ਨਵੀਂ ਦਿੱਲੀ : ਸੁਪਰੀਮ ਕੋਰਟ ਨੇ ਪੱਤਰਕਾਰ ਸਿੱਦੀਕੀ ਕੱਪਨ ਦੀ ਜ਼ਮਾਨਤ ਪਟੀਸ਼ਨ ਸ਼ੁੱਕਰਵਾਰ ਸਵੀਕਾਰ ਕਰ ਲਈ | ਉਸ ਨੂੰ ਸਾਲ 2020 ਵਿਚ ਹਾਥਰਸ ਜਾਂਦੇ ਸਮੇਂ ਗਿ੍ਫਤਾਰ ਕੀਤਾ ਗਿਆ ਸੀ | ਚੀਫ ਜਸਟਿਸ ਉਦੈ ਉਮੇਸ਼ ਲਲਿਤ ਦੀ ਅਗਵਾਈ ਵਾਲੀ ਬੈਂਚ ਨੇ ਕੱਪਨ ਨੂੰ ਯੂ ਪੀ ਦੀ ਜੇਲ੍ਹ ਤੋਂ ਰਿਹਾਈ ਤੋਂ ਬਾਅਦ ਅਗਲੇ ਛੇ ਹਫਤਿਆਂ ਤੱਕ ਦਿੱਲੀ ‘ਚ ਰਹਿਣ ਦਾ ਨਿਰਦੇਸ਼ ਦਿੱਤਾ | ਬੈਂਚ ਨੇ ਉਸ ‘ਤੇ ਕੁਝ ਸ਼ਰਤਾਂ ਲਗਾਈਆਂ ਹਨ, ਜਿਸ ‘ਚ ਉਸ ਨੂੰ ਆਪਣਾ ਪਾਸਪੋਰਟ ਸੌਂਪਣ ਅਤੇ ਹਰ ਸੋਮਵਾਰ ਨੂੰ ਪੁਲਸ ਸਟੇਸਨ ‘ਚ ਰਿਪੋਰਟ ਕਰਨ ਲਈ ਕਿਹਾ ਗਿਆ ਹੈ | ਛੇ ਹਫਤੇ ਦਿੱਲੀ ਰਹਿਣ ਤੋਂ ਬਾਅਦ ਕੱਪਨ ਕੇਰਲਾ ਜਾਣ ਲਈ ਆਜ਼ਾਦ ਹੋਵੇਗਾ, ਜਿੱਥੇ ਉਸ ਨੂੰ ਹਰ ਸੋਮਵਾਰ ਸਥਾਨਕ ਥਾਣੇ ਵਿਚ ਹਾਜ਼ਰੀ ਲੁਆਉਣੀ ਪਏਗੀ | ਕੱਪਨ ‘ਤੇ ਯੂ ਪੀ ਪੁਲਸ ਨੇ ਪਾਪੂਲਰ ਫਰੰਟ ਆਫ ਇੰਡੀਆ ਨਾਲ ਰਲੇ ਹੋਣ ਦਾ ਦੋਸ਼ ਲਾਉਂਦਿਆਂ ਗੈਰ-ਕਾਨੂੰਨੀ ਸਰਗਰਮੀਆਂ ਰੋਕੂ ਕਾਨੂੰਨ ਲਾਇਆ ਸੀ | ਚੀਫ ਜਸਟਿਸ ਲਲਿਤ, ਜਸਟਿਸ ਐੱਸ ਰਵਿੰਦਰ ਭੱਜ ਤੇ ਜਸਟਿਸ ਪੀ ਐੱਸ ਨਰਸਿਮਹਾ ਦੀ ਬੈਂਚ ਨੇ ਕੇਰਲਾ ਦੇ ਪੱਤਰਕਾਰ ਕੱਪਨ ਨੂੰ ਜ਼ਮਾਨਤ ਦਿੰਦਿਆਂ ਕਿਹਾ ਕਿ ਉਸ ਨੂੰ ਤਿੰਨ ਦਿਨਾਂ ਵਿਚ ਟਰਾਇਲ ਕੋਰਟ ਅੱਗੇ ਪੇਸ਼ ਕੀਤਾ ਜਾਵੇ, ਜਿਹੜੀ ਜ਼ਮਾਨਤ ਦੀਆਂ ਸ਼ਰਤਾਂ ਤੈਅ ਕਰੇਗੀ | ਬੈਂਚ ਨੇ ਕਿਹਾ ਕਿ ਉਸ ਨੇ ਕੱਪਨ ਬਾਰੇ ਕੁਝ ਦਸਤਾਵੇਜ਼ ਦੇਖੇ ਹਨ | ਇਸ ਵੇਲੇ ਉਹ ਇਨ੍ਹਾਂ ਦਸਤਾਵੇਜ਼ਾਂ ਤੇ ਜਾਂਚ ਦੀ ਪ੍ਰਗਤੀ ਬਾਰੇ ਕੋਈ ਟਿੱਪਣੀ ਨਹੀਂ ਕਰੇਗੀ | ਉਹ ਉਸ ਨੂੰ ਏਨਾ ਲੰਮਾ ਸਮਾਂ ਹਿਰਾਸਤ ਵਿਚ ਰੱਖੇ ਜਾਣ ਦੇ ਮੱਦੇਨਜ਼ਰ ਜ਼ਮਾਨਤ ਦੇ ਰਹੀ ਹੈ | ਬੈਂਚ ਨੇ ਇਹ ਗੱਲ ਜ਼ਰੂਰ ਕਹੀ ਕਿ ਉਸ ਕੋਲੋਂ ਕੋਈ ਵਿਸਫੋਟਕ ਨਹੀਂ ਮਿਲਿਆ | ਕਾਰ ਵਿਚੋਂ ਜਿਹੜੇ ਮਟੀਰੀਅਲ ਦੇ ਮਿਲਣ ਦੀ ਗੱਲ ਕੀਤੀ ਜਾ ਰਹੀ ਹੈ, ਉਸ ਨਾਲ ਉਸ ਨੇ ਕੋਈ ਪ੍ਰਚਾਰ ਨਹੀਂ ਕੀਤਾ | ਕੱਪਨ ਤੇ ਹੋਰ 5 ਅਕਤੂਬਰ 2020 ਨੂੰ ਹਾਥਰਸ ਜਾ ਰਹੇ ਸੀ, ਜਿੱਥੇ ਇਕ ਦਲਿਤ ਕੁੜੀ ਨੂੰ ਬਲਾਤਕਾਰ ਤੋਂ ਬਾਅਦ ਕਤਲ ਕਰ ਦਿੱਤਾ ਗਿਆ ਸੀ | ਕੱਪਨ ਨੇ ਕਿਹਾ ਸੀ ਕਿ ਉਹ ਘਟਨਾ ਦੀ ਰਿਪੋਰਟਿੰਗ ਕਰਨ ਜਾ ਰਿਹਾ ਸੀ, ਪਰ ਯੂ ਪੀ ਪੁਲਸ ਨੇ ਕਿਹਾ ਸੀ ਕਿ ਉਸ ਨੂੰ ਇਕ ਦਹਿਸ਼ਤਗਰਦ ਗਰੁੱਪ ਨੇ ਪੈਸੇ ਦੇ ਕੇ ਸਮਾਜ ਵਿਚ ਨਫਰਤ ਫੈਲਾਉਣ ਲਈ ਭੇਜਿਆ ਸੀ |