ਥਾਈਲੈਂਡ ਦੇ ਸਾਬਕਾ ਪ੍ਰਧਾਨ ਮੰਤਰੀ ਸ਼ਿਨਾਵਾਤਰਾ ਨੂੰ ਹਸਪਤਾਲ ਦੀ ਥਾਂ ਜੇਲ੍ਹ ’ਚ ਰੱਖਣ ਦਾ ਹੁਕਮ

0
111

ਬੈਂਕਾਕ : ਸੁਪਰੀਮ ਕੋਰਟ ਨੇ ਭਿ੍ਰਸ਼ਟਾਚਾਰ ਤੇ ਸੱਤਾ ਦੀ ਦੁਰਵਰਤੋਂ ਕਰਨ ਦੇ ਦੋਸ਼ ਹੇਠ ਥਾਈਲੈਂਡ ਦੇ ਸਾਬਕਾ ਪ੍ਰਧਾਨ ਮੰਤਰੀ ਥਾਕਸਿਨ ਸ਼ਿਨਾਵਾਤਰਾ ਨੂੰ ਮੰਗਲਵਾਰ ਜੇਲ੍ਹ ਭੇਜ ਦਿੱਤਾ। ਅਦਾਲਤ ਨੇ ਸ਼ਿਨਵਾਤਰਾ ਦੀ ਹਸਪਤਾਲ ਵਿੱਚ ਨਜ਼ਰਬੰਦੀ ਨੂੰ ਜੇਲ੍ਹ ਤੋਂ ਬਚਣ ਦੀ ਚਾਲ ਕਰਾਰ ਦਿੰਦਿਆਂ ਇੱਕ ਸਾਲ ਜੇਲ੍ਹ ਜਾਣ ਦੇ ਹੁਕਮ ਸੁਣਾਏ। ਅਦਾਲਤ ਦੇ ਇਸ ਫੈਸਲੇ ਨਾਲ ਦੋ ਦਹਾਕਿਆਂ ਤੋਂ ਰਾਜਨੀਤੀ ’ਤੇ ਹਾਵੀ ਰਹੇ ਸ਼ਕਤੀਸ਼ਾਲੀ ਸ਼ਿਨਾਵਾਤਰਾ ਪਰਵਾਰ ਨੂੰ ਵੱਡਾ ਝਟਕਾ ਲੱਗਿਆ ਹੈ।
ਸ਼ਿਨਾਵਾਤਰਾ ਨੇ 15 ਸਾਲਾਂ ਦੀ ਸਵੈ-ਜਲਾਵਤਨੀ ਤੋਂ ਬਾਅਦ ਥਾਈਲੈਂਡ ਦੀ ਜੇਲ੍ਹ ਵਿੱਚ ਸਿਰਫ ਕੁਝ ਘੰਟੇ ਹੀ ਬਿਤਾਏ ਸਨ ਤੇ ਉਸ ਨੂੰ ਦਿਲ ਦੀ ਸਮੱਸਿਆ ਤੇ ਛਾਤੀ ਵਿੱਚ ਦਰਦ ਦੀ ਸ਼ਿਕਾਇਤ ਤੋਂ ਬਾਅਦ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਜ਼ਿਕਰਯੋਗ ਹੈ ਕਿ 2001-2006 ਤੱਕ ਸ਼ਿਨਾਵਾਤਰਾ ’ਤੇ ਪ੍ਰਧਾਨ ਮੰਤਰੀ ਰਹਿੰਦੇ ਹੋਏ ਭਿ੍ਰਸ਼ਟਾਚਾਰ ਤੇ ਸ਼ਕਤੀ ਦੀ ਦੁਰਵਰਤੋਂ ਦੇ ਦੋਸ਼ ਲੱਗੇ ਸਨ। ਉਸ ਦੀ ਅੱਠ ਸਾਲ ਦੀ ਸਜ਼ਾ ਨੂੰ ਥਾਈਲੈਂਡ ਦੇ ਰਾਜਾ ਨੇ ਇੱਕ ਸਾਲ ਵਿੱਚ ਬਦਲ ਦਿੱਤਾ ਅਤੇ ਉਸ ਨੂੰ ਹਸਪਤਾਲ ਵਿੱਚ ਸਿਰਫ ਛੇ ਮਹੀਨੇ ਦੀ ਨਜ਼ਰਬੰਦੀ ਤੋਂ ਬਾਅਦ ਪੈਰੋਲ ’ਤੇ ਰਿਹਾਅ ਕਰ ਦਿੱਤਾ ਗਿਆ। ਉਸ ਨੇ ਪੂਰਾ ਸਮਾਂ ਇੱਕ ਹਸਪਤਾਲ ਦੇ ਵੀ ਆਈ ਪੀ ਵਿੰਗ ਵਿੱਚ ਬਿਤਾਇਆ। ਸੁਪਰੀਮ ਕੋਰਟ ਨੇ ਹੁਕਮ ਦਿੰਦਿਆਂ ਕਿਹਾ ਕਿ ਉਸ ਨੂੰ ਜੇਲ੍ਹ ਵਿੱਚ ਇੱਕ ਸਾਲ ਦੀ ਸਜ਼ਾ ਕੱਟਣੀ ਚਾਹੀਦੀ ਹੈ।