ਮੋਦੀ ਦੇ 1600 ਕਰੋੜ ਦੇ ਐਲਾਨ ਨੇ ਪੰਜਾਬ ਦੇ ਜਜ਼ਬਾਤ ਨੂੰ ਵਲੂੰਧਰਿਆ : ਬੰਤ ਬਰਾੜ

0
129

ਚੰਡੀਗੜ੍ਹ : ਪੰਜਾਬ ਸੀ ਪੀ ਆਈ ਨੇ ਪ੍ਰਧਾਨ ਮੰਤਰੀ ਮੋਦੀ ਦੇ ਪੰਜਾਬ ਦੌਰੇ ’ਤੇ ਟਿੱਪਣੀ ਕਰਦਿਆਂ ਆਖਿਆ ਕਿ 1600 ਕਰੋੜ ਰੁਪਏ ਦੀ ਰਾਹਤ ਪੰਜਾਬ ਦੇ ਜ਼ਖਮਾਂ ’ਤੇ ਲੂਣ ਛਿੜਕਣ ਵਾਲੀ ਗੱਲ ਹੈ। ਮੋਦੀ ਨੇ ਇਸ ਨਿਗੂਣੀ ਰਾਹਤ ਨਾਲ ਪੰਜਾਬੀਆਂ ਦੇ ਜਜ਼ਬਾਤਾਂ ਨੂੰ ਵਲੂੰਧਰਿਆ ਹੈ। ਇਸ ਐਲਾਨ ਨੇ ਭਾਜਪਾ ਸਰਕਾਰ ਦਾ ਫੈਡਰਲ ਢਾਂਚੇ ਨੂੰ ਖਤਮ ਕਰਨ ਵਾਲਾ ਚਿਹਰਾ ਵੀ ਨੰਗਾ ਕੀਤਾ ਹੈ। ਪਹਿਲਾਂ ਹੀ ਪੰਜਾਬ ਦਾ 60,000 ਕਰੋੜ ਰੁਪਈਆ ਕੇਂਦਰ ਦੱਬੀ ਬੈਠਾ ਹੈ। ਇਸ ਪ੍ਰਕਾਰ ਮਿ੍ਰਤਕ ਦੇ ਪਰਵਾਰ ਨੂੰ 2 ਲੱਖ ਰੁਪਏ ਵੀ ਬਹੁਤ ਹੀ ਨਿਗੂਣੀ ਰਕਮ ਹੈ। ਸੂਬਾ ਸਕੱਤਰ ਬੰਤ ਸਿੰਘ ਬਰਾੜ ਨੇ ਕਿਹਾ ਕਿ ਸ਼ਹੀਦ ਫੌਜੀਆਂ ਲਈ 5 ਕਰੋੜ ਰੁਪਏ ਤੱਕ ਦਾ ਐਲਾਨ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਸ਼ਲਾਘਾਯੋਗ ਕਦਮ ਸੀ, ਪਰ ਹੁਣ ਪਰਵਾਰਾਂ ਦਾ ਸਭ ਕੁਝ ਬਰਬਾਦ ਹੋਣ ਅਤੇ ਹੜ੍ਹਾਂ ਵਿਚ ਵਿਅਕਤੀਆਂ ਦੀ ਮੌਤ ਹੋਣ ’ਤੇ ਨਾ ਤਾਂ ਕੇਂਦਰ ਅਤੇ ਨਾ ਹੀ ਪੰਜਾਬ ਸਰਕਾਰ ਨੇ ਲੋੜੀਂਦੀ ਰਕਮ ਦਾ ਐਲਾਨ ਕੀਤਾ ਹੈ। ਕੇਂਦਰ ਸਰਕਾਰ ਨੂੰ ਘੱਟੋ-ਘੱਟ ਫੌਰੀ ਤੌਰ ’ਤੇ 20,000 ਕਰੋੜ ਰੁਪਏ ਦੀ ਰਾਹਤ ਦਾ ਐਲਾਨ ਕਰਨਾ ਚਾਹੀਦਾ ਸੀ। ਪੰਜਾਬ ਸਰਕਾਰ ਨੂੰ ਸਾਰੀਆਂ ਕਿਸਾਨ ਅਤੇ ਖੇਤ ਮਜ਼ਦੂਰ ਜਥੇਬੰਦੀਆਂ ਦੀਆਂ ਮੰਗਾਂ ਮੁਤਾਬਕ ਪ੍ਰਤੀ ਏਕੜ ਫਸਲ ਦੀ ਬਰਬਾਦੀ ਲਈ 70,000 ਅਤੇ ਖੇਤ ਮਜ਼ਦੂਰਾਂ ਲਈ 50, 000 ਰੁਪਏ ਪ੍ਰਤੀ ਮਜ਼ਦੂਰ ਅਤੇ ਮਕਾਨਾਂ ਲਈ 5 ਲੱਖ ਰੁਪਏ ਦਾ ਐਲਾਨ ਕਰਨਾ ਚਾਹੀਦਾ ਹੈ। ਸਾਥੀ ਬਰਾੜ ਨੇ ਕੇਂਦਰ ਤੇ ਪੰਜਾਬ ਸਰਕਾਰ ਨੂੰ ਪੰਜਾਬ ਦੀ ਬਰਬਾਦੀ ’ਤੇ ਰਾਜਸੀ ਬਿਆਨਬਾਜ਼ੀ ਬੰਦ ਕਰਨ ਲਈ ਅਪੀਲ ਕੀਤੀ ਹੈ।