ਵਾਸ਼ਿੰਗਟਨ : ਭਾਰਤ-ਅਮਰੀਕਾ ਸੰਬੰਧਾਂ ਵਿੱਚ ਨਵੇਂ ਨਿਘਾਰ ਦਾ ਸੰਕੇਤ ਦਿੰਦਿਆਂ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਸ਼ੁੱਕਰਵਾਰ ਕਿਹਾ ਕਿ ਅਜਿਹਾ ਲੱਗਦਾ ਹੈ ਕਿ ਭਾਰਤ ‘ਸਭ ਤੋਂ ਡੂੰਘੇ ਹਨ੍ਹੇਰੇ ਚੀਨ ਵਿੱਚ ਗੁਆਚ ਗਿਆ ਹੈ’। ਟਰੰਪ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਰੂਸੀ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਅਤੇ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਦੀ ਇੱਕ ਤਸਵੀਰ ਸਾਂਝੀ ਕੀਤੀ, ਜੋ ਚੀਨ ਵਿੱਚ ਐੱਸ ਸੀ ਓ ਨੇਤਾਵਾਂ ਦੇ ਸਿਖਰ ਸੰਮੇਲਨ ਦੌਰਾਨ ਮੁਲਾਕਾਤ ਦੀ ਹੈ।
ਟਰੰਪ ਨੇ ਪੋਸਟ ਵਿੱਚ ਕਿਹਾ, ‘‘ਲੱਗਦਾ ਹੈ ਕਿ ਅਸੀਂ ਭਾਰਤ ਅਤੇ ਰੂਸ ਨੂੰ ਸਭ ਤੋਂ ਡੂੰਘੇ, ਸਭ ਤੋਂ ਹਨ੍ਹੇਰੇ, ਚੀਨ ’ਚ ਗੁਆ ਦਿੱਤਾ ਹੈ। ਉਨ੍ਹਾਂ ਦਾ ਇਕੱਠਿਆਂ ਇੱਕ ਲੰਮਾ ਅਤੇ ਖੁਸ਼ਹਾਲ ਭਵਿੱਖ ਹੋਵੇ।’’
ਪੋਸਟ ਦਾ ਜਵਾਬ ਦਿੰਦਿਆਂ ਭਾਰਤੀ ਵਿਦੇਸ਼ ਮੰਤਰਾਲੇ ਦੇ ਤਰਜਮਾਨ ਰਣਧੀਰ ਜੈਸਵਾਲ ਨੇ ਕਿਹਾ, ‘‘ਸਾਡੇ ਕੋਲ ਦੇਣ ਲਈ ਕੋਈ ਜਵਾਬ ਨਹੀਂ ਹੈ।’’ ਉਨ੍ਹਾ ਕਿਹਾ, ‘‘ਇਹ ਭਾਈਵਾਲੀ ਕਈ ਤਬਦੀਲੀਆਂ ਵਿੱਚੋਂ ਵਿਕਸਤ ਹੋਈ ਹੈ। ਜਿਵੇਂ ਕਿ ਮੈਂ ਪਹਿਲਾਂ ਕਿਹਾ ਸੀ, ਅਸੀਂ ਉਸ ਠੋਸ ਏਜੰਡੇ ’ਤੇ ਕੇਂਦਰਤ ਰਹਿੰਦੇ ਹਾਂ, ਜਿਸ ਲਈ ਸਾਡੇ ਦੋਵਾਂ ਦੇਸ਼ਾਂ ਨੇ ਵਚਨਬੱਧਤਾ ਪ੍ਰਗਟਾਈ ਹੈ, ਅਤੇ ਸਾਨੂੰ ਉਮੀਦ ਹੈ ਕਿ ਸੰਬੰਧ ਆਪਸੀ ਸਤਿਕਾਰ ਅਤੇ ਸਾਂਝੇ ਹਿੱਤਾਂ ਦੇ ਆਧਾਰ ’ਤੇ ਅੱਗੇ ਵਧਦੇ ਰਹਿਣਗੇ।’’
ਰੂਸ-ਯੂਕਰੇਨ ਯੁੱਧ ’ਚ ਸ਼ਾਂਤੀ ਬਹਾਲੀ ਦੀ ਕੋਸ਼ਿਸ਼ ਤਹਿਤ ਟਰੰਪ ਨੇ 15 ਅਗਸਤ ਨੂੰ ਅਲਾਸਕਾ ਵਿੱਚ ਪੂਤਿਨ ਨਾਲ ਮੁਲਾਕਾਤ ਕੀਤੀ ਸੀ।
ਇਸੇ ਦੌਰਾਨ ਅਮਰੀਕਾ ਦੇ ਸਾਬਕਾ ਕੌਮੀ ਸੁਰੱਖਿਆ ਸਲਾਹਕਾਰ ਜੌਹਨ ਬੋਲਟਨ ਨੇ ਕਿਹਾ ਹੈ ਕਿ ਰਾਸ਼ਟਰਪਤੀ ਡੋਨਲਡ ਟਰੰਪ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਬਹੁਤ ਚੰਗੇ ਨਿੱਜੀ ਸੰਬੰਧ ਸਨ, ਪਰ ਹੁਣ ਉਹ ਖਤਮ ਹੋ ਗਏ ਹਨ। ਬੋਲਟਨ ਨੇ ਕਿਹਾ ਕਿ ਅਮਰੀਕੀ ਆਗੂ ਨਾਲ ਗੂੜ੍ਹੇ ਰਿਸ਼ਤੇ ਆਲਮੀ ਆਗੂਆਂ ਨੂੰ ‘ਸਭ ਤੋਂ ਮਾੜੇ ਦੌਰ’ ਤੋਂ ਨਹੀਂ ਬਚਾ ਸਕਣਗੇ।


