ਕਠਮੰਡੂ : ਨੇਪਾਲ ਸਰਕਾਰ ਵੱਲੋਂ ਫੇਸਬੁਕ, ਐੱਕਸ ਤੇ ਯੂਟਿਊਬ ਸਣੇ 26 ਸੋਸ਼ਲ ਮੀਡੀਆ ਪਲੇਟਫਾਰਮਾਂ ’ਤੇ ਪਾਬੰਦੀ ਲਗਾਉਣ ਤੋਂ ਬਾਅਦ ਸੋਮਵਾਰ ਰਾਜਧਾਨੀ ਕਠਮੰਡੂ ’ਚ ਗੁੱਸੇ ’ਚ ਆਏ ਨੌਜਵਾਨ ਨੇਪਾਲ ਦੀ ਸੰਸਦ ’ਚ ਦਾਖਲ ਹੋ ਗਏ। ਇਸ ਦੌਰਾਨ ਪੁਲਸ ਤੇ ਫੌਜ ਦੀ ਫਾਇਰਿੰਗ ’ਚ 18 ਪ੍ਰਦਰਸ਼ਨਕਾਰੀਆਂ ਦੀ ਮੌਤ ਹੋ ਗਈ ਤੇ 200 ਤੋਂ ਵੱਧ ਜ਼ਖਮੀ ਹੋ ਗਏ।
‘ਜੈਨ ਜ਼ੈੱਡ’ (1995 ਤੋਂ 2010 ਵਿਚਾਲੇ ਜਨਮੇ ਲੋਕ) ਦੇ ਪ੍ਰਦਰਸ਼ਨਕਾਰੀ ਨਾਅਰੇ ਲਾ ਰਹੇ ਸਨ : ਸੋਸ਼ਲ ਮੀਡੀਆ ’ਤੇ ਪਾਬੰਦੀ ਦੀ ਥਾਂ ਕੁਰੱਪਸ਼ਨ ਰੋਕੋ। ਉਨ੍ਹਾ ਸੁਰਖ ਤੇ ਨੀਲੇ ਕੌਮੀ ਝੰਡੇ ਚੁੱਕੇ ਹੋਏ ਸਨ। ਪ੍ਰਦਰਸ਼ਨਕਾਰੀ ਕੰਡਿਆਲੀਆਂ ਤਾਰਾਂ ਟੱਪ ਗਏ ਤੇ ਪੁਲਸ ਨੂੰ ਪਿੱਛੇ ਮੁੜਨ ਲਈ ਮਜਬੂਰ ਕਰਕੇ ਨਿਊ ਬਨੇਸ਼ਵਰ ਵਿਖੇ ਸੰਸਦ ਨੂੰ ਘੇਰ ਲਿਆ। ਇਸ ਤੋਂ ਬਾਅਦ ਪ੍ਰਸ਼ਾਸਨ ਨੇ ਕਰਫਿਊ ਲਾ ਦਿੱਤਾ। ਪੁਲਸ ਨੇ ਹੰਝੂ ਗੈਸ ਛੱਡੀ ਤੇ ਜਲ ਤੋਪਾਂ ਚਲਾਈਆਂ, ਪਰ ਨੌਜਵਾਨ ਵਧੇਰੇ ਹੋਣ ਕਰਕੇ ਉਸ ਦੀ ਪੇਸ਼ ਨਹੀਂ ਗਈ ਤੇ 12 ਹਜ਼ਾਰ ਪ੍ਰਦਰਸ਼ਨਕਾਰੀ ਸੰਸਦ ਵਿੱਚ ਵੜ ਗਏ। ਇਸ ਤੋਂ ਬਾਅਦ ਪ੍ਰਸ਼ਾਸਨ ਨੇ ਕਈ ਹਿੱਸਿਆਂ ਵਿੱਚ ਕਰਫਿਊ ਲਾ ਦਿੱਤਾ। ਫੌਜ ਨੇ ਫਾਇਰਿੰਗ ਕੀਤੀ। ਨੇਪਾਲ ਦੇ ਇਤਿਹਾਸ ਵਿੱਚ ਪਹਿਲੀ ਵਾਰ ਸੰਸਦ ਵਿੱਚ ਘੁਸਪੈਠ ਕੀਤੀ ਗਈ ਹੈ। ਸੁਪਰੀਮ ਕੋਰਟ ਨੇ ਨਿਰਦੇਸ਼ ਦਿੱਤਾ ਸੀ ਕਿ ਸਾਰੇ ਸੋਸ਼ਲ ਮੀਡੀਆ ਪਲੇਟਫਾਰਮ 7 ਦਿਨ ਵਿੱਚ ਰਜਿਸਟ੍ਰੇਸ਼ਨ ਕਰਾਉਣ। ਸਰਕਾਰ ਦੀ ਦਲੀਲ ਸੀ ਕਿ ਇਨ੍ਹਾਂ ਤੋਂ ਫੇਕ ਖਬਰਾਂ ਫੈਲਾਈਆਂ ਜਾਂਦੀਆਂ ਹਨ। ਯੂਟਿਊਬ ਸਣੇ 26 ਕੰਪਨੀਆਂ ਨੇ ਰਜਿਸਟ੍ਰੇਸ਼ਨ ਨਹੀਂ ਕਰਾਈ।
ਇਸ ਤੋਂ ਬਾਅਦ ਸਰਕਾਰ ਨੇ ਇਨ੍ਹਾਂ ’ਤੇ ਰੋਕ ਲਾ ਦਿੱਤੀ। ਤਾਜ਼ਾ ਰਿਪੋਰਟ ਸੀ ਕਿ ਪ੍ਰੋਟੈੱਸਟ ਤੋਂ ਬਾਅਦ ਸਰਕਾਰ ਨੇ ਰੋਕ ਹਟਾ ਲਈ।



