ਪਟਿਆਲਾ (ਰਾਜਿੰਦਰ ਸਿੰਘ ਥਿੰਦ)
ਪੰਜਾਬ ਸਰਕਾਰ ਵੱਲੋਂ ਹੜ੍ਹ ਪੀੜਤ ਪਰਵਾਰਾਂ ਨੂੰ ਸਮੇਂ ਸਿਰ ਸਹਾਇਤਾ ਪਹੁੰਚਾਉਣ ਦੇ ਲਗਾਤਾਰ ਯਤਨਾਂ ਨੂੰ ਅੱਗੇ ਵਧਾਉਦੇ ਹੋਏ ਪੰਜਾਬ ਦੇ ਸਿਹਤ ਤੇ ਪਰਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਸੋਮਵਾਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਤਰਫ਼ੋਂ ਪਟਿਆਲਾ ਤੋਂ 16 ਟਰੱਕਾਂ ਵਿਚ ਭੇਜੀ ਗਈ ਰਾਹਤ ਸਮੱਗਰੀ ਨੂੰ ਰਵਾਨਾ ਕੀਤਾ।
ਇਹ ਰਾਹਤ ਸਮੱਗਰੀ, ਜੋ ਕਿ ਪੰਜਾਬ ਰਾਈਸ ਮਿਲਰਜ਼ ਐਸੋਸੀਏਸ਼ਨ ਵੱਲੋਂ ਇਕੱਠੀ ਕੀਤੀ ਗਈ ਹੈ, ਵਿੱਚ ਪਸ਼ੂਆਂ ਲਈ ਸਾਇਲੇਜ, 5 ਹਜ਼ਾਰ ਰਾਸ਼ਨ ਕਿੱਟਾਂ (ਜਿਨ੍ਹਾਂ ਵਿੱਚ ਜ਼ਰੂਰੀ ਖਾਣ-ਪੀਣ ਦੀਆਂ ਚੀਜ਼ਾਂ ਸ਼ਾਮਲ ਹਨ), ਮੈਡੀਕਲ ਕਿੱਟਾਂ, ਓ ਆਰ ਐੱਸ, ਪੀਣ ਵਾਲੇ ਪਾਣੀ ਦੀਆਂ ਬੋਤਲਾਂ, ਓਡੋਮੋਸ ਅਤੇ ਰੋਜ਼ਾਨਾ ਵਰਤੋਂ ਵਾਲੀਆਂ ਹੋਰ ਜ਼ਰੂਰੀ ਚੀਜ਼ਾਂ ਸ਼ਾਮਲ ਹਨ। ਇਹ ਟਰੱਕ ਖ਼ਾਸ ਤੌਰ ’ਤੇ ਪਠਾਨਕੋਟ, ਗੁਰਦਾਸਪੁਰ, ਅੰਮਿ੍ਰਤਸਰ ਅਤੇ ਹੋਰ ਸਰਹੱਦੀ ਜ਼ਿਲ੍ਹਿਆਂ ਵੱਲ ਭੇਜੇ ਜਾ ਰਹੇ ਹਨ, ਜੋ ਹੜ੍ਹ ਕਾਰਨ ਸਭ ਤੋਂ ਵੱਧ ਪ੍ਰਭਾਵਤ ਹੋਏ ਹਨ।
ਡਾ. ਬਲਬੀਰ ਸਿੰਘ ਨੇ ਕਿਹਾ ਕਿ ਇਹ ਪਹਿਲ ਪੰਜਾਬੀਆਂ ਦੀ ਚੜ੍ਹਦੀਕਲਾ ਨੂੰ ਦਰਸਾਉਦੀ ਹੈ, ਜਿੱਥੇ ਲੋਕ ਆਪਣੀਆਂ ਮੁਸ਼ਕਲਾਂ ਤੋਂ ਉੱਪਰ ਉਠ ਕੇ ਹੋਰ ਪੀੜਤਾਂ ਦੀ ਸਹਾਇਤਾ ਲਈ ਅੱਗੇ ਆਉਦੇ ਹਨ। ਉਨ੍ਹਾ ਕਿਹਾ ਕਿ ਹਾਲਾਂਕਿ ਪਟਿਆਲਾ ਜ਼ਿਲ੍ਹਾ ਵੀ ਹੜ੍ਹ ਨਾਲ ਪ੍ਰਭਾਵਤ ਹੈ, ਪਰ ਇੱਥੋਂ ਦੇ ਲੋਕਾਂ ਅਤੇ ਸੰਸਥਾਵਾਂ ਨੇ ਸਭ ਤੋਂ ਜ਼ਿਆਦਾ ਪ੍ਰਭਾਵਤ ਜ਼ਿਲ੍ਹਿਆਂ ਦੀ ਮਦਦ ਕਰ ਕੇ ਮਨੁੱਖਤਾ ਦੀ ਮਿਸਾਲ ਪੇਸ਼ ਕੀਤੀ ਹੈ।ਸਿਹਤ ਮੰਤਰੀ ਨੇ ਖ਼ਾਸ ਤੌਰ ’ਤੇ ਪੰਜਾਬ ਰਾਈਸ ਮਿਲਰਜ਼ ਐਸੋਸੀਏਸ਼ਨ ਦੀ ਸਹਾਇਤਾ ਦੀ ਸਰਾਹਨਾ ਕੀਤੀ, ਜਿਨ੍ਹਾਂ 16 ਟਰੱਕਾਂ ਦੀ ਇਹ ਰਾਹਤ ਸਮੱਗਰੀ ਇਕੱਠੀ ਕਰਨ ਲਈ ਅਹਿਮ ਭੂਮਿਕਾ ਨਿਭਾਈ। ਇਸੇ ਤਰ੍ਹਾਂ ਉਨ੍ਹਾਂ ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਹਰਚੰਦ ਸਿੰਘ ਬਰਸਟ, ਡਾਇਰੈਕਟਰ ਖ਼ੁਰਾਕ ਤੇ ਸਿਵਲ ਸਪਲਾਈਜ਼ ਅਤੇ ਖਪਤਕਾਰ ਸੁਰੱਖਿਆ ਮਾਮਲੇ ਵਰਿੰਦਰ ਕੁਮਾਰ, ਡਿਪਟੀ ਕਮਿਸ਼ਨਰ ਪਟਿਆਲਾ ਡਾ. ਪ੍ਰੀਤੀ ਯਾਦਵ ਅਤੇ ਆਲ ਇੰਡੀਆ ਰਾਈਸ ਮਿਲਰਜ਼ ਐਸੋਸੀਏਸ਼ਨ ਦੇ ਪ੍ਰਧਾਨ ਤਰਸੇਮ ਸੈਣੀ ਦੀ ਵੀ ਖੁੱਲ੍ਹ ਕੇ ਪ੍ਰਸੰਸਾ ਕੀਤੀ, ਜਿਨ੍ਹਾਂ ਮਿਲ ਕੇ ਪੀੜਤ ਲੋਕਾਂ ਤੱਕ ਸਮੇਂ ਸਿਰ ਮਦਦ ਪਹੁੰਚਾਉਣ ਵਿੱਚ ਅਹਿਮ ਯੋਗਦਾਨ ਪਾਇਆ ਹੈ।





