ਕਾਠਮੰਡੂ : ਨੇਪਾਲ ਵਿੱਚ ਹੋ ਰਹੀ ਹਿੰਸਾ ਦੇ ਮੱਦੇਨਜ਼ਰ ਪ੍ਰਧਾਨ ਮੰਤਰੀ ਕੇ ਪੀ ਸ਼ਰਮਾ ਓਲੀ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ ਤੇ ਉਹ ਹੈਲੀਕਾਪਟਰ ’ਤੇ ਅਣਦੱਸੀ ਥਾਂ ਵੱਲ ਫਰਾਰ ਹੋ ਗਿਆ ਹੈ। ਇਸ ਦੇ ਤੁਰੰਤ ਬਾਅਦ ਰਾਸ਼ਟਰਪਤੀ ਰਾਮ ਚੰਦਰ ਪੌਡਾਲ ਵੱਲੋਂ ਵੀ ਆਪਣਾ ਅਸਤੀਫਾ ਦੇ ਦੇਣ ਦੀਆਂ ਖਬਰਾਂ ਹਨ। ਰਾਜਧਾਨੀ ਵਿੱਚ ਹਾਲਾਤ ਬੇਕਾਬੂ ਹੁੰਦੇ ਹੋਏ ਨਜ਼ਰ ਆ ਰਹੇ ਹਨ। ਸੰਸਦ ਭਵਨ ਪ੍ਰਧਾਨ ਮੰਤਰੀ ਨਿਵਾਸ, ਰਾਸ਼ਟਰਪਤੀ ਨਿਵਾਸ ਤੇ ਗ੍ਰਹਿ ਮੰਤਰੀ ਦੇ ਨਿਵਾਸ ’ਤੇ ਭੰਨਤੋੜ ਕੀਤੀ ਗਈ ਤੇ ਅੱਗ ਲਾ ਦਿੱਤੀ ਗਈ। ਸਾਬਕਾ ਪ੍ਰਧਾਨ ਮੰਤਰੀ ਝੱਲਨਾਥ ਖਨਾਲ ਦੇ ਘਰ ਨੂੰ ਅੱਗ ਲਾ ਦਿੱਤੀ ਗਈ, ਜਿਸ ਵਿੱਚ ਸੜ ਕੇ ਉਸ ਦੀ ਪਤਨੀ ਰਾਜ ਲਕਸ਼ਮੀ ਚਿਤਕਾਰ ਦੀ ਮੌਤ ਹੋ ਗਈ। ਤਿੰਨ ਪੁਲਸ ਮੁਲਾਜ਼ਮਾਂ ਦੀ ਮੌਤ ਹੋ ਜਾਣ ਦੀ ਰਿਪੋਰਟ ਹੈ। ਹੁਣ ਤੱਕ 22 ਲੋਕਾਂ ਦੀ ਮੌਤ ਹੋ ਚੁੱਕੀ ਹੈ ਤੇ 400 ਤੋਂ ਜ਼ਿਆਦਾ ਲੋਕ ਜ਼ਖਮੀ ਹਨ। ਹਿੰਸਕ ਨੌਜਵਾਨਾਂ ਨੇ ਸਾਬਕਾ ਪ੍ਰਧਾਨ ਮੰਤਰੀ ਸ਼ੇਰ ਬਹਾਦੁਰ ਦੇਓਬਾ ਦੇ ਘਰ ਵੜ ਕੇ ਉਸ ਨੂੰ ਕੁੱਟਿਆ, ਜਦ ਕਿ ਵਿੱਤ ਮੰਤਰੀ ਵਿਣੂ ਪੌਡਾਲ ਦੀ ਕਾਠਮੰਡੂ ਵਿੱਚ ਭਜਾ-ਭਜਾ ਕੇ ਕੁੱਮਮਾਰ ਕੀਤੀ ਗਈ। ਨੇਪਾਲ ਵਿਚ ਸੋਸ਼ਲ ਮੀਡੀਆ ’ਤੇ ਪਾਬੰਦੀ ਤੋਂ ਬਾਅਦ ਦੇਸ਼ ਭਰ ਵਿਚ ਪ੍ਰਦਰਸ਼ਨ ਹੋ ਰਹੇ ਹਨ। ਮੰਗਲਵਾਰ ਵੱਡੀ ਗਿਣਤੀ ਵਿਚ ਪ੍ਰਦਰਸ਼ਨਕਾਰੀ ਪ੍ਰਧਾਨ ਮੰਤਰੀ ਦੇ ਦਫਤਰ ਵਿਚ ਦਾਖਲ ਹੋ ਗਏ। ਇਸ ਤੋਂ ਪਹਿਲਾਂ ਨੇਪਾਲ ਦੇ ਫੌਜ ਮੁਖੀ ਨੇ ਪ੍ਰਧਾਨ ਮੰਤਰੀ ਨੂੰ ਇਹ ਕਹਿੰਦਿਆਂ ਅਸਤੀਫਾ ਦੇਣ ਲਈ ਕਿਹਾ ਸੀ ਕਿ ਅਸਤੀਫਾ ਦੇਣ ਨਾਲ ਹਾਲਾਤ ਸੁਧਰ ਸਕਦੇ ਹਨ। ਇਸ ਤੋਂ ਪਹਿਲਾਂ ਓਲੀ ਸਰਕਾਰ ਦੇ 3 ਮੰਤਰੀਆਂ ਨੇ ਵੀ ਅਸਤੀਫਾ ਦੇ ਦਿੱਤਾ ਸੀ ਤੇ ਵਿਰੋਧੀ ਪਾਰਟੀਆਂ ਵੱਲੋਂ ਪ੍ਰਧਾਨ ਮੰਤਰੀ ਦੇ ਅਸਤੀਫੇ ਦੀ ਮੰਗ ਕੀਤੀ ਜਾ ਰਹੀ ਸੀ। ਇਸੇ ਦੌਰਾਨ ਨੇਪਾਲ ਦੇ ਸੰਸਦ ਭਵਨ ਤੇ ਇਕ ਮੰਤਰੀ ਦੇ ਘਰ ਨੂੰ ਅੱਗ ਲਾ ਦਿੱਤੀ ਗਈ। ਨੇਪਾਲ ਦੇ ਕਈ ਹਿੱਸਿਆਂ ਵਿੱਚ ਵਿਦਿਆਰਥੀਆਂ ਦੀ ਅਗਵਾਈ ਵਿੱਚ ਨਵੇਂ ਸਿਰੇ ਤੋਂ ਪ੍ਰਦਰਸ਼ਨ ਹੋਏ। ਪ੍ਰਦਰਸ਼ਨਕਾਰੀ ਵਿਦਿਆਰਥੀਆਂ ਨੇ ਜਨਤਕ ਇਕੱਠਾਂ ’ਤੇ ਪਾਬੰਦੀ ਦੀ ਉਲੰਘਣਾ ਕਰਦੇ ਹੋਏ ਪ੍ਰਧਾਨ ਮੰਤਰੀ ਓਲੀ ਦੇ ਅਸਤੀਫ਼ੇ ਦੀ ਮੰਗ ਕੀਤੀ।
ਇੱਕ ਰਿਪੋਰਟ ਮੁਤਾਬਕ ਕਾਠਮੰਡੂ ਦੇ ਕਾਲੰਕੀ ਅਤੇ ਬਨੇਸ਼ਵਰ ਦੇ ਨਾਲ-ਨਾਲ ਲਲਿਤਪੁਰ ਜ਼ਿਲ੍ਹੇ ਦੇ ਚਾਪਗਾਉਂ-ਥੇਚੋ ਖੇਤਰ ਤੋਂ ਧਰਨੇ-ਪ੍ਰਦਰਸ਼ਨਾਂ ਦੀ ਰਿਪੋਰਟ ਮਿਲੀ ਹੈ। ਪ੍ਰਦਰਸ਼ਨਕਾਰੀਆਂ ਨੇ ਮੰਗਲਵਾਰ ਸਵੇਰੇ ਲਲਿਤਪੁਰ ਦੇ ਸੁਨਾਕੋਠੀ ਵਿੱਚ ਸੰਚਾਰ ਅਤੇ ਸੂਚਨਾ ਤਕਨਾਲੋਜੀ ਮੰਤਰੀ ਪਿ੍ਰਥਵੀ ਸੁਬਾ ਗੁਰੰਗ ਦੇ ਨਿੱਜੀ ਘਰ ਨੂੰ ਅੱਗ ਲਗਾ ਦਿੱਤੀ। ਗੁਰੰਗ ਨੇ ਸੋਸ਼ਲ ਮੀਡੀਆ ਸਾਈਟਾਂ ’ਤੇ ਪਾਬੰਦੀ ਲਗਾਉਣ ਦਾ ਆਦੇਸ਼ ਦਿੱਤਾ ਸੀ। ਪੁਲਸ ਮੁਤਾਬਕ ਪ੍ਰਦਰਸ਼ਨਕਾਰੀਆਂ ਨੇ ਸ਼ੁਰੂ ਵਿੱਚ ਮੰਤਰੀ ਦੇ ਘਰ ’ਤੇ ਪੱਥਰ ਸੁੱਟੇ, ਜਿਸ ਤੋਂ ਬਾਅਦ ਹਾਲਾਤ ਅਗਜ਼ਨੀ ਤੱਕ ਪਹੁੰਚ ਗਏ। ‘ਦ ਹਿਮਾਲੀਅਨ ਟਾਈਮਜ਼’ ਦੀ ਰਿਪੋਰਟ ਅਨੁਸਾਰ ਭੰਨਤੋੜ ਅਤੇ ਅੱਗ ਲੱਗਣ ਦੀ ਇੱਕ ਘਟਨਾ ਵਾਪਰੀ ਹੈ, ਹਾਲਾਂ ਕਿ ਹਾਲਾਤ ਹੁਣ ਕਾਬੂ ਹੇਠ ਹਨ।
ਉਧਰ ਇੱਕ ਤਾਜ਼ਾ ਘਟਨਾਕ੍ਰਮ ਵਿੱਚ ਨੇਪਾਲ ਦੇ ਖੇਤੀਬਾੜੀ ਮੰਤਰੀ ਰਾਮ ਨਾਥ ਅਧਿਕਾਰੀ ਨੇ ਅਸਤੀਫਾ ਦੇ ਦਿੱਤਾ ਹੈ। ਉਨ੍ਹਾ ਪ੍ਰਦਰਸ਼ਨਕਾਰੀਆਂ ਖਿਲਾਫ਼ ਸਰਕਾਰ ਦੀ ਕਾਰਵਾਈ ਦੀ ਨਿਖੇਧੀ ਕੀਤੀ। ‘ਦ ਕਾਠਮੰਡੂ ਪੋਸਟ’ ਦੀ ਰਿਪੋਰਟ ਅਨੁਸਾਰ ਨੇਪਾਲੀ ਕਾਂਗਰਸ ਦੇ ਸ਼ੇਖਰ ਕੋਇਰਾਲਾ ਧੜੇ ਦੇ ਮੈਂਬਰ ਅਧਿਕਾਰੀ ਨੇ ਸੋਮਵਾਰ ਦੇ ‘ਜਨਰਲ ਜ਼ੈੱਡ’ ਵਿਰੋਧ ਪ੍ਰਦਰਸ਼ਨਾਂ ਪ੍ਰਤੀ ਸਰਕਾਰ ਦੇ ਤਾਨਾਸ਼ਾਹੀ ਰਵੱਈਏ ਖਿਲਾਫ਼ ਅਸਤੀਫਾ ਦੇ ਦਿੱਤਾ। ਉਨ੍ਹਾਂ ਦਾ ਅਸਤੀਫ਼ਾ ਗ੍ਰਹਿ ਮੰਤਰੀ ਰਮੇਸ਼ ਲੇਖਕ ਦੇ ਸੋਮਵਾਰ ਨੂੰ ਅਸਤੀਫ਼ਾ ਦੇਣ ਤੋਂ ਬਾਅਦ ਆਇਆ ਹੈ, ਜਿਨ੍ਹਾ ਪ੍ਰਦਰਸ਼ਨਕਾਰੀਆਂ ਨਾਲ ਨਜਿੱਠਣ ਦੇ ਸਰਕਾਰ ਦੇ ਢੰਗ-ਤਰੀਕੇ ਦੀ ਨੈਤਿਕ ਜ਼ਿੰਮੇਵਾਰੀ ਲੈਂਦੇ ਹੋਏ ਅਸਤੀਫ਼ਾ ਦੇ ਦਿੱਤਾ ਸੀ।
ਪ੍ਰਦਰਸ਼ਨਕਾਰੀਆਂ ਨੇ ਤੜਕਸਾਰ ਤੋਂ ਹੀ ਸੜਕਾਂ ਨੂੰ ਰੋਕਣ ਲਈ ਟਾਇਰ ਸਾੜੇ। ਉਨ੍ਹਾਂ ‘ਕੇ ਪੀ ਚੋਰ, ਦੇਸ਼ ਛੱਡੋ’, ‘ਭਿ੍ਰਸ਼ਟ ਨੇਤਾਵਾਂ ਵਿਰੁੱਧ ਕਾਰਵਾਈ ਕਰੋ’ ਵਰਗੇ ਨਾਅਰੇ ਲਗਾਏ। ਪ੍ਰਦਰਸ਼ਨਕਾਰੀਆਂ ਨੇ ਲਲਿਤਪੁਰ ਦੇ ਖੁਮਲਤਾਰ ਵਿੱਚ ਸਾਬਕਾ ਪ੍ਰਧਾਨ ਮੰਤਰੀ ਪੁਸ਼ਪ ਕਮਲ ਦਹਿਲ ਪ੍ਰਚੰਡ ਦੇ ਘਰ ਦੀ ਵੀ ਭੰਨਤੋੜ ਕੀਤੀ। ਉਨ੍ਹਾ ਕਾਠਮੰਡੂ ਦੇ ਬੁਢਾਨੀਲ ਕੰਠਾ ਵਿਖੇ ਸਾਬਕਾ ਪ੍ਰਧਾਨ ਮੰਤਰੀ ਸ਼ੇਰ ਬਹਾਦੁਰ ਦਿਉਬਾ ਦੇ ਘਰ ਦੇ ਸਾਹਮਣੇ ਵੀ ਪ੍ਰਦਰਸ਼ਨ ਕੀਤਾ। ਅਧਿਕਾਰੀਆਂ ਨੇ ਕਾਠਮੰਡੂ, ਲਲਿਤਪੁਰ ਅਤੇ ਭਗਤਪੁਰ ਜ਼ਿਲ੍ਹਿਆਂ ਵਿੱਚ ਕਰਿਫਊ ਲਗਾ ਦਿੱਤਾ ਹੈ। ਕਾਠਮੰਡੂ ਜ਼ਿਲ੍ਹਾ ਪ੍ਰਸ਼ਾਸਨ ਦਫ਼ਤਰ ਨੇ ਰਾਜਧਾਨੀ ਕਾਠਮੰਡੂ ਵਿੱਚ ਸਵੇਰੇ 8:30 ਵਜੇ ਤੋਂ ਅਗਲੇ ਨੋਟਿਸ ਤੱਕ ਕਰਿਫਊ ਲਗਾ ਦਿੱਤਾ ਹੈ। ਭਗਤਪੁਰ ਜ਼ਿਲ੍ਹਾ ਪ੍ਰਸ਼ਾਸਨ ਨੇ ਮੱਧਪੁਰ ਥਿਮੀ, ਸੂਰਿਆਬਨਾਇਕ, ਚੰਗੁਨਾਰਾਇਣ ਅਤੇ ਭਗਤਪੁਰ ਨਗਰ ਪਾਲਿਕਾਵਾਂ ਵਿੱਚ ਵੀ ਸਵੇਰੇ 8:30 ਵਜੇ ਤੋਂ ਅਗਲੇ ਹੁਕਮ ਤੱਕ ਪਾਬੰਦੀਆਂ ਲਗਾਈਆਂ ਹਨ।





