗ ਕਾਰਨ, ਇਹ ਬੰਨ੍ਹ ਕਮਜ਼ੋਰ ਹੋ ਗਏ ਹਨ ਅਤੇ ਪਾਣੀ ਪਿੰਡਾਂ ਵਿੱਚ ਦਾਖਲ ਹੋ ਗਿਆ ਹੈ। ਸਾਨੂੰ ਭਵਿੱਖ ਦੇ ਸੰਕਟ ਨੂੰ ਰੋਕਣ ਲਈ ਇਨ੍ਹਾਂ ਬੰਨ੍ਹਾਂ ਨੂੰ ਬਹਾਲ ਕਰਨ ਦੀ ਲੋੜ ਹੈ।’’


