ਕਾਠਮੰਡੂ : ਰਾਸ਼ਟਰਪਤੀ ਪੌਡੇਲ ਨੇ ਨਵੇਂ ਨਿਯੁਕਤ ਪ੍ਰਧਾਨ ਮੰਤਰੀ ਸਾਬਕਾ ਚੀਫ ਜਸਟਿਸ ਸੁਸ਼ੀਲਾ ਕਾਰਕੀ ਦੀ ਸਿਫ਼ਾਰਸ਼ ’ਤੇ ਪ੍ਰਤੀਨਿਧੀ ਸਭਾ ਨੂੰ ਭੰਗ ਕਰਦੇ ਹੋਏ ਕਿਹਾ ਹੈ ਕਿ ਅਗਲੀਆਂ ਸੰਸਦੀ ਚੋਣਾਂ ਅਗਲੇ ਸਾਲ 5 ਮਾਰਚ ਨੂੰ ਹੋਣਗੀਆਂ। ਬੀਤੇ ਦਿਨ ਹੀ ਇੱਕ ਹਫ਼ਤੇ ਦੇ ਹਿੰਸਕ ਵਿਰੋਧ ਪ੍ਰਦਰਸ਼ਨਾਂ ਦੇ ਚਲਦਿਆਂ ਕੇ ਪੀ ਸ਼ਰਮਾ ਓਲੀ ਵੱਲੋਂ ਅਸਤੀਫਾ ਦੇਣ ਤੋਂ ਬਾਅਦ ਸੁਸ਼ੀਲਾ ਕਾਰਕੀ (73) ਨੇ ਦੇਸ਼ ਦੀ ਪਹਿਲੀ ਮਹਿਲਾ ਪ੍ਰਧਾਨ ਮੰਤਰੀ ਵਜੋਂ ਅਹੁਦਾ ਸੰਭਾਲਿਆ ਅਤੇ ਪ੍ਰਧਾਨ ਮੰਤਰੀ ਵਜੋਂ ਹਲਫ਼ ਲਿਆ ਸੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨੇਪਾਲ ਦੀ ਅੰਤਰਮ ਪ੍ਰਧਾਨ ਮੰਤਰੀ ਸੁਸ਼ੀਲਾ ਕਾਰਕੀ ਨੂੰ ਅਹੁਦਾ ਸੰਭਾਲਣ ’ਤੇ ਵਧਾਈ ਦਿੱਤੀ ਅਤੇ ਉਨ੍ਹਾ ਦੀ ਨਿਯੁਕਤੀ ਨੂੰ ‘ਮਹਿਲਾ ਸ਼ਕਤੀਕਰਨ ਦੀ ਸ਼ਾਨਦਾਰ ਮਿਸਾਲ’ ਕਰਾਰ ਦਿੱਤਾ। ਜ਼ਿਕਰਯੋਗ ਹੈ ਕਿ ਮੁਲਕ ’ਚ ਸੋਸ਼ਲ ਮੀਡੀਆ ’ਤੇ ਪਾਬੰਦੀ ਲਗਾਉਣ ਅਤੇ ਕੇ ਪੀ ਸ਼ਰਮਾ ਓਲੀ ਦੀ ਅਗਵਾਈ ਹੇਠਲੀ ਸਰਕਾਰ ’ਚ ਵਧ ਰਹੇ ਭਿ੍ਰਸ਼ਟਾਚਾਰ ਤੋਂ ਤੰਗ ਆ ਕੇ ਨੌਜਵਾਨ ਬੀਤੇ ਸੋਮਵਾਰ ਸੜਕਾਂ ’ਤੇ ਆ ਗਏ ਸਨ, ਜਿਸ ਕਾਰਨ ਓਲੀ ਨੂੰ ਅਹੁਦੇ ਤੋਂ ਲਾਂਭੇ ਹੋਣਾ ਪਿਆ ਸੀ।


