ਚੰਡੀਗੜ੍ਹ : ਭਿਆਨਕ ਹੜ੍ਹਾਂ ਨਾਲ ਪ੍ਰਭਾਵਤ ਹੋਏ ਪੰਜਾਬ ਲਈ ਰਾਹਤ ਰਾਸ਼ੀ ਵਧਾਉਣ ਦੀ ਮੰਗ ਕਰਨ ’ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਕੀਤੇ, ‘ਹਿੰਦੀ ਨਹੀਂ ਆਤੀ’ ਜਿਹੇ ਵਿਅੰਗ ਬਾਰੇ ਸੂਬੇ ਦੇ ਮਾਲ, ਮੁੜ-ਵਸੇਬਾ ਅਤੇ ਆਫ਼ਤ ਪ੍ਰਬੰਧਨ ਮੰਤਰੀ ਹਰਦੀਪ ਸਿੰਘ ਮੁੰਡੀਆਂ ਨੇ ਬੁੱਧਵਾਰ ਕਿਹਾ ਕਿ ਅਜਿਹੀ ਟਿੱਪਣੀ ਕਰਕੇ ਪ੍ਰਧਾਨ ਮੰਤਰੀ ਨੇ ਪੰਜਾਬ ਦੀ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਹੈ। ਉਨ੍ਹਾ ਕਿਹਾ ਕਿ ਪ੍ਰਧਾਨ ਮੰਤਰੀ ਦੀ ਫੇਰੀ ਦੌਰਾਨ ਪੰਜਾਬ ਦੇ ਲੋਕਾਂ ਦੀ ਪ੍ਰਤੀਨਿਧਤਾ ਕਰ ਰਹੇ ਪੰਜਾਬ ਦੇ ਕੈਬਨਿਟ ਮੰਤਰੀਆਂ ਲਈ ਵੱਖ ਪ੍ਰੋਟੋਕੋਲ ਅਪਣਾਇਆ ਗਿਆ, ਜਦਕਿ ਭਾਜਪਾ ਆਗੂਆਂ ਲਈ ਕੋਈ ਪ੍ਰੋਟੋਕੋਲ ਨਹੀਂ ਸੀ। ਉਨ੍ਹਾ ਦੱਸਿਆ ਕਿ ਮੁਲਾਕਾਤ ਵਾਲੇ ਸਥਾਨ ਤੋਂ ਕਾਫ਼ੀ ਪਿੱਛੇ ਹੀ ਸਾਨੂੰ ਗੱਡੀਆਂ ਵਿੱਚੋਂ ਉਤਾਰ ਦਿੱਤਾ ਗਿਆ, ਜਦਕਿ ਭਾਜਪਾ ਆਗੂ ਆਪਣੀਆਂ ਨਿੱਜੀ ਗੱਡੀਆਂ ਵਿੱਚ ਮੁਲਾਕਾਤ ਵਾਲੇ ਸਥਾਨ ਤੋਂ ਬਿਲਕੁਲ ਬਾਹਰ ਜਾ ਕੇ ਉੱਤਰੇ। ਉਨ੍ਹਾ ਦੱਸਿਆ ਕਿ ਇਸੇ ਤਰ੍ਹਾਂ ਸਾਡੇ ਫੋਨ ਬਾਹਰ ਜਮ੍ਹਾਂ ਕਰਵਾ ਲਏ ਗਏ, ਜਦਕਿ ਭਾਜਪਾ ਆਗੂ ਅਤੇ ਉੱਥੇ ਤਾਇਨਾਤ ਸੁਰੱਖਿਆ ਅਮਲਾ ਆਪਣੇ ਫੋਨ ਬਿਨਾਂ ਕਿਸੇ ਰੋਕ-ਟੋਕ ਤੋਂ ਵਰਤ ਰਹੇ ਸਨ।ਉਹਨਾ ਦੱਸਿਆ ਕਿ ਪ੍ਰਧਾਨ ਮੰਤਰੀ ਨੂੰ ਪੰਜਾਬ ਦੇ ਅਧਿਕਾਰੀਆਂ ਨੇ ਪਾਵਰ ਪੁਆਇੰਟ ਪ੍ਰੈਜ਼ੈਂਟੇਸ਼ਨ ਅਤੇ ਵੀਡੀਓਜ਼ ਰਾਹੀਂ ਸੂਬੇ ਵਿੱਚ ਆਏ ਹੜ੍ਹਾਂ ਬਾਰੇ ਜਾਣੂ ਕਰਵਾਇਆ, ਜਿਸ ’ਤੇ ਪ੍ਰਧਾਨ ਮੰਤਰੀ ਖ਼ੁਦ ਮੰਨੇ ਕਿ ਹਿਮਾਚਲ ਪ੍ਰਦੇਸ਼ ਨਾਲੋਂ ਕਿਤੇ ਜ਼ਿਆਦਾ ਨੁਕਸਾਨ ਪੰਜਾਬ ਵਿੱਚ ਹੋਇਆ ਹੈ, ਪਰ ਜਦੋਂ ਮੈਂ ਉਨ੍ਹਾ ਨੂੰ ਹੱਥ ਜੋੜ ਕੇ 1600 ਕਰੋੜ ਦੀ ਥਾਂ ਵੱਧ ਰਾਹਤ ਰਾਸ਼ੀ ਐਲਾਨਣ ਦੀ ਮੰਗ ਕੀਤੀ ਤਾਂ ਉਨ੍ਹਾ ਮੇਰੀ ਗੱਲ ਨੂੰ ਦਰਕਿਨਾਰ ਕਰਦਿਆਂ ਮਜ਼ਾਕੀਆ ਅੰਦਾਜ਼ ਵਿੱਚ ਕਿਹਾ, ‘ਆਪ ਕੋ ਹਿੰਦੀ ਨਹੀਂ ਆਤੀ, ਮੈਨੇ 1600 ਕਰੋੜ ਦੇਨੇ ਕੀ ਘੋਸ਼ਣਾ ਤੋ ਕੀ ਹੈ।’ ਜਦੋਂ ਮੈਂ ਕਿਹਾ ਕਿ ਇਹ ਰਾਹਤ ਰਾਸ਼ੀ ਨੁਕਸਾਨ ਦੇ ਮੁਕਾਬਲੇ ਬਹੁਤ ਘੱਟ ਹੈ ਤਾਂ ਉਨ੍ਹਾ ਫਿਰ ਕਹਿਣਾ ਸ਼ੁਰੂ ਕਰ ਦਿੱਤਾ, ‘ਇਸ ਕੋ ਹਿੰਦੀ ਸਿਖਾਓ’ ਅਤੇ ਨਾਲ ਹੀ ਪੰਜਾਬ ਦੇ ਭਾਜਪਾ ਆਗੂ ਵੀ ਉਨ੍ਹਾ ਦੀ ਹਾਂ ਵਿੱਚ ਹਾਂ ਮਿਲਾਉਦਿਆਂ ਮੈਨੂੰ ਹੀ ਚੁੱਪ ਕਰਨ ਲਈ ਆਖਣ ਲੱਗੇ।ਮਾਲ ਮੰਤਰੀ ਨੇ ਕਿਹਾ ਕਿ ਜਦੋਂ ਮੈਂ ਪ੍ਰਧਾਨ ਮੰਤਰੀ ਨੂੰ ਰਾਹਤ ਰਾਸ਼ੀ ਵਧਾਉਣ ਦੀ ਬੇਨਤੀ ਕਰ ਰਿਹਾ ਸੀ ਤਾਂ ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਮੇਰਾ ਹੱਥ ਘੁੱਟ ਕੇ ਮੈਨੂੰ ਚੁੱਪ ਕਰ ਜਾਣ ਲਈ ਕਹਿ ਰਹੇ ਸਨ, ਜਿਸ ਤੋਂ ਸਪੱਸ਼ਟ ਪਤਾ ਚਲਦਾ ਹੈ ਕਿ ਉਹ ਪੰਜਾਬ ਦਾ ਬਿਲਕੁਲ ਵੀ ਭਲਾ ਨਹੀਂ ਚਾਹੁੰਦੇ। ਬਿੱਟੂ ਨਾਲ ਮੌਜੂਦ ਪੰਜਾਬ ਭਾਜਪਾ ਦੇ ਕਾਰਜਕਾਰੀ ਪ੍ਰਧਾਨ ਅਸ਼ਵਨੀ ਸ਼ਰਮਾ ਵੀ ਚੁੱਪ ਧਾਰੀ ਖੜ੍ਹੇ ਰਹੇ।




