ਜਲੰਧਰ (ਗਿਆਨ ਸੈਦਪੁਰੀ/ਰਾਜੇਸ਼ ਥਾਪਾ)-‘ਖੱਬੀਆਂ ਅਤੇ ਜਮਹੂਰੀ ਧਿਰਾਂ ਦੀ ਫਾਸ਼ੀਵਾਦੀ ਤਾਕਤਾਂ ਨਾਲ ਆਰ-ਪਾਰ ਦੀ ਲੜਾਈ ਦਾ ਸਮਾਂ ਸਾਡੇ ਸਾਹਮਣੇ ਹੈ | ਜੇ ਫਾਸ਼ੀਵਾਦੀ ਪੂਰੀ ਵਿਰੋਧੀ ਧਿਰ ਨੂੰ ਖ਼ਤਮ ਕਰਨ ਦੇ ਘਿਨਾਉਣੇ ਕਾਰੇ ਲਈ ਸਰਗਰਮ ਹਨ ਤਾਂ ਸਾਨੂੰ ਖ਼ਤਰਨਾਕ ਹਕੂਮਤ ਨੂੰ ਗੱਦੀਓਾ ਲਾਹੁਣ ਲਈ ਪੂਰੀ ਤਰ੍ਹਾਂ ਤਿਆਰੀ ਕਰ ਲੈਣੀ ਚਾਹੀਦੀ ਹੈ |’ ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਦੋ ਦਿਨਾ ਪੰਜਾਬ ਸੂਬਾ ਕਾਨਫਰੰਸ ਵਿੱਚ ਨਿਗਰਾਨ ਵਜੋਂ ਸ਼ਾਮਲ ਹੋਏ ਸੀ ਪੀ ਆਈ ਦੇ ਕੌਮੀ ਸਕੱਤਰ ਕਾਮਰੇਡ ਅਮਰਜੀਤ ਕੌਰ ਨੇ ਕੀਤਾ | ਉਨ੍ਹਾ ਕਿਹਾ ਕਿ ਸੂਬਾ ਕਾਨਫਰੰਸ ਵਿੱਚ ਅਸੀਂ ਫਾਸ਼ੀਵਾਦ ਵਿਰੁੱਧ ਲੜਾਈ ਦੀ ਪੂਰੀ ਤਿਆਰੀ ਦਾ ਅਹਿਦ ਕਰਕੇ ਜਾਵਾਂਗੇ | ਉਨ੍ਹਾ ਕਿਹਾ ਕਿ ਭਾਰਤ ਦੇ ਲੋਕ ਜੋ ਖੱਬੀਆਂ ਧਿਰਾਂ ਤੋਂ ਆਸ ਰੱਖਦੇ ਹਨ, ਅਸੀਂ ਉਸ ‘ਤੇ ਪੂਰਾ ਉਤਰਨ ਲਈ ਪੂਰੀ ਤਾਕਤ ਲਾ ਦਿਆਂਗੇ | ਉਨ੍ਹਾ ਕਿਹਾ ਕਿ ਖੱਬੀਆਂ ਧਿਰਾਂ ਦੀ ਏਕਤਾ ਤੇ ਤਾਕਤ ਕਿਸਾਨ ਅੰਦੋਲਨ ਦੌਰਾਨ ਸਿੱਧ ਹੋ ਚੁੱਕੀ ਹੈ | ਇਸ ਲਈ ਭਵਿੱਖ ਵਿੱਚ ਵੀ ਆਪਸੀ ਮਤਭੇਦ ਪਾਸੇ ਰੱਖ ਕੇ ਅੱਗੇ ਵਧਣ ਦੀ ਲੋੜ ਹੈ |
ਡੈਲੀਗੇਟ ਅਜਲਾਸ ਵਿੱਚ ਪੇਸ਼ ਕੀਤੀ ਗਈ ਰਿਪੋਰਟ ‘ਤੇ ਹੋਈ ਬਹਿਸ ਦਾ ਜਵਾਬ ਦਿੰਦਿਆਂ ਕਾਮਰੇਡ ਬੰਤ ਬਰਾੜ ਨੇ ਕਿਹਾ ਕਿ ਸਾਨੂੰ ਆਲੋਚਨਾ ਕਰਨ ਵੇਲੇ ਬੋਲੀ ਗਈ ਭਾਸ਼ਾ ਵਿੱਚ ਸੰਤੁਲਨ ਕਾਇਮ ਰੱਖਣਾ ਚਾਹੀਦਾ ਹੈ | ਉਨ੍ਹਾ ਡੈਲੀਗੇਟਾਂ ਵੱਲੋਂ ਕੀਤੀ ਗਈ ਆਲੋਚਨਾ ਨੂੰ ਸਵੀਕਾਰ ਕਰਦਿਆਂ ਕਿਹਾ ਕਿ ਅਸੀਂ ਇੱਕ ਪਰਵਾਰ ਹਾਂ |
ਸੀ ਪੀ ਆਈ ਤੇ ਇਸ ਦੀਆਂ ਅਵਾਮੀ ਜਥੇਬੰਦੀਆਂ ਦੀ ਤਾਕਤ ਦੀ ਗੱਲ ਕਰਦਿਆਂ ਸਾਥੀ ਬਰਾੜ ਨੇ ਕਿਹਾ ਕਿ ਕਿਸਾਨ ਅੰਦੋਲਨ ਨੇ ਸੀ ਪੀ ਆਈ ਦੇ ਹੱਕਾਂ ਲਈ ਲੜਾਕੂ ਖਾਸੇ ਨੂੰ ਸਿੱਧ ਕਰ ਦਿੱਤਾ ਹੈ |
ਭਾਰਤੀ ਕਮਿਊਨਿਸਟ ਪਾਰਟੀ ਪੰਜਾਬ ਸੂਬਾ ਕਾਨਫਰੰਸ ਦੇ ਦੂਜੇ ਦਿਨ (9 ਸਤੰਬਰ) ਸੀ ਪੀ ਆਈ ਦੀ ਪੰਜਾਬ ਇਕਾਈ ਦੇ ਸਕੱਤਰ ਬੰਤ ਸਿੰਘ ਬਰਾੜ ਵੱਲੋਂ ਪੇਸ਼ ਕੀਤੀ ਰਿਪੋਰਟ ‘ਤੇ ਭਖਵੀਂ ਬਹਿਸ ਹੋਈ | ਬਹਿਸ ਵਿੱਚ 57 ਸਾਥੀਆਂ ਨੇ ਹਿੱਸਾ ਲਿਆ | ਇਸ ਦੌਰਾਨ 73 ਮੈਂਬਰ ਸੂਬਾ ਕੌਂਸਲ ਲਈ ਚੁਣੇ ਗਏ | ਇਨ੍ਹਾਂ ਤੋਂ ਇਲਾਵਾ ਕੰਟਰੋਲ ਕਮਿਸ਼ਨ ਦੇ 9 ਅਤੇ ਉਮੀਦਵਾਰ ਮੈਂਬਰਾਂ ਵਜੋਂ 7 ਮੈਂਬਰਾਂ ਦੀ ਚੋਣ ਕੀਤੀ ਗਈ | ਕਾਮਰੇਡ ਬਰਾੜ ਨੇ ਇਸ ਚੋਣ ਦੀ ਪ੍ਰਵਾਨਗੀ ਮੰਗੀ ਤਾਂ ਹਾਊਸ ਵੱਲੋਂ ਹੱਥ ਖੜੇ ਕਰਕੇ ਪ੍ਰਵਾਨਗੀ ਦਿੱਤੀ ਗਈ | ਇਸ ਤੋਂ ਬਾਅਦ ਚੁਣੀ ਗਈ ਸੂਬਾ ਕੌਂਸਲ ਨੇ ਇੱਕ ਰਾਇ ਹੁੰਦਿਆਂ ਕਾਮਰੇਡ ਬੰਤ ਸਿੰਘ ਬਰਾੜ ਨੂੰ ਮੁੜ ਸੂਬਾ ਸਕੱਤਰ ਚੁਣ ਲਿਆ |
ਕਿਸਾਨ ਆਗੂ ਲਖਬੀਰ ਸਿੰਘ ਨਿਜ਼ਾਮਪੁਰਾ ਨੇ ਕਿਸਾਨੀ ਨਾਲ ਸੰਬੰਧਤ 10 ਮੰਗਾਂ ਵਾਲਾ ਮਤਾ ਪੇਸ਼ ਕੀਤਾ | ਪੰਜਾਬ ਖੇਤ ਮਜ਼ਦੂਰ ਸਭਾ ਦੀ ਜਨਰਲ ਸਕੱਤਰ ਦੇਵੀ ਕੁਮਾਰੀ ਸਰਹਾਲੀ ਕਲਾਂ ਵੱਲੋਂ ਖੇਤ ਮਜ਼ਦੂਰਾਂ ਦੀ ਮੰਦੀ ਹਾਲਤ ਨੂੰ ਸੁਧਾਰਨ ਸੰਬੰਧੀ ਮਤਾ ਪੇਸ਼ ਕੀਤਾ | ਕਾਮਰੇਡ ਅਰੁਣ ਮਿੱਤਰਾ ਨੇ ਸਿਹਤ ਸਮੱਸਿਆਵਾਂ ਨੂੰ ਹੱਲ ਕਰਵਾਉਣ ਸੰਬੰਧੀ ਮਤਾ ਪੇਸ਼ ਕੀਤਾ | ਇਹ ਸਾਰੇ ਮਤੇ ਕੁਝ ਵਾਧੇ ਅਤੇ ਸੋਧਾਂ ਸਮੇਤ ਹਾਊਸ ਵੱਲੋਂ ਪਾਸ ਕਰ ਦਿੱਤੇ ਗਏ | ਪੰਜਾਬ ਇਸਤਰੀ ਸਭਾ ਦੀ ਜਨਰਲ ਸਕੱਤਰ ਰਜਿੰਦਰਪਾਲ ਕੌਰ ਵੱਲੋਂ ਸ਼ੁਰੂ ਕਰਵਾਈ ਗਈ ਬਹਿਸ ਵਿੱਚ ਕਾਮਰੇਡ ਨਿਰਮਲ ਸਿੰਘ ਧਾਲੀਵਾਲ, ਕਾਮਰੇਡ ਜਗਰੂਪ ਸਿੰਘ, ਸੁਖਜਿੰਦਰ ਮਹੇਸ਼ਰੀ, ਵਿੱਕੀ ਮਹੇਸ਼ਰੀ, ਚਰਨਜੀਤ ਛਾਂਗਾਰਾਏ, ਕਿਸਾਨ ਆਗੂ ਬਲਦੇਵ ਸਿੰਘ ਨਿਹਾਲਗੜ੍ਹ, ਲਵਪ੍ਰੀਤ ਸਿੰਘ ਮਾੜੀਮੇਘਾ, ਚਰਨਜੀਤ ਥੰਮੂਵਾਲ, ਕੇਂਦਰੀ ਪੰਜਾਬ ਲੇਖਕ ਸਭਾ ਦੇ ਜਨਰਲ ਸਕੱਤਰ ਸੁਖਦੇਵ ਸਿੰਘ ਸਿਰਸਾ, ਸੁਰਿੰਦਰ ਢੰਡੀਆਂ, ਰੁਪਿੰਦਰ ਕੌਰ ਮਾੜੀਮੇਘਾ, ਡੀ ਪੀ ਮੌੜ, ਕਾਮਰੇਡ ਪਰਮਜੀਤ ਢਾਬਾਂ, ਬਲਕਰਨ ਸਿੰਘ ਬਰਾੜ, ਕੁਲਦੀਪ ਸਿੰਘ ਭੋਲਾ, ਹਰਦੇਵ ਸਿੰਘ ਬਖਸ਼ੀਵਾਲਾ, ਕਰਮਵੀਰ ਕੌਰ ਬੱਧਨੀ, ਰਾਜ ਕੁਮਾਰ ਚੰਡੀਗੜ੍ਹ, ਸਿਮਰਤ ਕੌਰ ਫਤਿਹਗੜ੍ਹ ਸਾਹਿਬ, ਖੁਸ਼ੀਆ ਸਿੰਘ ਬਰਨਾਲਾ ਅਤੇ ਦਸਵਿੰਦਰ ਕੌਰ ਅੰਮਿ੍ਤਸਰ ਆਦਿ ਨੇ ਹਿੱਸਾ ਲਿਆ | ਦੂਸਰੇ ਦਿਨ ਦੀ ਕਾਨਫਰੰਸ ਦੇ ਆਗਾਜ਼ ਵਿੱਚ ਲੀਲਾ ਖਾਨ ਧੂਰੀ, ਨਿਰਮਲ ਸਿੰਘ ਬਟੜਿਆਣਾ ਅਤੇ ਕਾਮਰੇਡ ਚਰਨ ਸਿੰਘ ਤਰਨ ਤਾਰਨ ਨੇ ਇਨਕਲਾਬੀ ਗੀਤਾਂ ਦੀ ਪੇਸ਼ਕਾਰੀ ਕੀਤੀ |
ਸੂਬਾ ਕਾਨਫਰੰਸ ਵਿੱਚ ਸੀ ਪੀ ਆਈ ਦੇ ਕੌਮੀ ਕੌਂਸਲ ਦੇ ਮੈਂਬਰ ਅਤੇ ਸਾਬਕਾ ਵਿਧਾਇਕ ਹਰਦੇਵ ਸਿੰਘ ਅਰਸ਼ੀ, ਭਾਰਤੀ ਖੇਤ ਮਜ਼ਦੂਰ ਯੂਨੀਅਨ ਦੇ ਜਨਰਲ ਸਕੱਤਰ ਕਾਮਰੇਡ ਗੁਲਜ਼ਾਰ ਸਿੰਘ ਗੋਰੀਆ, ਪੰਜਾਬ ਇਸਤਰੀ ਸਭਾ ਦੀ ਪ੍ਰਧਾਨ ਕਾਮਰੇਡ ਕੁਸ਼ਲ ਭੌਰਾ, ਸੀ ਪੀ ਆਈ ਦੇ ਮੀਤ ਸਕੱਤਰ ਪਿ੍ਥੀਪਾਲ ਸਿੰਘ ਮਾੜੀਮੇਘਾ, ਨਰੇਗਾ ਰੁਜ਼ਗਾਰ ਪ੍ਰਾਪਤ ਮਜ਼ਦੂਰ ਯੂਨੀਅਨ (ਏਟਕ) ਦੇ ਸੂਬਾ ਪ੍ਰਧਾਨ ਕਾਮਰੇਡ ਕਸ਼ਮੀਰ ਸਿੰਘ ਗਦਾਈਆ, ਪੰਜਾਬ ਇਸਤਰੀ ਸਭਾ ਦੀ ਜਾਇੰਟ ਸਕੱਤਰ ਨਰਿੰਦਰ ਕੌਰ ਸੋਹਲ, ਕਾਮਰੇਡ ਅਮਰਜੀਤ ਸਿੰਘ ਆਸਲ, ‘ਨਵਾਂ ਜ਼ਮਾਨਾ’ ਦੇ ਸੰਪਾਦਕ ਚੰਦ ਫਤਿਹਪੁਰੀ, ਅਰਜਨ ਸਿੰਘ ਗੜਗੱਜ ਫਾਊਾਡੇਸ਼ਨ ਦੇ ਸਕੱਤਰ ਐਡਵੋਕੇਟ ਗੁਰਮੀਤ ਸ਼ੁਗਲੀ, ਐਡਵੋਕੇਟ ਰਜਿੰਦਰ ਸਿੰਘ ਮੰਡ, ਕਾਮਰੇਡ ਸੰਤੋਸ਼ ਬਰਾੜ ਤੇ ਕਾਮਰੇਡ ਸਤਪਾਲ ਭਗਤ ਆਦਿ ਹਾਜ਼ਰ ਸਨ |