ਧਰਮਸ਼ਾਲਾ : ਸਨਿੱਚਰਵਾਰ ਤੜਕੇ ਊਨਾ ਜ਼ਿਲ੍ਹੇ ਦੇ ਗਗਰੇਟ ਨੇੜੇ ਮੰਗੂਵਾਲ ਵਿਖੇ ਨਿੱਜੀ ਐਂਬੂਲੈਂਸ ਡੂੰਘੀ ਖੱਡ ਵਿੱਚ ਡਿੱਗਣ ਕਾਰਨ ਇੱਕ ਮਰੀਜ਼ ਸਮੇਤ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ ਅਤੇ ਦੋ ਹੋਰ ਜ਼ਖ਼ਮੀ ਹੋ ਗਏ। ਐਂਬੂਲੈਂਸ ਡਾ. ਰਾਜੇਂਦਰ ਪ੍ਰਸਾਦ ਮੈਡੀਕਲ ਕਾਲਜ ਤੇ ਹਸਪਤਾਲ ਟਾਂਡਾ ਤੋਂ ਲੁਧਿਆਣਾ ਦੇ ਦਯਾਨੰਦ ਮੈਡੀਕਲ ਕਾਲਜ ਤੇ ਹਸਪਤਾਲ ਜਾ ਰਹੀ ਸੀ। ਤਿੱਖੇ ਮੋੜ ’ਤੇ ਐਂਬੂਲੈਂਸ ਦੇ ਡਰਾਈਵਰ ਨੇ ਸਟੀਅਰਿੰਗ ਤੋਂ ਕੰਟਰੋਲ ਗੁਆ ਦਿੱਤਾ। ਜ਼ਖਮੀ ਰੇਣੂ ਬਾਲਾ ਅਤੇ ਐਂਬੂਲੈਂਸ ਡਰਾਈਵਰ ਬੌਬੀ ਨੂੰ ਇਲਾਜ ਲਈ ਤੁਰੰਤ ਹੁਸ਼ਿਆਰਪੁਰ ਦੇ ਹਸਪਤਾਲ ਵਿੱਚ ਲਿਜਾਇਆ ਗਿਆ। ਮਿ੍ਰਤਕਾਂ ਦੀ ਪਛਾਣ ਸੰਜੀਵ ਕੁਮਾਰ ਪਥਿਆਰ, ਓਮਕਾਰ ਚੰਦ ਅਤੇ ਰਮੇਸ਼ ਚੰਦ ਵਜੋਂ ਹੋਈ ਹੈ। ਇਹ ਸਾਰੇ ਕਾਂਗੜਾ ਜ਼ਿਲ੍ਹੇ ਦੀ ਤਹਿਸੀਲ ਨਗਰੋਟਾ ਬਗਵਾਂ ਦੇ ਪਿੰਡ ਪਠਿਆਰ ਦੇ ਵਸਨੀਕ ਸਨ।
ਮਜੀਠੀਆ ਦੀ ਨਿਆਂਇਕ ਹਿਰਾਸਤ 20 ਤੱਕ ਵਧੀ
ਮੁਹਾਲੀ : ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੇ ਦੋਸ਼ਾਂ ਅਧੀਨ ਨਾਭਾ ਦੀ ਨਿਊ ਜੇਲ੍ਹ ਵਿੱਚ ਨਜ਼ਰਬੰਦ ਸਾਬਕਾ ਮੰਤਰੀ ਤੇ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਦੀ ਨਿਆਂਇਕ ਹਿਰਾਸਤ ਐਡੀਸ਼ਨਲ ਜ਼ਿਲ੍ਹਾ ਤੇ ਸੈਸ਼ਨ ਜੱਜ ਹਰਦੀਪ ਸਿੰਘ ਨੇ 20 ਸਤੰਬਰ ਤੱਕ ਵਧਾ ਦਿੱਤੀ ਹੈ।
ਕਿਸ਼ਤਵਾੜ ਤੇ ਊਧਮਪੁਰ ਵਿਚਾਲੇ ਸੰਪਰਕ ਬਹਾਲ
ਜੰਮੂ : ਕਿਸ਼ਤਵਾੜ ਅਤੇ ਊਧਮਪੁਰ ਜ਼ਿਲ੍ਹਿਆਂ ਵਿਚਾਲੇ ਸੜਕ ਸੰਪਰਕ ਬਹਾਲ ਹੋ ਗਿਆ ਹੈ। ਕੌਮੀ ਰਾਜਮਾਰਗ-244 ਉੱਤੇ ਥੱਥਰੀ ਤੋਂ ਕਿਸ਼ਤਵਾੜ ਤੱਕ ਦੀ ਸੜਕ ਨੂੰ ਲੈਂਡ ਸਲਾਈਡ ਕਰਕੇ ਕਾਫੀ ਵੱਡੇ ਪੱਧਰ ’ਤੇ ਨੁਕਸਾਨ ਪਹੁੰਚਿਆ ਸੀ ਅਤੇ ਹੁਣ ਮਲਬੇ ਦੀ ਸਫਾਈ ਤੋਂ ਬਾਅਦ ਸੰਪਰਕ ਜੁੜ ਗਿਆ ਹੈ। ਭਾਰੀ ਚਟਾਨਾਂ ਅਤੇ ਪੱਥਰਾਂ ਨੂੰ ਹਟਾਉਣ ਦੇ ਕੰਮ ਮੁਕੰਮਲ ਹੋਣ ਤੋਂ ਬਾਅਦ ਕਿਸ਼ਤਵਾੜ-ਚਤਰੂ-ਸਿੰਥਨ ਟੌਪ ਸੜਕ ਵੀ ਜਲਦੀ ਹੀ ਖੁੱਲ੍ਹਣ ਦੀ ਉਮੀਦ ਹੈ। ਥੱਥਰੀ-ਕਠੂਆ ਸੜਕ ਨੂੰ ਇੱਕ ਹਫਤੇ ਬੰਦ ਰਹਿਣ ਤੋਂ ਬਾਅਦ ਮੁੜ ਖੋਲ੍ਹ ਦਿੱਤਾ ਗਿਆ ਹੈ, ਜਿਸ ਨਾਲ 15,000 ਤੋਂ ਵੱਧ ਲੋਕਾਂ ਦਾ ਸੰਪਰਕ ਬਹਾਲ ਹੋ ਗਿਆ।

