ਨਵੀਂ ਦਿੱਲੀ : ਅਮਰੀਕੀ ਰਾਸ਼ਟਰਪਤੀ ਦੇ ਟੈਰਿਫ ਫੈਸਲੇ ਨੇ ਦੁਨੀਆ ਭਰ ਦੇ ਲਗਭਗ ਹਰ ਦੇਸ਼ ਨੂੰ ਪ੍ਰਭਾਵਤ ਕੀਤਾ ਹੈ। ਹਾਲ ਹੀ ਦੇ ਸਮੇਂ ਵਿੱਚ ਟਰੰਪ ਨੇ ਭਾਰਤ ’ਤੇ 50 ਪ੍ਰਤੀਸ਼ਤ ਟੈਰਿਫ ਲਗਾਇਆ ਹੈ। ਉਨ੍ਹਾ ਕਿਹਾ ਕਿ ਰੂਸ ਤੋਂ ਤੇਲ ਖਰੀਦਣ ਕਾਰਨ ਭਾਰਤ ’ਤੇ ਵਾਧੂ ਟੈਰਿਫ ਲਗਾਇਆ ਜਾ ਰਿਹਾ ਹੈ। ਇਸ ਦੌਰਾਨ ਰਾਸ਼ਟਰਪਤੀ ਨੇ ਨਾਟੋ ਦੇਸ਼ਾਂ ਨੂੰ ਇੱਕ ਪੱਤਰ ਲਿਖਿਆ ਹੈ। ਇਸ ਪੱਤਰ ਵਿੱਚ ਉਨ੍ਹਾ ਨਾਟੋ ਦੇਸ਼ਾਂ ਨੂੰ ਰੂਸੀ ਤੇਲ ਖਰੀਦਣਾ ਬੰਦ ਕਰਨ ਅਤੇ ਯੂਕਰੇਨ ਵਿੱਚ ਯੁੱਧ ਖਤਮ ਕਰਨ ਲਈ ਰੂਸ ’ਤੇ ਵੱਡੀਆਂ ਪਾਬੰਦੀਆਂ ਲਗਾਉਣ ਦੀ ਅਪੀਲ ਕੀਤੀ ਹੈ। ਉਨ੍ਹਾ ਨਾਟੋ ਦੇਸ਼ਾਂ ਨੂੰ ਚੀਨ ’ਤੇ 50 ਤੋਂ 100 ਪ੍ਰਤੀਸ਼ਤ ਟੈਰਿਫ ਲਗਾਉਣ ਲਈ ਵੀ ਕਿਹਾ ਹੈ। ਟਰੰਪ ਦੇ ਇਸ ਬਿਆਨ ’ਤੇ ਚੀਨ ਦੀ ਪ੍ਰਤੀਕਿਰਿਆ ਸਾਹਮਣੇ ਆਈ ਹੈ। ਚੀਨੀ ਵਿਦੇਸ਼ ਮੰਤਰੀ ਨੇ ਟਰੰਪ ਦੇ ਬਿਆਨ ’ਤੇ ਪਲਟਵਾਰ ਕੀਤਾ ਹੈ। ਚੀਨ ਦੇ ਵਿਦੇਸ਼ ਮੰਤਰੀ ਵਾਂਗ ਯੀ ਨੇ ਟਰੰਪ ਦੀਆਂ ਟਿੱਪਣੀਆਂ ਦਾ ਜਵਾਬ ਦਿੰਦੇ ਹੋਏ ਕਿਹਾ ਕਿ ਉਹ ਭਖਦੇ ਮੁੱਦਿਆਂ ਨੂੰ ਹੱਲ ਕਰਨ ਲਈ ਸ਼ਾਂਤੀ ਵਾਰਤਾ ਨੂੰ ਉਤਸ਼ਾਹਤ ਕਰਨ ਲਈ ਵਚਨਬੱਧ ਹਨ। ਉਹਨਾ ਕਿਹਾ ਕਿ ਪਾਬੰਦੀਆਂ ਸਮੱਸਿਆਵਾਂ ਦਾ ਹੱਲ ਨਹੀਂ ਕਰ ਸਕਦੀਆਂ ਅਤੇ ਸਮੱਸਿਆਵਾਂ ਹੋਰ ਗੁੰਝਲਦਾਰ ਹੋ ਜਾਣਗੀਆਂ।


