ਨਵੀਂ ਦਿੱਲੀ : ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਐੱਚ-1ਬੀ ਵੀਜ਼ਾ ਫੀਸ ਵਧਾ ਕੇ ਇੱਕ ਲੱਖ ਡਾਲਰ ਕੀਤੇ ਜਾਣ ਮਗਰੋਂ ਅਮਰੀਕਾ ਨੇ ਸਪੱਸ਼ਟ ਕੀਤਾ ਹੈ ਕਿ ਇਹ ਨਵਾਂ ਨਿਯਮ ਉਨ੍ਹਾਂ ਲੋਕਾਂ ’ਤੇ ਲਾਗੂ ਨਹੀਂ ਹੋਵੇਗਾ, ਜਿਨ੍ਹਾਂ ਕੋਲ ਪਹਿਲਾਂ ਤੋਂ ਹੀ ਐੱਚ-1ਬੀ ਵੀਜ਼ਾ ਹੈ ਜਾਂ ਜੋ ਇਸ ਨੂੰ ਨਵਿਆਉਣ ਦੀ ਮੰਗ ਕਰ ਰਹੇ ਹਨ। ਵ੍ਹਾਈਟ ਹਾਊਸ ਦੀ ਪ੍ਰੈੱਸ ਸਕੱਤਰ ਕੈਰੋਲਾਈਨ ਲੀਵਿਟ ਨੇ ਸਨਿੱਚਰਵਾਰ ਸੋਸ਼ਲ ਮੀਡੀਆ ਪਲੇਟਫਾਰਮ ’ਤੇ ਨਵੇਂ ਨਿਯਮ ਬਾਰੇ ਸਪੱਸ਼ਟੀਕਰਨ ਪੋਸਟ ਕੀਤਾ, ਜਿਸ ਵਿੱਚ ਕਿਹਾ ਗਿਆ ਹੈ ਕਿ ‘ਇਹ ਸਿਰਫ਼ ਨਵੇਂ ਵੀਜ਼ਾ ’ਤੇ ਲਾਗੂ ਹੁੰਦਾ ਹੈ, ਨਵਿਆਉਣ ’ਤੇ ਨਹੀਂ ਅਤੇ ਮੌਜੂਦਾ ਵੀਜ਼ਾ ਧਾਰਕਾਂ ’ਤੇ ਨਹੀਂ। ਵਰਣਨਯੋਗ ਹੈ ਕਿ ਅਮਰੀਕੀ ਰਾਸ਼ਟਰਪਤੀ ਟਰੰਪ ਨੇ ਬੀਤੇ ਦਿਨੀਂ ਇਸ ਸੰਬੰਧੀ ਹੁਕਮ ’ਤੇ ਦਸਤਖ਼ਤ ਕਰਦਿਆਂ ਕਿਹਾ ਸੀ ਕਿ ਐੱਚ-1ਬੀ ਵੀਜ਼ਾ ਪ੍ਰੋਗਰਾਮ ਦੀ ਦੁਰਵਰਤੋਂ ਕੌਮੀ ਸੁਰੱਖਿਆ ਲਈ ਖ਼ਤਰਾ ਹੈ। ਵ੍ਹਾਈਟ ਹਾਊਸ ਨੇ ਇੱਕ ਤੱਥ ਪੱਤਰ ਪੋਸਟ ਕੀਤਾ, ਜਿਸ ਵਿੱਚ ਕਿਹਾ ਗਿਆ ਹੈ ਕਿ ਇਹ ਕਦਮ ‘ਅਮਰੀਕੀ ਕਾਮਿਆਂ ਨੂੰ ਉਜਾੜਨ ਅਤੇ ਕੌਮੀ ਸੁਰੱਖਿਆ ਨੂੰ ਕਮਜ਼ੋਰ ਕਰਨ ਵਾਲੇ ਦੁਰਵਿਹਾਰਾਂ ਨੂੰ ਰੋਕਣ ਲਈ ਹੈ।’ ਵ੍ਹਾਈਟ ਹਾਊਸ ਦੀ ਪ੍ਰੈੱਸ ਸਕੱਤਰ ਨੇ ਕਿਹਾ, ‘ਜਿਨ੍ਹਾਂ ਲੋਕਾਂ ਕੋਲ ਪਹਿਲਾਂ ਹੀ ਐੱਚ-1ਬੀ ਵੀਜ਼ਾ ਹੈ ਅਤੇ ਇਸ ਸਮੇਂ ਦੇਸ਼ ਤੋਂ ਬਾਹਰ ਹਨ, ਉਨ੍ਹਾਂ ਤੋਂ ਮੁੜ ਦਾਖਲੇ ਲਈ ਇੱਕ ਲੱਖ ਡਾਲਰ ਨਹੀਂ ਲਏ ਜਾਣਗੇ।



