ਸ੍ਰੀ ਆਨੰਦਪੁਰ ਸਾਹਿਬ : ਸ਼ੁੱਕਰਵਾਰ ਇਥੇ ਗੁਰੂ ਤੇਗ ਬਹਾਦਰ ਖਾਲਸਾ ਕਾਲਜ ‘ਚ ਪੰਜਾ ਸਾਹਿਬ ਦੇ ਸ਼ਹੀਦੀ ਸਾਕੇ ਦੀ ਪਹਿਲੀ ਸ਼ਤਾਬਦੀ ਨੂੰ ਸਮਰਪਿਤ ਵਿਸ਼ੇਸ਼ ਸੈਮੀਨਾਰ ਦਾ ਪ੍ਰਧਾਨਗੀ ਭਾਸ਼ਣ ਦਿੰਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਸਿੱਖਾਂ ਨੂੰ ਮੁੱਢ-ਕਦੀਮ ਤੋਂ ਹੀ ਜਬਰ-ਜ਼ੁਲਮ ਦੇ ਵਿਰੁਧ ਜੂਝਣ ਦੀ ਸ਼ਕਤੀ ਪਵਿੱਤਰ ਗੁਰਧਾਮਾਂ ਤੋਂ ਮਿਲਦੀ ਰਹੀ ਹੈ | ਉਨ੍ਹਾ ਕਿਹਾ ਕਿ ਇਸੇ ਮੰਤਵ ਨੂੰ ਵੇਖਦਿਆਂ ਅੰਗਰੇਜ਼ਾਂ ਨੇ ਆਪਣੇ ਪਿੱਠੂ ਮਹੰਤਾਂ ਨੂੰ ਗੁਰਦੁਆਰਿਆਂ ‘ਤੇ ਕਾਬਜ਼ ਕਰਵਾਇਆ ਅਤੇ ਅੱਜ ਵੀ ਸਰਕਾਰਾਂ ਸਿੱਖਾਂ ਕੋਲੋਂ ਪਾਵਨ ਗੁਰਧਾਮਾਂ ਦੀ ਸੇਵਾ-ਸੰਭਾਲ ਖੋਹ ਰਹੀਆਂ ਹਨ | ਤਖਤ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਵੀਹਵੀਂ ਸਦੀ ਦੇ ਆਰੰਭ ‘ਚ ਗੁਰਦੁਆਰਾ ਸੁਧਾਰ ਲਹਿਰ ਤੋਂ ਸੇਧ ਲੈ ਕੇ ਅਜੋਕੇ ਹਾਲਾਤਾਂ ਦਾ ਮੁਕਾਬਲਾ ਕਰਨ ਅਤੇ ਸਿੱਖ ਸੰਸਥਾਵਾਂ ਦੇ ਵੱਕਾਰ ਨੂੰ ਬਚਾਉਣ ਦੀ ਲੋੜ ‘ਤੇ ਜ਼ੋਰ ਦਿੱਤਾ | ਧੰਨਵਾਦੀ ਭਾਸ਼ਣ ਵਿਚ ਸ਼੍ਰੋਮਣੀ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰੋਫੈਸਰ ਕਿਰਪਾਲ ਸਿੰਘ ਬਡੂੰਗਰ ਨੇ ਕਿਹਾ ਕਿ ਅੱਜ ਸਿੱਖਾਂ ਦੀਆਂ ਸਾਰੀਆਂ ਸਮੱਸਿਆਵਾਂ ਦਾ ਕਾਰਨ ਗੁਰੂ ਸਿਧਾਂਤਾਂ ਤੋਂ ਦੂਰ ਹੋਣਾ ਹੈ | ਉਨ੍ਹਾ ਕਿਹਾ ਕਿ ਗੁਰਦੁਆਰਾ ਪੰਜਾ ਸਾਹਿਬ ਸਾਕੇ ਦੌਰਾਨ ਸਿੱਖਾਂ ਵਲੋਂ ਜਬਰ ਦਾ ਮੁਕਾਬਲਾ ਸਬਰ ਨਾਲ ਕਰਨ ਪਿੱਛੇ ਸਾਰੀ ਸ਼ਕਤੀ ਗੁਰਬਾਣੀ ਦੀ ਸੀ | ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਗੁਰੂ ਤੇਗ ਬਹਾਦਰ ਖਾਲਸਾ ਕਾਲਜ ਦੇ ਆਨਰੇਰੀ ਸਕੱਤਰ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਪੰਜਾ ਸਾਹਿਬ ਵਰਗੇ ਸਾਕਿਆਂ ਵਿਚੋਂ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਦਾ ਗਠਨ ਗੁਰਦੁਆਰਿਆਂ ਦੀ ਸੇਵਾ ਸੰਭਾਲ ਅਤੇ ਪੰਥਕ ਹਿਤਾਂ ਦੀ ਰਖਵਾਲੀ ਲਈ ਹੋਇਆ ਸੀ | ਉੱਘੇ ਸਿੱਖ ਵਿਦਵਾਨ ਡਾ. ਇੰਦਰਜੀਤ ਸਿੰਘ ਗੋਗੋਆਣੀ ਨੇ ਸ਼ਹੀਦੀ ਸਾਕਿਆਂ ਦੇ ਸੰਦਰਭ ਵਿਚ ਸਿੱਖ ਸਮਾਜ ਦੀ ਵਰਤਮਾਨ ਸਥਿਤੀ ਬਾਰੇ ਵਿਚਾਰ ਰੱਖੇ | ਇਸ ਮੌਕੇ ਡਾ. ਹਰਦੇਵ ਸਿੰਘ ਮੁਖੀ ਧਰਮ ਅਧਿਐਨ ਵਿਭਾਗ ਗੁਰੂ ਗ੍ਰੰਥ ਸਾਹਿਬ ਵਿਸ਼ਵ ਯੂਨੀਵਰਸਿਟੀ ਨੇ ਕਿਹਾ ਕਿ ਸਿੱਖਾਂ ਨੂੰ ਅਜੋਕੇ ਸਮੇਂ ਵਿਸ਼ਵ ਪ੍ਰਸੰਗ ਵਿਚ ਆਪਣੀ ਭੂਮਿਕਾ ਅਤੇ ਹੋਂਦ ਤੈਅ ਕਰਨ ਲਈ ਵੀਹਵੀਂ ਸਦੀ ਦੇ ਸਾਕਿਆਂ ਨੂੰ ਨਵੀਆਂ ਅੰਤਰ-ਦਿ੍ਸ਼ਟੀਆਂ ਤੋਂ ਪਰਿਭਾਸ਼ਤ ਕਰਨ ਦੀ ਲੋੜ ਹੈ | ਡਾ. ਪਰਮਜੀਤ ਕੌਰ ਮੁਖੀ ਧਰਮ ਅਧਿਐਨ ਵਿਭਾਗ ਗੁਰੂ ਤੇਗ ਬਹਾਦਰ ਖਾਲਸਾ ਕਾਲਜ ਨੇ ਕੁੰਜੀਵਤ ਭਾਸ਼ਣ ਵਿਚ ਕਿਹਾ ਕਿ ਸਿੱਖਾਂ ਨੇ ਹਮੇਸਾ ਗੁਰਬਾਣੀ ਤੋਂ ਆਤਮਿਕ ਬਲ ਹਾਸਲ ਕਰਕੇ ਹੀ ਸੰਘਰਸ਼ ਲੜੇ ਤੇ ਜਿੱਤੇ ਹਨ | ਮੰਚ ਸੰਚਾਲਨ ਸ਼ੋ੍ਰਮਣੀ ਕਮੇਟੀ ਮੈਂਬਰ ਭਾਈ ਅਮਰਜੀਤ ਸਿੰਘ ਚਾਵਲਾ ਨੇ ਕੀਤਾ |