ਪਠਾਨਕੋਟ (ਦਵਿੰਦਰ ਸਿੰਘ)
ਸਾਡੀ ਸਰਕਾਰ ਦਾ ਤੇ ਸਾਡੀ ਪਾਰਟੀ ਦਾ ਇੱਕ ਹੀ ਉਦੇਸ਼ ਰਿਹਾ ਹੈ ਕਿ ਚੰਗੀ ਸਿੱਖਿਆ ਅਤੇ ਚੰਗੀ ਸਿਹਤ ਲੋਕਾਂ ਨੂੰ ਪ੍ਰਦਾਨ ਕੀਤੀ ਜਾਵੇ ਅਤੇ ਸਾਡੀ ਇਹ ਜ਼ਿੰਮੇਵਾਰੀ ਹੈ। ਇਨ੍ਹਾਂ ਦੋਵਾਂ ਕਾਰਜਾਂ ’ਤੇ ਸਾਡਾ ਫੋਕਸ ਰਹਿੰਦਾ ਹੈ। ਜ਼ਿਲ੍ਹਾ ਪਠਾਨਕੋਟ ਅੰਦਰ ਕੈਬਨਿਟ ਮੰਤਰੀ ਲਾਲ ਚੰਦ ਕਟਾਰੂ ਚੱਕ ਦੀ ਦੇਖ-ਰੇਖ ਵਿੱਚ ਦੋਵੇਂ ਕਾਰਜ ਸਿਹਤ ਅਤੇ ਸਿੱਖਿਆ ਵਧੀਆ ਚੱਲ ਰਹੇ ਹਨ। ਇਹ ਪ੍ਰਗਟਾਵਾ ਅਮਨ ਅਰੋੜਾ ਕੈਬਨਿਟ ਮੰਤਰੀ ਪੰਜਾਬ ਨੇ ਮੰਗਲਵਾਰ ਸਿਵਲ ਹਸਪਤਾਲ ਪਠਾਨਕੋਟ ਦਾ ਦੌਰਾ ਕਰਨ ਮਗਰੋਂ ਕੀਤਾ। ਇਸ ਮੌਕੇ ਉਨ੍ਹਾ ਨਾਲ ਕਟਾਰੂਚੱਕ ਅਤੇ ਆਮ ਆਦਮੀ ਪਾਰਟੀ ਦੇ ਹੋਰ ਵੀ ਵਰਕਰ ਹਾਜ਼ਰ ਸਨ।ਅਮਨ ਅਰੋੜਾ ਨੇ ਕਿਹਾ ਕਿ ਪਿਛਲੇ ਦਿਨਾਂ ਦੌਰਾਨ ਜ਼ਿਲ੍ਹਾ ਪਠਾਨਕੋਟ ਵਿੱਚ ਵੀ ਕਾਫੀ ਖੇਤਰ ਹੜ੍ਹਾਂ ਦੀ ਮਾਰ ਹੇਠ ਆਇਆ, ਹੁਣ ਤੱਕ ਹੜ੍ਹ ਪ੍ਰਭਾਵਿਤ ਖੇਤਰਾਂ ਅੰਦਰ ਰਿਲੀਫ ਦੇ ਕਾਰਜ ਚੱਲ ਰਹੇ ਸਨ। ਉਨ੍ਹਾ ਕਿਹਾ ਕਿ ਹੁਣ ਜਿਸ ਤਰ੍ਹਾਂ ਪਾਣੀ ਦਾ ਪੱਧਰ ਹੇਠਾਂ ਜਾਵੇਗਾ ਤਾਂ ਬਿਮਾਰੀਆਂ ਫੈਲਣ ਦਾ ਵੀ ਖਤਰਾ ਬਣਿਆ ਰਹਿੰਦਾ ਹੈ, ਜਿਸ ਨੂੰ ਲੈ ਕੇ ਸਿਹਤ ਵਿਭਾਗ ਵੱਲੋਂ ਪੂਰੀਆਂ ਤਿਆਰੀਆਂ ਕੀਤੀਆਂ ਗਈਆਂ ਹਨ। ਉਨ੍ਹਾ ਕਿਹਾ ਕਿ ਲੋਕਾਂ ਦੇ ਘਰ ਟੁੱਟ ਗਏ, ਪਸ਼ੂਆਂ ਦੀ ਮੌਤ ਹੋਈ, ਫਸਲਾਂ ਦਾ ਨੁਕਸਾਨ ਹੋਇਆ, ਇਸ ’ਤੇ ਸਰਕਾਰ ਲਗਾਤਾਰ ਕੰਮ ਕਰ ਰਹੀ ਹੈ। ਉਨ੍ਹਾ ਕਿਹਾ ਕਿ ਜੋ ਸਥਿਤੀ 15-20 ਦਿਨਾਂ ਦੇ ਬਾਅਦ ਵਿੱਚ ਨਜ਼ਰ ਆਏਗੀ, ਉਸ ਸੰਕੇਤ ਨੂੰ ਲੈ ਕੇ ਪਹਿਲਾ ਹੀ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਸਨ। ਉਨ੍ਹਾ ਕਿਹਾ ਕਿ ਮਾਝੇ ਦੇ ਜਿਨ੍ਹਾਂ ਜ਼ਿਲ੍ਹਿਆਂ ਵਿੱਚ ਹੜ੍ਹ ਆਏ ਹਨ, ਉਨ੍ਹਾਂ ਨੂੰ ਪ੍ਰੇਸਾਨ ਹੋਣ ਦੀ ਲੋੜ ਨਹੀਂ, ਪੰਜਾਬ ਸਰਕਾਰ, ਸਾਰਾ ਮੰਤਰੀ ਮੰਡਲ, ਸਾਰਾ ਪ੍ਰਸ਼ਾਸਨ, ਆਮ ਆਦਮੀ ਪਾਰਟੀ ਦਾ ਹਰੇਕ ਵਰਕਰ ਉਨ੍ਹਾਂ ਦੀ ਸੇਵਾ ਵਿੱਚ ਹਾਜ਼ਰ ਹੈ।





