ਮਾਸਕੋ : ਯੂਕਰੇਨੀ ਡਰੋਨਾਂ ਨੇ ਰਾਤ ਰੂਸ ਦੀਆਂ ਸਭ ਤੋਂ ਵੱਡੀਆਂ ਤੇਲ ਰਿਫਾਇਨਰੀਆਂ ਵਿੱਚੋਂ ਇੱਕ ’ਤੇ ਹਮਲਾ ਕੀਤਾ, ਜਿਸ ਨਾਲ ਭਿਆਨਕ ਅੱਗ ਲੱਗ ਗਈ। ਰੂਸੀ ਅਧਿਕਾਰੀਆਂ ਮੁਤਾਬਕ ਇਹ ਹਮਲਾ ਰੂਸ ਦੇ ਉੱਤਰ-ਪੱਛਮੀ ਲੈਨਿਨਗ੍ਰਾਡ ਖੇਤਰ ਵਿੱਚ ਕਿਰਿਸ਼ੀ ਰਿਫਾਇਨਰੀ ਅਤੇ ਰੂਸੀ ਤੇਲ ਬੁਨਿਆਦੀ ਢਾਂਚੇ ’ਤੇ ਹਫ਼ਤਿਆਂ ਤੋਂ ਚੱਲ ਰਹੇ ਯੂਕਰੇਨੀ ਹਮਲਿਆਂ ਤੋਂ ਬਾਅਦ ਹੋਇਆ ਹੈ। ਇਹ ਰਿਫਾਇਨਰੀ ਪ੍ਰਤੀ ਸਾਲ ਲਗਭਗ 17.7 ਮਿਲੀਅਨ ਮੀਟਿ੍ਰਕ ਟਨ ਅਤੇ ਪ੍ਰਤੀ ਦਿਨ 355,000 ਬੈਰਲ ਕੱਚੇ ਤੇਲ ਦਾ ਉਤਪਾਦਨ ਕਰਦੀ ਹੈ। ਯੂਕਰੇਨ ਦੇ ਜਨਰਲ ਸਟਾਫ ਦੇ ਅਨੁਸਾਰ ਸਾਈਟ ’ਤੇ ਧਮਾਕੇ ਅਤੇ ਅੱਗ ਲੱਗਣ ਦੀ ਰਿਪੋਰਟ ਮਿਲੀ ਹੈ। ਇੱਕ ਫੋਟੋ ਪੋਸਟ ਕੀਤੀ ਹੈ, ਜਿਸ ਵਿੱਚ ਰਾਤ ਦੇ ਅਸਮਾਨ ’ਤੇ ਅੱਗ ਅਤੇ ਧੂੰਏਂ ਦੇ ਬੱਦਲ ਦਿਖਾਈ ਦੇ ਰਹੇ ਹਨ।
ਉੱਤਰੀ-ਪੂਰਬੀ ਖੇਤਰ ’ਚ ਭੁਚਾਲ ਦੇ ਝਟਕੇ; ਰਿਕਟਰ ਸਕੇਲ ’ਤੇ ਤੀਬਰਤਾ 5.8
ਦਿਸਪੁਰ : ਭਾਰਤ ਦੇ ਉਤਰੀ ਪੂਰਬੀ ਖੇਤਰ ਵਿਚ ਐਤਵਾਰ ਭੁਚਾਲ ਦੇ ਝਟਕੇ ਮਹਿਸੂਸ ਕੀਤੇ ਗਏ, ਜਿਨ੍ਹਾਂ ਦੀ ਰਿਕਟਰ ਸਕੇਲ ’ਤੇ ਤੀਬਰਤਾ 5.8 ਮਾਪੀ ਗਈ। ਇਹ ਜਾਣਕਾਰੀ ਅਸਾਮ ਦੇ ਅਧਿਕਾਰੀ ਨੇ ਸਾਂਝੀ ਕਰਦਿਆਂ ਦੱਸਿਆ ਕਿ ਇਸ ਭੁਚਾਲ ਨਾਲ ਜਾਨੀ ਨੁਕਸਾਨ ਨਹੀਂ ਹੋਇਆ। ਦੱਸਣਯੋਗ ਹੈ ਕਿ ਬੀਤੇ ਦਿਨੀਂ ਮਿਆਂਮਾਰ ਤੇ ਰੂਸ ਨੇੜਲੇ ਖੇਤਰ ਵਿਚ ਵੀ ਭੁਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਸਨ। ਮਿਆਂਮਾਰ ਵਿਚ ਤਾਂ ਭੁਚਾਲ ਦੇ ਝਟਕੇ ਹਲਕੇ ਸਨ, ਪਰ ਰੂਸ ਨੇੜਲੇ ਖੇਤਰ ਵਿਚ 7.4 ਤੀਬਰਤਾ ਵਾਲਾ ਭੁਚਾਲ ਆਇਆ ਸੀ।
ਬਾਲਕੋਨੀ ’ਚੋਂ ਲੰਘਦਾ ਫਲਾਈਓਵਰ
ਨਾਗਪੁਰ : ਭੋਪਾਲ ਦੇ 90 ਡਿਗਰੀ ਮੋੜ ਵਾਲੇ ਫਲਾਈਓਵਰ ਤੋਂ ਬਾਅਦ ਹੁਣ ਨਾਗਪੁਰ ਦਾ ਫਲਾਈਓਵਰ ਸੁਰਖੀਆਂ ਵਿੱਚ ਹੈ। ਦਿਘੋਰੀ ਤੋਂ ਇੰਦੌਰਾ ਜਾਣ ਵਾਲਾ ਇਹ ਫਲਾਈਓਵਰ ਅਸ਼ੋਕ ਚੌਕ ਨੇੜੇ ਇੱਕ ਘਰ ਦੀ ਬਾਲਕੋਨੀ ਵਿੱਚੋਂ ਹੋ ਕੇ ਲੰਘਦਾ ਹੈ। ਸੋਸ਼ਲ ਮੀਡੀਆ ’ਤੇ ਕੁਝ ਲੋਕ ਇਸ ਫਲਾਈਓਵਰ ਨੂੰ ਦੁਨੀਆ ਦਾ ‘ਅੱਠਵਾਂ ਅਜੂਬਾ’ ਕਹਿ ਰਹੇ ਹਨ, ਜਦੋਂ ਕਿ ਕੁਝ ਲੋਕ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਅਤੇ ਨਾਗਪੁਰ ਨਗਰ ਨਿਗਮ ’ਤੇ ਸਵਾਲ ਉਠਾ ਰਹੇ ਹਨ।
ਰਾਹੁਲ ਅੱਜ ਪੰਜਾਬ ਆਉਣਗੇ
ਚੰਡੀਗੜ੍ਹ : ਵਿਰੋਧ ਧਿਰ ਦੇ ਨੇਤਾ ਰਾਹੁਲ ਗਾਂਧੀ ਸੋਮਵਾਰ ਨੂੰ ਪੰਜਾਬ ਆਉਣਗੇ। ਉਹ ਪੰਜਾਬ ਵਿੱਚ ਆਏ ਭਿਆਨਕ ਹੜ੍ਹਾਂ ਤੋਂ ਪ੍ਰਭਾਵਤ ਇਲਾਕਿਆਂ ਦੀ ਸਥਿਤੀ ਦਾ ਜਾਇਜ਼ਾ ਲੈਣਗੇ। ਉਹ ਸਵੇਰੇ 9:30 ਵਜੇ ਅੰਮਿ੍ਰਤਸਰ ਹਵਾਈ ਅੱਡੇ ’ਤੇ ਉਤਰਨਗੇ। ਹਵਾਈ ਅੱਡੇ ਤੋਂ ਉਹ ਸਿੱਧੇ ਰਮਦਾਸ ਜਾਣਗੇ, ਜਿੱਥੇ ਉਹ ਹੜ੍ਹ ਪ੍ਰਭਾਵਤ ਪਰਵਾਰਾਂ ਨੂੰ ਮਿਲਣਗੇ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਸੁਣਨਗੇ। ਰਾਹੁਲ ਗਾਂਧੀ ਗੁਰਦੁਆਰਾ ਬਾਬਾ ਬੁੱਢਾ ਸਾਹਿਬ ਵਿਖੇ ਵੀ ਮੱਥਾ ਟੇਕਣਗੇ ਅਤੇ ਅਰਦਾਸ ਕਰਨਗੇ। ਉਹ ਗੁਰਦੁਆਰੇ ਵਿੱਚ ਸੇਵਾ ਕਰ ਰਹੀ ਸੰਗਤ ਨਾਲ ਗੱਲਬਾਤ ਕਰਨਗੇ ਅਤੇ ਪ੍ਰਭਾਵਤ ਪਰਵਾਰਾਂ ਦੀਆਂ ਸਮੱਸਿਆਵਾਂ ਸੁਣਨਗੇ। ਇਸ ਦੇ ਨਾਲ ਹੀ ਉਹ ਰਾਹਤ ਕਾਰਜਾਂ ਦਾ ਜਾਇਜ਼ਾ ਲੈਣਗੇ ਅਤੇ ਰਾਹਤ ਸਮੱਗਰੀ ਅਤੇ ਪੁਨਰਵਾਸ ਕਾਰਜਾਂ ਦੀ ਸਥਿਤੀ ਬਾਰੇ ਚਰਚਾ ਕਰਨ ਲਈ ਸਥਾਨਕ ਪ੍ਰਸ਼ਾਸਨ ਅਤੇ ਸੰਗਠਨਾਂ ਨਾਲ ਮੁਲਾਕਾਤ ਕਰਨਗੇ। ਇਸ ਤੋਂ ਬਾਅਦ ਉਹ ਗੁਰਦਾਸਪੁਰ ਜਾਣਗੇ, ਜਿੱਥੇ ਉਹ ਹੜ੍ਹ ਪ੍ਰਭਾਵਤ ਪਿੰਡਾਂ ਦਾ ਦੌਰਾ ਕਰਨਗੇ।
ਹਿੰਦੀ ਪੁਲਸ ਦੀ ਵੀ ਭਾਸ਼ਾ ਬਣੇ : ਸ਼ਾਹ
ਗਾਂਧੀਨਗਰ : ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਐਤਵਾਰ ਇੱਥੇ ਹਿੰਦੀ ਦਿਵਸ ’ਤੇ ਆਯੋਜਿਤ ਪੰਜਵੇਂ ਅਖਿਲ ਭਾਰਤੀ ਰਾਜ ਭਾਸ਼ਾ ਸੰਮੇਲਨ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਹਿੰਦੀ ਤੇ ਹੋਰਨਾਂ ਭਾਰਤੀ ਭਾਸ਼ਾਵਾਂ ਵਿਚਾਲੇ ਕੋਈ ਟਕਰਾਅ ਨਹੀਂ। ਉਨ੍ਹਾ ਜ਼ੋਰ ਦਿੱਤਾ ਕਿ ਹਿੰਦੀ ਨਾ ਸਿਰਫ ਬੋਲੀ ਜਾਣੀ ਚਾਹੀਦੀ ਹੈ, ਸਗੋਂ ਇਹ ਵਿਗਿਆਨ, ਤਕਨਾਲੋਜੀ, ਨਿਆਂ ਪਾਲਿਕਾ ਤੇ ਪੁਲਸ ਦੀ ਭਾਸ਼ਾ ਵੀ ਬਣਨੀ ਚਾਹੀਦੀ ਹੈ।
ਜਿੱਤਿਆ ਤਾਂ ਨੇਤਨਯਾਹੂ ਨੂੰ ਗਿ੍ਰਫਤਾਰ ਕਰਾਵਾਂਗਾ : ਮਮਦਾਨੀ
ਨਿਊ ਯਾਰਕ : ਨਵੰਬਰ ਵਿੱਚ ਹੋਣ ਵਾਲੀ ਮੇਅਰ ਦੀ ਚੋਣ ’ਚ ਡੈਮੋਕਰੇਟਿਕ ਉਮੀਦਵਾਰ ਜ਼ੋਹਰਾਨ ਮਮਦਾਨੀ ਨੇ ਕਿਹਾ ਹੈ ਕਿ ਜੇ ਉਹ ਜਿੱਤਦੇ ਹਨ ਤਾਂ ਉਹ ਪੁਲਸ ਨੂੰ ਹੁਕਮ ਦੇਣਗੇ ਕਿ ਇਜ਼ਰਾਈਲੀ ਪ੍ਰਧਾਨ ਮੰਤਰੀ ਨੇਤਨਯਾਹੂ ਨੂੰ ਸ਼ਹਿਰ ਵਿੱਚ ਦਾਖਲ ਹੁੰਦਿਆਂ ਹੀ ਗਿ੍ਰਫਤਾਰ ਕਰ ਲਵੇ। ਉਨ੍ਹਾ ਕਿਹਾ ਕਿ ਨੇਤਨਯਾਹੂ ਜੰਗੀ ਅਪਰਾਧੀ ਹੈ ਅਤੇ ਗਾਜ਼ਾ ਵਿੱਚ ਕਤਲੇਆਮ ਲਈ ਜ਼ਿੰਮੇਵਾਰ ਹੈ। ਉਸ ਦੇ ਕੌਮਾਂਤਰੀ ਫੌਜਦਾਰੀ ਅਦਾਲਤ ਨੇ ਨਵੰਬਰ 2024 ਵਿੱਚ ਗਿ੍ਰਫਤਾਰੀ ਵਾਰੰਟ ਵੀ ਜਾਰੀ ਕੀਤੇ ਹੋਏ ਹਨ। ਰਾਸ਼ਟਰਪਤੀ ਟਰੰਪ ਮਮਦਾਨੀ ਨੂੰ ਯਹੂਦੀ ਵਿਰੋਧੀ ਤੇ ਕਮਿਊਨਿਸਟ ਕਰਾਰ ਦੇ ਕੇ ਉਹਨਾ ਨੂੰ ਹਰਾਉਣ ਲਈ ਸਰਗਰਮ ਹਨ।


