ਲਿਵਰਪੂਲ : ਭਾਰਤੀ ਮੁੱਕੇਬਾਜ਼ ਜੈਸਮੀਨ ਲੈਂਬੋਰੀਆ ਨੇ ਪੈਰਿਸ ਉਲੰਪਿਕ ਵਿੱਚ ਚਾਂਦੀ ਦਾ ਤਮਗਾ ਜੇਤੂ ਪੋਲੈਂਡ ਦੀ ਜੂਲੀਆ ਸੇਰੇਮੇਟਾ ਨੂੰ ਹਰਾ ਕੇ ਵਿਸ਼ਵ ਚੈਂਪੀਅਨਸ਼ਿਪ ਵਿੱਚ ਫੈਦਰਵੇਟ ਖਿਤਾਬ ਜਿੱਤ ਕੇ ਇਤਿਹਾਸ ਸਿਰਜ ਦਿੱਤਾ ਹੈ। ਜੈਸਮੀਨ ਨੇ ਸਨਿੱਚਰਵਾਰ ਦੇਰ ਰਾਤ 57 ਕਿੱਲੋ ਭਾਰ ਵਰਗ ਦੇ ਫਾਈਨਲ ਵਿੱਚ ਸੇਰੇਮੇਟਾ ਨੂੰ 4-1 ਨਾਲ ਹਰਾਇਆ। ਉਸ ਨੇ 30-27, 29-28, 30-27, 28-29, 29-28 ਨਾਲ ਇਹ ਜਿੱਤ ਦਰਜ ਕੀਤੀ। ਜੈਸਮੀਨ ਇਸ ਜਿੱਤ ਨਾਲ ਨੌਵੀਂ ਭਾਰਤੀ ਮੁੱਕੇਬਾਜ਼ ਬਣ ਗਈ ਹੈ, ਜਿਸ ਦੇ ਸਿਰ ਵਿਸ਼ਵ ਚੈਂਪੀਅਨਸ਼ਿਪ ਦਾ ਤਾਜ ਸਜਿਆ ਹੈ। ਉਹ ਛੇ ਵਾਰ ਦੀ ਜੇਤੂ ਮੈਰੀ ਕਾਮ (2002, 2005, 2006, 2008, 2010 ਅਤੇ 2018), ਦੋ ਵਾਰ ਦੀ ਜੇਤੂ ਨਿਕਹਤ ਜ਼ਰੀਨ (2022 ਅਤੇ 2023), ਸਰਿਤਾ ਦੇਵੀ (2006), ਜੈਨੀ ਆਰ ਐਲ (2006), ਲੇਖਾ ਕੇ ਸੀ (2006), ਨੀਤੂ ਘਣਘਸ (2023), ਲਵਲੀਨਾ ਬੋਰਗੋਹੇਨ (2023) ਅਤੇ ਸਵੀਟੀ ਬੋਰਾ (2023) ਦੀ ਸ਼ਾਨਦਰ ਸੂਚੀ ਵਿੱਚ ਸ਼ਾਮਲ ਹੋ ਗਈ ਹੈ। ਭਾਰਤ ਦੀ ਨੂਪੁਰ ਨੂੰ ਪੋਲੈਂਡ ਦੀ ਤਕਨੀਕੀ ਤੌਰ ’ਤੇ ਤੇਜ਼-ਤਰਾਰ ਮੁੱਕੇਬਾਜ਼ ਅਗਾਤਾ ਕਾਜ਼ਮਾਸਕਰਾ ਕੋਲੋਂ 2-3 ਦੀ ਮਾਮੂਲੀ ਹਾਰ ਕਰਕੇ ਚਾਂਦੀ ਦੇ ਤਮਗੇ ਨਾਲ ਸਬਰ ਕਰਨਾ ਪਿਆ।
ਮੁਕਾਬਲੇ ਵਿੱਚ ਅੱਗੇ ਹੋਣ ਦੇ ਬਾਵਜੂਦ ਨੂਪੁਰ ਅਖੀਰ ਤੱਕ ਆਪਣੀ ਪਕੜ ਨਹੀਂ ਬਣਾ ਸਕੀ। ਉਸ ਨੇ ਜ਼ੋਰਦਾਰ ਸ਼ੁਰੂਆਤ ਕੀਤੀ ਤੇ ਮੁੱਕਿਆਂ ਦੀ ਝੜੀ ਲਾ ਦਿੱਤੀ, ਪਰ ਕਾਜ਼ਮਾਸਕਰਾ ਨੇ ਲਗਾਤਾਰ ਹਮਲਾਵਰ ਰੁਖ਼ ਅਪਣਾਇਆ। ਉਸ ਨੇ ਨੂਪੁਰ ਨੂੰ ਜ਼ੋਰਦਾਰ ਪੰਚ ਲਾਏ, ਜਿਸ ਕਰਕੇ ਭਾਰਤੀ ਮੁੱਕੇਬਾਜ਼ ਥੱਕ ਗਈ। ਇਸ ਤੋਂ ਪਹਿਲਾਂ ਸੈਮੀਫਾਈਨਲ ਵਿਚ ਪੂਜਾ ਸਥਾਨਕ ਮੁੱਕੇਬਾਜ਼ ਐਮਿਲੀ ਐਸਕੁਇਥ ਤੋਂ 1-4 ਨਾਲ ਹਾਰ ਕੇ ਫਾਈਨਲ ਦੀ ਦੌੜ ’ਚੋਂ ਬਾਹਰ ਹੋ ਗਈ।



