ਲੰਦਨ : ਓਲਡਬਰੀ ਦੇ ਇੱਕ ਪਾਰਕ ਵਿੱਚ ਦਿਨ-ਦਿਹਾੜੇ 20 ਸਾਲਾ ਇੱਕ ਸਿੱਖ ਲੜਕੀ ਨਾਲ ਜਬਰ-ਜ਼ਨਾਹ ਹੋਣ ਦੀ ਖਬਰ ਹੈ। ਪੱਛਮੀ ਮਿਡਲੈਂਡਜ਼ ਪੁਲਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਬਰਮਿੰਘਮ ਮੇਲ. ਸੀ ਓ ਯੂ ਕੇ ਖ਼ਬਰ ਵੈੱਬਸਾਈਟ ਨੇ ਇਸ ਬਾਰੇ ਖੁਲਾਸਾ ਕੀਤਾ ਹੈ। ਰਿਪੋਰਟ ਅਨੁਸਾਰ 9 ਸਤੰਬਰ ਨੂੰ ਸਵੇਰੇ 8:30 ਵਜੇ ਦੇ ਕਰੀਬ ਵਾਪਰੀ ਘਟਨਾ ਨੂੰ ਨਸਲੀ ਘਟਨਾ ਮੰਨਿਆ ਜਾ ਰਿਹਾ ਹੈ। ਜਬਰ-ਜ਼ਨਾਹ ਕਰਨ ਵਾਲਿਆਂ ਨੇ ਕਈ ਨਸਲੀ ਟਿੱਪਣੀਆਂ ਕੀਤੀਆਂ। ਉਹਨਾਂ ਦੀ ਪਛਾਣ ਗੋਰਿਆਂ ਵਜੋਂ ਹੋਈ ਹੈ ਤੇ ਉਨ੍ਹਾਂ ਦੀ ਗਿਣਤੀ ਦੋ ਸੀ। ਉਨ੍ਹਾਂ ਲੜਕੀ ਨੂੰ ‘ਆਪਣੇ ਦੇਸ਼ ਵਾਪਸ ਜਾਓ’ ਕਿਹਾ । ਇਸ ਘਟਨਾ ਕਾਰਨ ਸਥਾਨਕ ਸਿੱਖ ਭਾਈਚਾਰੇ ਵਿੱਚ ਵਿਆਪਕ ਗੁੱਸਾ ਪੈਦਾ ਹੋ ਗਿਆ ਹੈ। ਇਸ ਘਟਨਾ ਨੂੰ ਲੈ ਕੇ ਸਿੱਖ ਭਾਈਚਾਰੇ ਵੱਲੋਂ ਸਮੈਦਵਿਕ ਦੇ ਗੁਰੂ ਨਾਨਕ ਗੁਰਦੁਆਰੇ ਵਿੱਚ ਮੀਟਿੰਗ ਕੀਤੀ ਗਈ। ਸੈਂਡਵੈੱਲ ਪੁਲਸ ਦੇ ਚੀਫ਼ ਸੁਪਰਡੈਂਟ ਕਿਮ ਮੈਡਿਲ ਨੇ ਕਿਹਾ : ‘ਅਸੀਂ ਪੂਰੀ ਤਰ੍ਹਾਂ ਸਮਝਦੇ ਹਾਂ ਕਿ ਇਸ ਕਾਰਨ ਕਿੰਨਾ ਦੁੱਖ ਅਤੇ ਡਰ ਪੈਦਾ ਹੋਇਆ ਹੈ। ਅਸੀਂ ਜ਼ਿੰਮੇਵਾਰ ਲੋਕਾਂ ਦੀ ਪਛਾਣ ਕਰਨ ਅਤੇ ਉਨ੍ਹਾਂ ਨੂੰ ਗਿ੍ਰਫ਼ਤਾਰ ਕਰਨ ਲਈ ਕੰਮ ਕਰ ਰਹੇ ਹਾਂ। ਫੋਰੈਂਸਿਕ ਅਤੇ ਸੀ ਸੀ ਟੀ ਵੀ ਜਾਂਚ ਚੱਲ ਰਹੀ ਹੈ ਅਤੇ ਲੋਕਾਂ ਨੂੰ ਭਰੋਸਾ ਦਿਵਾਉਣ ਲਈ ਵਾਧੂ ਪੁਲਸ ਤਾਇਨਾਤ ਕੀਤੀ ਗਈ ਹੈ।’ ਪੱਛਮੀ ਮਿਡਲੈਂਡਜ਼ ਪੁਲਸ ਨੇ ਲੋਕਾਂ ਨੂੰ ਇਸ ਘਟਨਾ ਬਾਰੇ ਜਾਣਕਾਰੀ ਸਾਂਝੀ ਕਰਨ ਦੀ ਅਪੀਲ ਕੀਤੀ ਹੈ। ਪੀੜਤਾ ਨੇ ਪੁਲਸ ਨੂੰ ਦੱਸਿਆ ਕਿ ਦੋਵੇਂ ਮੁਲਜ਼ਮ ਅੰਗਰੇਜ਼ ਸਨ। ਉਨ੍ਹਾਂ ਵਿੱਚੋਂ ਇਕ ਦੇ ਸਿਰ ’ਤੇ ਵਾਲ ਨਹੀਂ ਸਨ ਤੇ ਉਸ ਨੇ ਗਾੜ੍ਹੇ ਰੰਗ ਦੀ ਸਵੈਟਰ ਪਹਿਨੀ ਹੋਈ ਸੀ। ਦੂਜੇ ਮੁਲਜ਼ਮ ਨੇ ਸਲੇਟੀ ਰੰਗ ਦੀ ਸ਼ਰਟ ਪਹਿਨੀ ਹੋਈ ਸੀ। ਬਿ੍ਰਟਿਸ਼ ਸੰਸਦ ਮੈਂਬਰ ਪ੍ਰੀਤ ਕੌਰ ਗਿਲ ਨੇ ਇਸ ਘਟਨਾ ਦੀ ਸਖ਼ਤ ਨਿੰਦਾ ਕੀਤੀ ਹੈ। ਉਹਨਾ ਕਿਹਾ ਕਿ ਸਿੱਖ ਭਾਈਚਾਰੇ ਸਮੇਤ ਸਾਰੇ ਭਾਈਚਾਰਿਆਂ ਨੂੰ ਸੁਰੱਖਿਅਤ ਮਹਿਸੂਸ ਕਰਨ ਦਾ ਪੂਰਾ ਹੱਕ ਹੈ। ਓਲਡਬਰੀ ਵਰਗੀਆਂ ਘਟਨਾਵਾਂ ਬਿ੍ਰਟੇਨ ’ਚ ਕਦੇ ਵੀ ਨਹੀਂ ਹੋਣੀਆਂ ਚਾਹੀਦੀਆਂ। ਸਮਿਥਵਿਕ ਦੇ ਸਾਂਸਦ ਗੁਰਿੰਦਰ ਸਿੰਘ ਜੋਸਨ ਨੇ ਕਿਹਾ ਹੈ ਕਿ ਇਹ ਬਹੁਤ ਹੀ ਘਿਨਾਉਣੀ ਘਟਨਾ ਹੈ।


