ਓਟਵਾ : ਕੈਨੇਡਾ ਵਿੱਚ ਦਹਿਸ਼ਤਗਰਦ ਜਥੇਬੰਦੀਆਂ ਨੂੰ ਰਾਜਸੀ ਤੌਰ ’ਤੇ ਹਿੰਸਾ ਨਾਲ ਜੁੜੀਆਂ ਸਰਗਰਮੀਆਂ ਲਈ ਫੰਡ ਮਿਲਣੇ ਜਾਰੀ ਹਨ। ਇਹ ਖੁਲਾਸਾ ਵਿੱਤ ਵਿਭਾਗ ਵੱਲੋਂ ਜਾਰੀ ਕੀਤੀ ਗਈ ਰਿਪੋਰਟ ਵਿੱਚ ਹੋਇਆ ਹੈ। ਇਨ੍ਹਾਂ ਜਥੇਬੰਦੀਆਂ ਵਿੱਚ ਖਾਲਿਸਤਾਨੀ ਗਰਮਖਿਆਲੀ ਧਿਰਾਂ ਵੀ ਸ਼ਾਮਲ ਹਨ। ਮਨੀ ਲਾਂਡਰਿੰਗ ਅਤੇ ਅੱਤਵਾਦੀ ਫੰਡਿਗ ਦੇ ਖਤਰੇ ਬਾਰੇ 2025 ਦੇ ਮੁਲਾਂਕਣ ਵਿੱਚ ਕੁਝ ਖਾਲਿਸਤਾਨੀ ਸਮੂਹਾਂ, ਜਿਨ੍ਹਾਂ ਵਿੱਚ ਬੱਬਰ ਖਾਲਸਾ ਇੰਟਰਨੈਸ਼ਨਲ ਅਤੇ ਇੰਟਰਨੈਸ਼ਨਲ ਸਿੱਖ ਯੂਥ ਫੈਡਰੇਸ਼ਨ ਸ਼ਾਮਲ ਹਨ, ਨੂੰ ਸਿਆਸੀ ਤੌਰ ’ਤੇ ਪ੍ਰੇਰਤ ਹਿੰਸਕ ਵੱਖਵਾਦ ਦੀ ਸ਼੍ਰੇਣੀ (ਪੀ ਐੱਮ ਵੀ ਈ) ਵਿੱਚ ਰੱਖਿਆ ਗਿਆ ਹੈ। ਰਿਪੋਰਟ ਵਿੱਚ ਇਹ ਸ਼ੱਕ ਜ਼ਾਹਰ ਕੀਤਾ ਗਿਆ ਹੈ ਕਿ ਇਹ ਸਮੂਹ ਆਪਣੇ ਉਦੇਸ਼ਾਂ ਦੀ ਪੂਰਤੀ ਲਈ ਫੰਡਿੰਗ ਨੈੱਟਵਰਕ ਵਿੱਚ ਗੈਰ-ਲਾਭਕਾਰੀ ਅਤੇ ਚੈਰੀਟੇਬਲ ਸੰਸਥਾਵਾਂ ਦੀ ਦੁਰਵਰਤੋਂ ਕਰ ਰਹੇ ਹਨ।
ਮੁਲਾਂਕਣ ਵਿੱਚ ਪੀ ਐੱਮ ਵੀ ਈ ਨੂੰ ‘ਨਵੀਆਂ ਸਿਆਸੀ ਪ੍ਰਣਾਲੀਆਂ ਜਾਂ ਮੌਜੂਦਾ ਪ੍ਰਣਾਲੀਆਂ ਦੇ ਅੰਦਰ ਨਵੇਂ ਢਾਂਚੇ ਅਤੇ ਨਿਯਮ ਸਥਾਪਤ ਕਰਨ ਲਈ ਹਿੰਸਾ ਦੀ ਵਰਤੋਂ’ ਵਜੋਂ ਦਰਸਾਇਆ ਗਿਆ ਹੈ। ਇਨ੍ਹਾਂ ਸਮੂਹਾਂ ਨੂੰ ਕੈਨੇਡੀਅਨ ਕਿ੍ਰਮੀਨਲ ਕੋਡ ਦੇ ਤਹਿਤ ਦਹਿਸ਼ਤਗਰਦ ਸੰਗਠਨਾਂ ਵਜੋਂ ਨਾਮਜ਼ਦ ਕੀਤਾ ਗਿਆ ਹੈ, ਜਿਸ ਵਿੱਚ ਹਮਾਸ ਅਤੇ ਹਿਜ਼ਬੁਲਾ ਵੀ ਸ਼ਾਮਲ ਹਨ। ਰਿਪੋਰਟ ਵਿੱਚ ਸਪੱਸ਼ਟ ਕੀਤਾ ਗਿਆ ਹੈ ਕਿ ਭਾਵੇਂ ਅਜਿਹੇ ਵੱਖਵਾਦ ਵਿੱਚ ਧਾਰਮਕ ਤੱਤ ਸ਼ਾਮਲ ਹੋ ਸਕਦੇ ਹਨ। ਰਿਪੋਰਟ ਵਿੱਚ ਕਿਹਾ ਗਿਆ ਹੈ, ‘ਕੈਨੇਡਾ ਦੇ ਕਿ੍ਰਮੀਨਲ ਕੋਡ ਦੇ ਤਹਿਤ ਸੂਚੀਬੱਧ ਕਈ ਦਹਿਸ਼ਤਗਰਦ ਸੰਗਠਨਾਂ ਨੂੰ ਕਾਨੂੰਨ ਲਾਗੂ ਕਰਨ ਵਾਲੀਆਂ ਅਤੇ ਖੁਫੀਆ ਏਜੰਸੀਆਂ ਵੱਲੋਂ ਕੈਨੇਡਾ ਤੋਂ ਵਿੱਤੀ ਸਹਾਇਤਾ ਪ੍ਰਾਪਤ ਕਰਦੇ ਦੇਖਿਆ ਗਿਆ ਹੈ। ਇਹ ਸੰਗਠਨ ਪੀ ਐੱਮ ਵੀ ਈ ਸ਼੍ਰੇਣੀ ਵਿੱਚ ਆਉਂਦੇ ਹਨ, ਜਿਵੇਂ ਕਿ ਹਮਾਸ, ਹਿਜ਼ਬੁਲਾ ਅਤੇ ਖਾਲਿਸਤਾਨੀ ਹਿੰਸਕ ਗਰਮਖਿਆਲੀ ਸਮੂਹ ਬੱਬਰ ਖਾਲਸਾ ਇੰਟਰਨੈਸ਼ਨਲ ਅਤੇ ਇੰਟਰਨੈਸ਼ਨਲ ਸਿੱਖ ਯੂਥ ਫੈਡਰੇਸ਼ਨ।’
ਜ਼ਿਕਰਯੋਗ ਹੈ ਕਿ ਕੈਨੇਡਾ ਦੀ ਵਿੱਤੀ ਖੁਫੀਆ ਏਜੰਸੀ ਫਿਨਟਰੈਕ ਨੇ ਆਪਣੀ 2022 ਦੀ ਅਪਰੇਸ਼ਨਲ ਅਲਰਟ ਵਿੱਚ ਹਿਜ਼ਬੁਲਾ ਨੂੰ ਕੈਨੇਡਾ ਤੋਂ ਫੰਡ ਪ੍ਰਾਪਤ ਕਰਨ ਵਾਲੇ ਦੂਜੇ ਸਭ ਤੋਂ ਵੱਧ ਪਛਾਣੇ ਗਏ ਅੰਤਰਰਾਸ਼ਟਰੀ ਦਹਿਸ਼ਤਗਰਦ ਸਮੂਹ ਵਜੋਂ ਦਰਸਾਇਆ ਸੀ। ਨਵਾਂ 2025 ਦਾ ਮੁਲਾਂਕਣ ਪੀ ਐੱਮ ਵੀ ਈ ਸਮੂਹਾਂ ਵੱਲੋਂ ਵਰਤੇ ਜਾਂਦੇ ਵਿੱਤੀ ਢੰਗਾਂ ਬਾਰੇ ਵਿਸਤਾਰ ਵਿੱਚ ਦੱਸਦਾ ਹੈ। ਖਾਲਿਸਤਾਨੀ ਗਰਮਖਿਆਲੀ ਤੱਤ ਖਾਸ ਤੌਰ ’ਤੇ ਉਹ ਜੋ ਪੰਜਾਬ ਵਿੱਚ ਇੱਕ ਸੁਤੰਤਰ ਰਾਜ ਸਥਾਪਤ ਕਰਨ ਲਈ ਹਿੰਸਕ ਸਾਧਨਾਂ ਦੀ ਵਕਾਲਤ ਕਰਦੇ ਹਨ, ’ਤੇ ਵੀ ਸਮਾਨ ਚੈਨਲਾਂ ਰਾਹੀਂ ਫੰਡ ਇਕੱਠੇ ਕਰਨ ਦਾ ਸ਼ੱਕ ਹੈ।
ਇਸ ਦੌਰਾਨ ਹਮਾਸ ਅਤੇ ਹਿਜ਼ਬੁਲਾ, ਜਿਨ੍ਹਾਂ ਨੂੰ ਚੰਗੇ ਸਾਧਨਾਂ ਵਾਲੇ ਵਜੋਂ ਦਰਸਾਇਆ ਗਿਆ ਹੈ, ਨੂੰ ਕਈ ਰਸਤਿਆਂ ਦੀ ਵਰਤੋਂ ਕਰਦੇ ਹੋਏ ਜਾਣਿਆ ਜਾਂਦਾ ਹੈ, ਜਿਨ੍ਹਾਂ ਵਿੱਚ ਮਨੀ ਸਰਵਿਸ ਬਿਜ਼ਨਸ (ਐੱਮ ਐੱਸ ਬੀ), ਬੈਂਕਿੰਗ ਖੇਤਰ, ਕਿ੍ਰਪਟੋਕਰੰਸੀ, ਰਾਜ ਸਪਾਂਸਰਸ਼ਿਪ ਅਤੇ ਚੈਰਿਟੀਜ਼ ਅਤੇ ਗੈਰ-ਲਾਭਕਾਰੀ ਸੰਸਥਾਵਾਂ (ਐੱਨ ਪੀ ਓਜ਼) ਦੀ ਦੁਰਵਰਤੋਂ ਸ਼ਾਮਲ ਹੈ। ਰਿਪੋਰਟ ਵਿੱਚ ਕਿਹਾ ਗਿਆ ਹੈ, ‘ਇਨ੍ਹਾਂ ਸਮੂਹਾਂ ਦਾ ਪਹਿਲਾਂ ਕੈਨੇਡਾ ਵਿੱਚ ਇੱਕ ਵਿਆਪਕ ਫੰਡਰੇਜ਼ਿੰਗ ਨੈੱਟਵਰਕ ਸੀ, ਪਰ ਹੁਣ ਇਨ੍ਹਾਂ ਵਿੱਚ ਅਜਿਹੇ ਵਿਅਕਤੀਆਂ ਦੇ ਛੋਟੇ ਸਮੂਹ ਸ਼ਾਮਲ ਜਾਪਦੇ ਹਨ, ਜਿਨ੍ਹਾਂ ਦੀ ਕਾਜ਼ ਪ੍ਰਤੀ ਵਫ਼ਾਦਾਰੀ ਹੈ, ਪਰ ਕਿਸੇ ਖਾਸ ਸਮੂਹ ਨਾਲ ਕੋਈ ਖਾਸ ਸੰਬੰਧ ਨਹੀਂ।’ ਰਿਪੋਰਟ ਵਿੱਚ ਲਿਆਂਦੀ ਗਈ ਇੱਕ ਮੁੱਖ ਚਿੰਤਾ ਗੈਰ-ਲਾਭਕਾਰੀ ਅਤੇ ਚੈਰੀਟੇਬਲ ਸਰਗਰਮੀਆਂ ਦੀ ਦੁਰਵਰਤੋਂ ਸੀ, ਜੋ ਕਿ ਹਮਾਸ ਅਤੇ ਹਿਜ਼ਬੁਲਾ ਦੇ ਮਾਮਲੇ ਵਿੱਚ ਵਿਆਪਕ ਤੌਰ ’ਤੇ ਦਰਜ ਕੀਤੀ ਗਈ ਇੱਕ ਵਿਧੀ ਹੈ। ਖਾਲਿਸਤਾਨੀ ਨੈੱਟਵਰਕਾਂ ਨੇ ਵੀ ਪਰਵਾਸੀ ਭਾਈਚਾਰਿਆਂ ਤੋਂ ਦਾਨ ਮੰਗਿਆ ਹੈ, ਜਿਸ ਵਿੱਚ ਐੱਨ ਪੀ ਓਜ਼ ਰਾਹੀਂ ਫੰਡ ਇਕੱਠੇ ਕਰਨ ਅਤੇ ਟਰਾਂਸਫਰ ਕਰਨ ਦੇ ਤਰੀਕੇ ਸ਼ਾਮਲ ਹਨ।
ਇਸ ਤੋਂ ਪਹਿਲਾਂ ਕੈਨੇਡਾ ਦੀ ਪ੍ਰਮੁੱਖ ਖੁਫੀਆ ਏਜੰਸੀ, ਕੈਨੇਡੀਅਨ ਸੁਰੱਖਿਆ ਖੁਫੀਆ ਸੇਵਾ (ਸੀ ਐੱਸ ਆਈ ਐੱਸ) ਨੇ ਅਧਿਕਾਰਤ ਤੌਰ ’ਤੇ ਮੰਨਿਆ ਸੀ ਕਿ ਖਾਲਿਸਤਾਨੀ ਗਰਮਖਿਆਲੀ ਭਾਰਤ ਵਿੱਚ ਹਿੰਸਾ ਨੂੰ ਉਤਸ਼ਾਹਤ ਕਰਨ, ਫੰਡ ਇਕੱਠੇ ਕਰਨ ਅਤੇ ਯੋਜਨਾ ਬਣਾਉਣ ਲਈ ਕੈਨੇਡੀਅਨ ਧਰਤੀ ਦੀ ਵਰਤੋਂ ਕਰ ਰਹੇ ਹਨ। ਜੂਨ ਵਿੱਚ ਜਾਰੀ ਕੀਤੀ ਗਈ ਆਪਣੀ ਸਾਲਾਨਾ ਰਿਪੋਰਟ ਵਿੱਚ ਉਸ ਨੇ ਕੈਨੇਡਾ ਦੀ ਕੌਮੀ ਸੁਰੱਖਿਆ ਲਈ ਕੁਝ ਮੁੱਖ ਚਿੰਤਾਵਾਂ ਅਤੇ ਖਤਰਿਆਂ ਨੂੰ ਦਰਸਾਇਆ ਸੀ।
ਕੈਨੇਡਾ ਦੀ ਆਪਣੀ ਖੁਫੀਆ ਸੁਰੱਖਿਆ ਨੇ ਭਾਰਤ ਦੇ ਇਸ ਸਟੈਂਡ ਦੀ ਪੁਸ਼ਟੀ ਕੀਤੀ ਹੈ ਕਿ ਕੈਨੇਡਾ ਭਾਰਤ ਵਿਰੋਧੀ ਤੱਤਾਂ ਲਈ ਇੱਕ ਸੁਰੱਖਿਅਤ ਪਨਾਹਗਾਹ ਬਣ ਗਿਆ ਹੈ। ਰਿਪੋਰਟ ਵਿੱਚ ਬਾਹਰੀ ਪ੍ਰਭਾਵੀ ਮੁਹਿੰਮਾਂ ਅਤੇ ਘਰੇਲੂ ਕੱਟੜਪੰਥੀ ਵਿੱਤੀ ਨੈੱਟਵਰਕਾਂ ਦੋਵਾਂ ਵਿਰੁੱਧ ਲਗਾਤਾਰ ਚੌਕਸੀ ਦੀ ਮੰਗ ਕੀਤੀ ਗਈ ਹੈ।


