ਨੇਪਾਲ ਦੀ ਸਿਆਸਤ ਲੰਮੇ ਸਮੇਂ ਤੋਂ ਬਾਹਰੀ ਪ੍ਰਭਾਵਾਂ ’ਤੇ ਟਿਕੀ ਰਹੀ ਹੈ। ਲੋਕਤੰਤਰ ਦਾ ਢਾਂਚਾ ਵਿਦੇਸ਼ਾਂ ਤੋਂ ਲਿਆ ਗਿਆ, ਸੰਵਿਧਾਨ ਵਿੱਚ ਅਧਿਕਾਰ ਤਾਂ ਦਿੱਤੇ ਗਏ, ਪਰ ਆਮ ਲੋਕਾਂ ਤੇ ਖਾਸਕਰ ਆਦਿਵਾਸੀ ਸਮਾਜ ਦੀ ਭਾਗੀਦਾਰੀ ਸਿਰਫ ਦਿਖਾਵੇ ਤੱਕ ਸੀਮਤ ਰਹਿ ਗਈ। ਫੈਸਲੇ ਰਾਜਧਾਨੀ ਵਿੱਚ ਲਏ ਜਾਂਦੇ ਸਨ ਤੇ ਦੂਰ-ਦੁਰਾਡੇ ਰਹਿੰਦੇ ਲੋਕ ਦਰਸ਼ਕ ਬਣੇ ਰਹਿੰਦੇ ਸਨ। ਹੁਣ ਇਹ ਤਸਵੀਰ ਬਦਲਦੀ ਨਜ਼ਰ ਆ ਰਹੀ ਹੈ। ਜੈੱਨਜ਼ੀ (ਜੈੱਨ ਜ਼ੈੱਡ) ਯਾਨਿ ਨਵੀਂ ਪੀੜ੍ਹੀ, ਜੋ ਸੋਸ਼ਲ ਮੀਡੀਆ ’ਤੇ ਜਾਗਰੂਕ ਹੈ, ਸਵਾਲ ਪੁੱਛ ਰਹੀ ਹੈ ਤੇ ਬਦਲਾਅ ਦੀ ਆਵਾਜ਼ ਬਣ ਰਹੀ ਹੈ। ਇਹ ਯੁਵਾ ਅੰਦੋਲਨ ਨੇਪਾਲ ਦੀ ਸਿਆਸਤ ਲਈ ਨਵਾਂ ਮੋੜ ਸਾਬਤ ਹੋ ਸਕਦਾ ਹੈ। ਨੇਪਾਲ ਵਿੱਚ ਰਾਜਸ਼ਾਹੀ ਦੇ ਖਾਤਮੇ ਤੋਂ ਬਾਅਦ ਪਿਛਲੇ ਵਰ੍ਹਿਆਂ ’ਚ ਜਿਹੜਾ ਸਿਆਸੀ ਢਾਂਚਾ ਬਣਿਆ, ਉਸ ਵਿੱਚ ਬਾਹਰੀ ਮਦਦ ਤੇ ਵੱਡੇ ਆਗੂਆਂ ਦੀ ਨੀਤੀ ਵਧ ਰਹੀ ਹੈ। ਸਥਾਨਕ ਲੋੜਾਂ, ਸੰਸ�ਿਤੀ ਤੇ ਵਿਵਧਤਾਵਾਂ ਨੂੰ ਸਮਝੇ ਬਿਨਾਂ ਯੋਜਨਾਵਾਂ ਲਾਗੂ ਕੀਤੀਆਂ ਗਈਆਂ। ਇਸ ਨਾਲ ਨੌਜਵਾਨਾਂ ਵਿੱਚ ਬੇਚੈਨੀ ਵਧੀ। ਸਿੱਖਿਆ ਤੇ ਰੁਜ਼ਗਾਰ ਦੀ ਕਮੀ, ਸਿਆਸੀ ਭਿ੍ਰਸ਼ਟਾਚਾਰ ਤੇ ਸਥਾਨਕ ਲੀਡਰਸ਼ਿਪ ਦੀ ਅਣਹੋਂਦ ਨੇ ਉਨ੍ਹਾਂ ਨੂੰ ਹਤਾਸ਼ ਕੀਤਾ। ਜਦੋਂ ਇਸ ਹਤਾਸ਼ਾ ਦਾ ਹੱਲ ਨਜ਼ਰ ਨਹੀਂ ਆਇਆ ਤਾਂ ਉਨ੍ਹਾਂ ਸੋਸ਼ਲ ਮੀਡੀਆ ’ਤੇ ਆਪਣੀ ਪੀੜਾ, ਨਾਬਰਾਬਰੀ ਤੇ ਅਧਿਕਾਰਾਂ ਦੀ ਮੰਗ ਨੂੰ ਲੈ ਕੇ ਖੁੱਲ੍ਹ ਕੇ ਲਿਖਿਆ। ਕਈ ਥਾਈਂ ਜ਼ੈੱਨਜ਼ੀ ਨੌਜਵਾਨਾਂ ਨੇ ਅੰਦੋਲਨ ਸ਼ੁਰੂ ਕੀਤੇ, ਜਿੱਥੇ ਉਨ੍ਹਾਂ ਪਾਰਦਰਸ਼ਤਾ, ਸਥਾਨਕ ਵਿਕਾਸ ਤੇ ਪਰਿਆਵਰਣ ਦੀ ਰਾਖੀ ਦੀ ਮੰਗ ਚੁੱਕੀ। ਹੁਣ ਤੱਕ ਆਦਿਵਾਸੀ ਸਮਾਜ ਤੇ ਨੌਜਵਾਨਾਂ ਦੀ ਭਾਗੀਦਾਰੀ ਕਦੇ ਇੱਕ ਪ੍ਰਤੀਨਿਧ, ਕਦੇ ਇੱਕ ਬਿਆਨ ਰਾਹੀਂ ਸਿਰਫ ਪ੍ਰਤੀਕਾਤਮਕ ਬਣੀ ਰਹੀ, ਪਰ ਹੁਣ ਸੋਸ਼ਲ ਮੀਡੀਆ ਨੇ ਹੱਦਾਂ ਤੋੜ ਦਿੱਤੀਆਂ। ਹੁਣ ਨੌਜਵਾਨਾਂ ਨੇ ਸੜਕਾਂ ’ਤੇ ਆ ਕੇ ਪੁੱਛਿਆ ਕਿ ਅਸਲੀ ਫੈਸਲਿਆਂ ਵਿੱਚ ਉਨ੍ਹਾਂ ਦੀ ਭੂਮਿਕਾ ਕਿੱਥੇ ਹੈ? ਉਨ੍ਹਾਂ ਕਿਹਾ ਕਿ ਉਹ ਸਿਰਫ ਵੋਟਾਂ ਪਾਉਣ ਵਾਲੇ ਹੀ ਨਹੀਂ ਰਹਿਣਗੇ, ਨੀਤੀ ਨਿਰਮਾਣ ਵਿੱਚ ਬਰਾਬਰ ਦੀ ਹਿੱਸੇਦਾਰੀ ਲੈਣਗੇ। ਜੈੱਨਜ਼ੀ ਅੰਦੋਲਨ ਨੇ ਸਾਫ ਸੰਦੇਸ਼ ਦਿੱਤਾ ਹੈ ਕਿ ਨੌਜਵਾਨਾਂ ਦੀ ਆਵਾਜ਼ ਨਹੀਂ ਸੁਣੀ ਜਾਵੇਗੀ ਤਾਂ ਉਹ ਸੜਕਾਂ ’ਤੇ ਵੀ ਉਤਰਨਗੇ ਤੇ ਡਿਜੀਟਲ ਪਲੇਟਫਾਰਮ ’ਤੇ ਵੀ। ਮਜ਼ੇ ਦੀਆਂ ਰੀਲਾਂ ਬਣਾਉਣ ਵਾਲੇ ਪਲੇਟਫਾਰਮ ਨੂੰ ਉਨ੍ਹਾਂ ਅੰਦੋਲਨ ਤੇ ਅਸੰਤੋਸ਼ ਦੇ ਪ੍ਰਗਟਾਵੇ ਵਿੱਚ ਬਦਲ ਦਿੱਤਾ ਹੈ। ਨੌਜਵਾਨ ਆਤਮ-ਨਿਰਭਰਤਾ, ਸਥਾਨਕ ਵਸੀਲਿਆਂ ਦੀ ਸਹੀ ਵਰਤੋਂ ਤੇ ਪਾਰਦਰਸ਼ੀ ਪ੍ਰਸ਼ਾਸਨ ਦੀ ਮੰਗ ਕਰ ਰਹੇ ਹਨ। ਉਹ ਚਾਹੁੰਦੇ ਹਨ ਕਿ ਨੇਪਾਲ ਦੀਆਂ ਨੀਤੀਆਂ ਨੇਪਾਲ ਦੀਆਂ ਲੋੜਾਂ ਦੇ ਆਧਾਰ ’ਤੇ ਬਣਨ, ਨਾ ਕਿ ਬਾਹਰੀ ਸ਼ਕਤੀਆਂ ਦੀਆਂ ਸ਼ਰਤਾਂ ਨਾਲ। ਆਦਿਵਾਸੀ ਸਮਾਜ ਦੀਆਂ ਸਮੱਸਿਆਵਾਂਸਿੱਖਿਆ ਦੀ ਕਮੀ, ਸਿਹਤ ਸਹੂਲਤਾਂ ਦੀ ਕਮੀ, ਰੁਜ਼ਗਾਰ ਦਾ ਸੰਕਟ ਵੀ ਜ਼ੈੱਨਜ਼ੀ ਅੰਦੋਲਨ ਦਾ ਕੇਂਦਰੀ ਮੁੱਦਾ ਹੈ। ਜੈੱਨਜ਼ੀ ਅੰਦੋਲਨ ਨੇ ਪਰੰਪਰਾ ਤੇ ਆਧੁਨਿਕਤਾ ਵਿਚਾਲੇ ਪੁਲ ਬਣਾਉਣ ਦੀ ਕੋਸ਼ਿਸ਼ ਕੀਤੀ ਹੈ, ਤਾਂ ਕਿ ਆਦਿਵਾਸੀ ਸਮਾਜ ਦੀ ਅਸਲ ਆਵਾਜ਼ ਸਾਹਮਣੇ ਆ ਸਕੇ। ਨੇਪਾਲ ਦੇ ਨੌਜਵਾਨਾਂ ਦਾ ਇਹ ਅੰਦੋਲਨ ਉਨ੍ਹਾਂ ਦੇਸ਼ਾਂ ਲਈ ਵੀ ਸਬਕ ਹੈ, ਜਿੱਥੇ ਲੋਕਤੰਤਰ ਸਿਰਫ ਵੋਟ ਪਾਉਣ ਤੱਕ ਹੀ ਸੀਮਤ ਹੈ ਤੇ ਜਿੱਤਣ ਵਾਲੇ ਬਾਅਦ ਵਿੱਚ ਮਨਮਰਜ਼ੀਆਂ ਤੇ ਧੱਕੇਸ਼ਾਹੀਆਂ ਕਰਦੇ ਹਨ।



