ਚੰਡੀਗੜ੍ਹ : ਸੀ ਪੀ ਆਈ ਪੰਜਾਬ ਦੇ ਸਕੱਤਰ ਬੰਤ ਸਿੰਘ ਬਰਾੜ ਨੇ ਦੱਸਿਆ ਹੈ ਕਿ ਸੂਬਾ ਸਕੱਤਰੇਤ ਦੀ ਮੀਟਿੰਗ ਇੱਥੇ ਅਜੈ ਭਵਨ ’ਚ 13 ਸਤੰਬਰ ਨੂੰ 10 ਵਜੇ ਤੇ ਐਗਜ਼ੈਕਟਿਵ ਦੀ 12 ਵਜੇ ਹੋਵੇਗੀ। ਸੂਬਾ ਕੌਂਸਲ ਦੀ ਮੀਟਿੰਗ 14 ਸਤੰਬਰ ਨੂੰ ਸਵੇਰੇ 10 ਵਜੇ ਸ਼ੁਰੂ ਹੋਵੇਗੀ।
ਵਾਂਗਚੁੱਕ ਮੁੜ ਭੁੱਖ ਹੜਤਾਲ ’ਤੇ
ਨਵੀਂ ਦਿੱਲੀ : ਜਲਵਾਯੂ ਕਾਰਕੁਨ ਸੋਨਮ ਵਾਂਗਚੁੱਕ ਤੇ ਲੇਹ ਅਪੈਕਸ ਬਾਡੀ ਨੇ ਲੱਦਾਖ ਨੂੰ ਸੰਵਿਧਾਨ ਦੀ ਛੇਵੀਂ ਸੂਚੀ ਵਿੱਚ ਸ਼ਾਮਲ ਕਰਨ ਤੇ ਰਾਜ ਦਾ ਰੁਤਬਾ ਦੇਣ ਸਮੇਤ ਹੋਰਨਾਂ ਮੰਗਾਂ ਨੂੰ ਲੈ ਕੇ ਬੁੱਧਵਾਰ ਤੋਂ ਲੇਹ ਵਿੱਚ 35 ਦਿਨਾ ਭੁੱਖ ਹੜਤਾਲ ਸ਼ੁਰੂ ਕਰ ਦਿੱਤੀ। ਵਾਂਗਚੁਕ ਨੇ ਪ੍ਰੈੱਸ ਕਾਨਫਰੰਸ ਵਿੱਚ ਕਿਹਾ ਕਿ ਕੇਂਦਰੀ ਗ੍ਰਹਿ ਮੰਤਰਾਲੇ ਵੱਲੋਂ ਦੋ ਮਹੀਨਿਆਂ ਤੋਂ ਉਨ੍ਹਾਂ ਨਾਲ ਕੋਈ ਗੱਲ ਨਾ ਕਰਨ ਕਰਕੇ ਇਹ ਅੰਦੋਲਨ ਸ਼ੁਰੂ ਕੀਤਾ ਗਿਆ ਹੈ।
‘ਸਾਡੇ ਹੰਝੂ ਅਜੇ ਸੁੱਕੇ ਨਹੀਂ’
ਇੰਫਾਲ : ਮਨੀਪੁਰ ’ਚ ਕੁੱਕੀ-ਜ਼ੋ ਭਾਈਚਾਰੇ ਦੀ ਨੁਮਾਇੰਦਗੀ ਕਰਦੀ ਜਥੇਬੰਦੀ ਨੇ ਮਈ 2023 ਦੀ ਹਿੰਸਾ ਤੋਂ ਬਾਅਦ ਪਹਿਲੀ ਵਾਰ 13 ਸਤੰਬਰ ਨੂੰ ਸੂਬੇ ਵਿੱਚ ਆ ਰਹੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸਵਾਗਤ ਵਿੱਚ ਡਾਂਸ ਪ੍ਰੋਗਰਾਮ ਰੱਖਣ ਦੀ ਕਰੜੀ ਨਿੰਦਾ ਕੀਤੀ ਹੈ। ‘ਇੰਫਾਲ ਹਮਾਰ ਡਿਸਪਲੇਸਡ ਕਮੇਟੀ’ ਨੇ ਕਿਹਾ ਹੈ ਕਿ ਪ੍ਰਧਾਨ ਮੰਤਰੀ ਨੂੰ ਸਵਾਗਤ ਕਰਾਉਣ ਦੀ ਥਾਂ ਨਸਲੀ ਹਿੰਸਾ ਦੇ ਪੀੜਤਾਂ ਨੂੰ ਮਿਲਣਾ ਚਾਹੀਦਾ ਹੈ। ਕਮੇਟੀ ਨੇ ਕਿਹਾ ਹੈ, ‘ਪ੍ਰਧਾਨ ਮੰਤਰੀ ਦਾ ਸਵਾਗਤ ਕਰਾਂਗੇ, ਪਰ ਹੰਝੂਆਂ ਭਿੱਜੀਆਂ ਅੱਖਾਂ ਨਾਲ, ਡਾਂਸ ਨਹੀਂ ਕਰ ਸਕਦੇ। ਅਸੀਂ ਅਜੇ ਸਦਮੇ ਵਿੱਚੋਂ ਨਹੀਂ ਉਭਰੇ। ਸਾਡੇ ਹੰਝੂ ਅਜੇ ਸੁੱਕੇ ਨਹੀਂ। ਸਾਡੇ ਜ਼ਖਮ ਅਜੇ ਭਰੇ ਨਹੀਂ।’
ਸੋਨੀਆ ਖਿਲਾਫ ਪਟੀਸ਼ਨ ’ਤੇ ਫ਼ੈਸਲਾ ਰਾਖਵਾਂ
ਨਵੀਂ ਦਿੱਲੀ : ਦਿੱਲੀ ਦੀ ਅਦਾਲਤ ਨੇ ਕਾਂਗਰਸ ਆਗੂ ਸੋਨੀਆ ਗਾਂਧੀ ਵਿਰੁੱਧ ਕਾਰਵਾਈ ਦੀ ਮੰਗ ਕਰਨ ਵਾਲੀ ਪਟੀਸ਼ਨ ’ਤੇ ਆਪਣਾ ਫੈਸਲਾ ਰਾਖਵਾਂ ਰੱਖ ਲਿਆ ਹੈ। ਪਟੀਸ਼ਨ ਵਿੱਚ ਦੋਸ਼ ਲਾਇਆ ਗਿਆ ਸੀ ਕਿ ਸੋਨੀਆ ਗਾਂਧੀ ਦਾ ਨਾਂਅ ਭਾਰਤੀ ਨਾਗਰਿਕ ਬਣਨ ਤੋਂ ਤਿੰਨ ਸਾਲ ਪਹਿਲਾਂ ਵੋਟਰ ਸੂਚੀਆਂ ਵਿੱਚ ਸ਼ਾਮਲ ਕੀਤਾ ਗਿਆ ਸੀ। ਵਧੀਕ ਮੁੱਖ ਨਿਆਂਇਕ ਮੈਜਿਸਟਰੇਟ ਵੈਭਵ ਚੌਰਸੀਆ ਨੇ ਕਿਹਾ, ‘ਮੈਂ ਹੁਕਮ ਰਾਖਵਾਂ ਰੱਖ ਰਿਹਾ ਹਾਂ।’




