ਨਵੀਂ ਦਿੱਲੀ : ਕਾਂਗਰਸ ਦੀ ਭਾਰਤ ਜੋੜੋ ਯਾਤਰਾ ‘ਤੇ ਪਹਿਲੇ ਦਿਨ ਤੋਂ ਹੀ ਹਮਲਾਵਰ ਭਾਜਪਾ ਨੇ ਸ਼ੁੱਕਰਵਾਰ ਕਿਹਾ ਕਿ ਮਹਿੰਗਾਈ ਦਾ ਰੌਲਾ ਪਾ ਰਹੇ ਰਾਹੁਲ ਨੇ ਜਿਹੜੀ ਟੀ-ਸ਼ਰਟ ਪਾਈ ਹੈ, ਉਹ 41 ਹਜ਼ਾਰ 257 ਰੁਪਏ ਦੀ ਹੈ | ਇਸ ਦੇ ਜਵਾਬ ਵਿਚ ਕਾਂਗਰਸ ਨੇ ਕਿਹਾ—ਅਰੇ, ਘਬਰਾ ਗਏ ਕਯਾ? ਭਾਰਤ ਜੋੜੋ ਯਾਤਰਾ ਮੇਂ ਉਮੜੇ ਜਨਸੈਲਾਬ ਕੋ ਦੇਖ ਕਰ | ਮੱੁਦੇ ਕੀ ਬਾਤ ਕਰੋ, ਬੇਰੁਜ਼ਗਾਰੀ ਔਰ ਮਹਿੰਗਾਈ ਪਰ ਬੋਲੋ | ਬਾਕੀ ਕਪੜੋਂ ਪਰ ਚਰਚਾ ਕਰਨੀ ਹੈ ਤੋ ਮੋਦੀ ਜੀ ਕੇ 10 ਲਾਖ ਕੇ ਸੂਟ ਔਰ ਡੇਢ ਲਾਖ ਕੇ ਚਸ਼ਮੇ ਤਕ ਬਾਤ ਜਾਏਗੀ | ਬਤਾਓ ਕਰਨੀ ਹੈ? ਇਸੇ ਦੌਰਾਨ ਪਾਰਟੀ ਦੀ ਮੁੜ ਅਗਵਾਈ ਕਰਨ ਬਾਰੇ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਕਿਹਾ ਕਿ ਪਾਰਟੀ ਚੋਣਾਂ ਹੋਣ ‘ਤੇ ਇਹ ਸਪੱਸ਼ਟ ਹੋ ਜਾਵੇਗਾ ਕਿ ਮੈਂ ਕਾਂਗਰਸ ਪ੍ਰਧਾਨ ਬਣਾਂਗਾ ਜਾਂ ਨਹੀਂ | ਇਸ ਲਈ ਉਦੋਂ ਤੱਕ ਇੰਤਜ਼ਾਰ ਕਰੋ | ਉਨ੍ਹਾ ਕਿਹਾ ਕਿ ਭਾਰਤ ਜੋੜੋ ਯਾਤਰਾ ਇਹ ਸਮਝਾਉਣ ਦੀ ਕੋਸ਼ਿਸ਼ ਹੈ ਕਿ ਜ਼ਮੀਨੀ ਪੱਧਰ ‘ਤੇ ਕੀ ਹੋ ਰਿਹਾ ਹੈ ਤੇ ਨਾਲ ਹੀ ਇਹ ਭਾਰਤੀ ਜਨਤਾ ਪਾਰਟੀ ਅਤੇ ਆਰ ਐੱਸ ਐੱਸ ਵੱਲੋਂ ਕੀਤੇ ਗਏ ਨੁਕਸਾਨ ਦੀ ਭਰਪਾਈ ਕਰਨ ਦੀ ਕੋਸ਼ਿਸ਼ ਹੈ | ਤਿ੍ਣਮੂਲ ਕਾਂਗਰਸ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਚਿਹਰੇ ਵਰਗੇ ਕਾਰਟੂਨ ਵਾਲੀ ਟੀ-ਸ਼ਰਟ ਨਾਲ ਪ੍ਰਚਾਰ ਮੁਹਿੰਮ ਸ਼ੁਰੂ ਕੀਤੀ ਹੈ | ਕਾਰਟੂਨ ਦੇ ਥੱਲੇ ਲਿਖਿਆ ਹੈ—ਭਾਰਤ ਦਾ ਸਭ ਤੋਂ ਵੱਡਾ ਪੱਪੂ | ਪੱਪੂ ਦੀ ਅੱਲ ਭਾਜਪਾ ਨੇ ਰਾਹੁਲ ਗਾਂਧੀ ਲਈ ਘੜੀ ਸੀ ਤੇ ਹੁਣ ਤਿ੍ਣਮੂਲ ਕਾਂਗਰਸ ਨੇ ਇਸ ਨਾਲ ਸ਼ਾਹ ਨੂੰ ਨਿਸ਼ਾਨੇ ‘ਤੇ ਲਿਆ ਹੈ |
ਪਾਰਟੀ ਦੇ ਕੌਮੀ ਜਨਰਲ ਸਕੱਤਰ ਅਭਿਸ਼ੇਕ ਬੈਨਰਜੀ ਨੇ ਈ ਡੀ ਵੱਲੋਂ ਕੋਲਾ ਸਮੱਗਲਿੰਗ ਕੇਸ ਵਿਚ ਸੱਤ ਘੰਟੇ ਤੋਂ ਵੱਧ ਪੁੱਛਗਿੱਛ ਤੋਂ ਬਾਅਦ 2 ਸਤੰਬਰ ਨੂੰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ਼ਾਹ ਨੂੰ ਭਾਰਤ ਦਾ ਸਭ ਤੋਂ ਵੱਡਾ ਪੱਪੂ ਕਿਹਾ ਸੀ | ਅਗਲੇ ਦਿਨ ਬੈਨਰਜੀ ਦੇ ਰਿਸ਼ਤੇਦਾਰਾਂ ਆਕਾਸ਼ ਬੈਨਰਜੀ ਤੇ ਅਦਿਤੀ ਗਾਯੇਨ ਨੇ ਸ਼ਾਹ ਦੇ ਕਾਰਟੂਨ ਵਾਲੀ ਟੀ-ਸ਼ਰਟ ਸੋਸ਼ਲ ਮੀਡੀਆ ‘ਤੇ ਧੁਮਾ ਦਿੱਤੀ | ਹੁਣ ਪਾਰਟੀ ਆਪਣੇ ਵਰਕਰਾਂ ਨੂੰ ਕਹਿ ਰਹੀ ਹੈ ਕਿ ਉਹ 300 ਰੁਪਏ ਦੀ ਇਹ ਟੀ-ਸ਼ਰਟ ਪਾਉਣ | ਅਕਤੂਬਰ ਦੇ ਪਹਿਲੇ ਹਫਤੇ ਦੁਰਗਾ ਪੂਜਾ ਸ਼ੁਰੂ ਹੋ ਰਹੀ ਹੈ ਤੇ ਇਸ ਦੌਰਾਨ ਲੋਕ ਪੂਜਾ ਪੰਡਾਲਾਂ ਵਿਚ ਵੱਡੀ ਗਿਣਤੀ ‘ਚ ਆਉਂਦੇ ਹਨ | ਪਾਰਟੀ ਇਸ ਮੌਕੇ ਟੀ-ਸ਼ਰਟਾਂ ਵੰਡ ਕੇ ਸ਼ਾਹ ਵਿਰੁੱਧ ਤਕੜਾ ਪ੍ਰਚਾਰ ਕਰਨਾ ਚਾਹੁੰਦੀ ਹੈ |