ਸੰਘਰਸ਼ਾਂ ਦੀ ਇੱਕ ਸਦੀ ਪੂਰੀ, ਹਿੰਦੂ ਰਾਸ਼ਟਰ ਬਣਾਉਣ ਦੀਆਂ ਸਾਜ਼ਿਸ਼ਾਂ ਸਫਲ ਨਹੀਂ ਹੋਣ ਦੇਵਾਂਗੇ : ਡੀ ਰਾਜਾ
ਸੀ ਪੀ ਆਈ ਦੀ 25ਵੀਂ ਕਾਂਗਰਸ ਦੇ ਡੈਲੀਗੇਟਾਂ ਤੇ ਭਰਾਤਰੀ ਪਾਰਟੀਆਂ ਦੇ ਆਗੂਆਂ ਦਾ ਡਾ. ਸਵਰਾਜਬੀਰ ਵੱਲੋਂ ਲੜਨ ਤੇ ਜਿੱਤਣ ਵਾਲਿਆਂ ਦੀ ਧਰਤੀ ’ਤੇ ਸਵਾਗਤ
ਚੰਡੀਗੜ੍ਹ (ਗਿਆਨ ਸੈਦਪੁਰੀ)
ਇਥੋਂ ਦੇ ਕਿਸਾਨ ਭਵਨ ਵਿੱਚ ਭਾਰਤੀ ਕਮਿਊਨਿਸਟ ਪਾਰਟੀ ਦੀ 25ਵੀਂ ਕਾਂਗਰਸ ਦੀਆਂ ਸੋਮਵਾਰ ਉਦਘਾਟਨੀ ਰਸਮਾਂ ਜਿੱਥੇ ਇਪਟਾ ਛੱਤੀਸਗੜ੍ਹ, ਇਪਟਾ ਆਂਧਰਾ ਪ੍ਰਦੇਸ਼ ਅਤੇ ਇਪਟਾ ਮਹਾਰਾਸ਼ਟਰ ਦੇ ਕਲਾਕਾਰਾਂ ਵੱਲੋਂ ਇਨਕਲਾਬੀ ਪੇਸ਼ਕਾਰੀਆਂ ਨਾਲ ਯਾਦਗਾਰੀ ਤੇ ਉਤਸ਼ਾਹੀ ਹੋ ਨਿਬੜੀਆਂ, ਉੱਥੇ ਭਰਾਤਰੀ ਕਮਿਊਨਿਸਟ ਪਾਰਟੀਆਂ ਦੇ ਜਨਰਲ ਸਕੱਤਰਾਂ ਵੱਲੋਂ ਸਾਂਝੀ ਸੁਰ ਵਿੱਚ ਖੱਬੀ ਏਕਤਾ ਨੂੰ ਸਮੇਂ ਦੀ ਲੋੜ ਦੱਸਦਿਆਂ ਸੱਚੇ-ਸੁੱਚੇ ਤੇ ਪਕੇਰੇ ਉਪਰਾਲੇ ਕਰਨ ਦਾ ਦਿ੍ਰੜ੍ਹ ਅਹਿਦ ਵੀ ਕੀਤਾ ਗਿਆ ।
ਮਹਾਂ-ਸੰਮੇਲਨ ਦੀ ਸਵਾਗਤੀ ਕਮੇਟੀ ਦੇ ਚੇਅਰਮੈਨ ਅਤੇ ਉੱਘੇ ਲੇਖਕ ਡਾ. ਸਵਰਾਜਬੀਰ ਨੇ ਸ਼ਾਨਦਾਰ ਸਵਾਗਤੀ ਤਕਰੀਰ ਕੀਤੀ। ਉਹਨਾ ਕਿਹਾ ਕਿ ਪੂਰੇ ਦੇਸ਼ ਵਿੱਚੋਂ ਆਏ ਕਾਮਰੇਡ ਤੇ ਭਰਾਤਰੀ ਪਾਰਟੀਆਂ ਦੇ ਆਗੂਆਂ ਦਾ ਪੰਜ ਦਰਿਆਵਾਂ ਦੀ ਧਰਤੀ ’ਤੇ ਆਉਣ ਦਾ ਸਵਾਗਤ ਹੈ। ਗੁਰੂ ਨਾਨਕ ਜੀ, ਬੁੱਲੇ੍ਹ ਸ਼ਾਹ, ਬਾਬਾ ਸ਼ੇਖ ਫਰੀਦ, ਦਮੋਦਰ ਅਤੇ ਦੁੱਲਾ ਭੱਟੀ ਦੀ ਸਰ ਜ਼ਮੀਨ ’ਤੇ ਪਹੁੰਚਣ ਲਈ ਸਵਾਗਤ ਹੈ। ਡਾ. ਸਵਰਾਜਬੀਰ ਨੇ ਸਵਾਗਤੀ ਸ਼ਬਦਾਂ ਦੌਰਾਨ 1907 ਵਿੱਚ ਚੱਲੇ ‘ਪਗੜੀ ਸੰਭਾਲ ਜੱਟਾ’ ਤੋਂ ਲੈ ਕੇ 2021 ਵਿੱਚ ਲੜੇ ਤੇ ਜਿੱੱਤੇ ਕਿਸਾਨ ਅੰਦੋਲਨ ਦਾ ਵੀ ਜ਼ਿਕਰ ਕੀਤਾ। ਪੰਜਾਬ ਦੇ ਯੋਧਿਆਂ ਦੀ ਯਾਦ ਕਰਵਾਉਦਿਆਂ ਉਹਨਾ ਕਰਤਾਰ ਸਿੰਘ ਸਰਾਭਾ, ਗਦਰੀ ਗੁਲਾਬ ਬੀਬੀ ਗੁਲਾਬ ਕੌਰ, ਰਹਿਮਤ ਅਲੀ ਵਜੀਦਕੇ, ਸ਼ਹੀਦ ਭਗਤ ਸਿੰਘ, ਸੁਖਦੇਵ, ਰਾਜਗੁਰੂ ਅਤੇ ਊਧਮ ਸਿੰਘ ਦਾ ਜ਼ਿਕਰ ਕੀਤਾ।
ਉਹਨਾ ਕਿਹਾ ਕਿ 100 ਸਾਲ ਪਹਿਲਾਂ ਕਮਿਊਨਿਸਟ ਪਾਰਟੀ ਹੋਂਦ ਵਿੱਚ ਆਈ ਸੀ। ਕਾਨਪੁਰ ਦੇ 1924 ਵਾਲੇ ਕਾਂਸਪ੍ਰੇਸੀ ਵਾਲੇ ਕੇਸ ਤੋਂ ਲੈ ਕੇ ਕਾਮਰੇਡ ਬਰਤਾਨੀਆ ਦੇ ਭਾਰਤੀ ਕਾਨੂੰਨ ਵਿਰੁੱਧ ਲੜਦੇ ਆਏ। 1947 ਤੱਕ ਪੰਜਾਬੀਆਂ ਨੇ ਸਰਕਾਰ ਵਿਰੁੱਧ ਲੜਦਿਆਂ ਭਾਰੀ ਕੁਰਬਾਨੀਆਂ ਦਿੱਤੀਆਂ। ਉਹਨਾ ਕਿਹਾ, ‘ਅੱਜ ਅਸੀਂ ਉਸ ਸਮੇਂ ਇਕੱਠੇ ਹੋਏ ਹਾਂ, ਜਦੋਂ ਫਾਸ਼ੀਵਾਦ ਅੱਗੇ ਵਧ ਰਿਹਾ ਹੈ। ਮਜ਼ਦੂਰਾਂ, ਕਿਸਾਨਾਂ, ਦਲਿਤਾਂ, ਘੱਟ ਗਿਣਤੀਆਂ ਅਤੇ ਔਰਤਾਂ ਦੇ ਹੱਕਾਂ ’ਤੇ ਹਕੂਮਤ ਵੱਲੋਂ ਡਾਕੇ ਮਾਰੇ ਜਾ ਰਹੇ ਹਨ। ਅਸੀਂ ਸੁਧਾਕਰ ਰੈਡੀ ਨਗਰ ਵਿੱਚ ਕੌਮੀ, ਸਥਾਨਕ ਤੇ ਅੰਤਰਰਾਸ਼ਟਰੀ ਸਮੱਸਿਆਵਾਂ ’ਤੇ ਵਿਚਾਰ-ਚਰਚਾ ਕਰਨ ਉਪਰੰਤ ਉਨ੍ਹਾਂ ਦੇ ਹੱਲ ਲੱਭਾਂਗੇ।’
ਭਾਰਤੀ ਕਮਿਊਨਿਸਟ ਪਾਰਟੀ ਦੇ ਜਨਰਲ ਸਕੱਤਰ ਡੀ. ਰਾਜਾ ਨੇ ਉਦਘਾਟਨੀ ਤਕਰੀਰ ਦੇ ਸ਼ੁਰੂ ਵਿੱਚ ਡੈਲੀਗੇਟਾਂ ਤੇ ਦੂਸਰੀਆਂ ਖੱਬੀਆਂ ਪਾਰਟੀਆਂ ਦੇ ਆਗੂਆਂ ਦਾ ਇਹ ਕਹਿੰਦਿਆਂ ਸਵਾਗਤ ਕੀਤਾ ਕਿ ਉਹ ਹਮੇਸ਼ਾ ਫਾਸ਼ੀਵਾਦ ਵਿਰੁੱਧ ਲੜਾਈ ਦੌਰਾਨ ਮੋਢੇ ਨਾਲ ਮੋਢਾ ਜੋੜ ਕੇ ਚਲਦੇ ਹਨ। ਉਹਨਾ ਕਿਹਾ ਕਿ ਪਾਰਟੀ ਕਾਂਗਰਸ ਪਾਰਟੀ ਦੇ ਇਤਿਹਾਸਕ ਤੇ ਸ਼ਾਨਾਮੱਤੇ ਇਤਿਹਾਸ ’ਤੇ ਮਾਣ ਕਰਨ ਦਾ ਹੀ ਨਹੀਂ, ਸਗੋਂ ਨਵੀਂ ਜ਼ਿੰਮੇਵਾਰੀ ਓਟਣ ਦਾ ਸੱਦਾ ਵੀ ਹੈ। ਡੀ ਰਾਜਾ ਨੇ ਉਨ੍ਹਾਂ ਆਗੂਆਂ ਨੂੰ ਸਤਿਕਾਰ ਨਾਲ ਯਾਦ ਕੀਤਾ, ਜੋ ਹੁਣ ਸਰੀਰਕ ਤੌਰ ’ਤੇ ਸਾਡੇ ਵਿਚਕਾਰ ਨਹੀਂ ਹਨ। ਉਹਨਾ ਕਿਹਾ, ‘ਅਸੀਂ ਯਾਦ ਕਰਦੇ ਹਾਂ ਐੱਸ ਸੁਧਾਕਰ ਰੈਡੀ ਨੂੰ ਜਿਹੜੇ ਪਾਰਟੀ ਦੀ ਉਸਾਰੀ ਲਈ ਸਮਰਪਿਤ ਰਹੇ। ਯਾਦ ਆ ਰਹੇ ਹਨ ਧੜੱਲੇਦਾਰ ਕਿਸਾਨ ਆਗੂ ਅਤੁਲ ਕੁਮਾਰ ਅਨਜਾਨ, ਜਿਹੜੇ ਕਿਸਾਨਾਂ ਅਤੇ ਮਜ਼ਦੂਰਾਂ ਦੇ ਹੱਕਾਂ ਲਈ ਲੜੀ ਜਾ ਰਹੀ ਲੜਾਈ ਦੇ ਯੋਧੇ ਸਨ। ਇਸ ਮੌਕੇ ਕਨਮ ਰਾਜੇਂਦਰਨ ਯਾਦ ਆ ਰਹੇ ਹਨ, ਜੋ ਤਾਕਤ ਦਾ ਥੰਮ੍ਹ ਸਨ।’
ਉਹਨਾ ਕਿਹਾ ਕਿ ਇਹ ਪਾਰਟੀ ਕਾਂਗਰਸ ਪੰਜਾਬ ਦੀ ਇਤਿਹਾਸਕ ਧਰਤੀ ’ਤੇ ਕਰ ਰਹੇ ਹਾਂ। ਪੰਜਾਬ ਨੇ ਯੋਧਿਆਂ ਦੀ ਲੰਮੀ ਕਤਾਰ ਪੈਦਾ ਕੀਤੀ ਹੈ।
ਡੀ. ਰਾਜਾ ਨੇ ਆਰ ਐੱਸ ਐੱਸ ਅਤੇ ਭਾਜਪਾ ਦੀਆਂ ਲੋਕ ਵਿਰੋਧੀ ਨੀਤੀਆਂ ਦਾ ਵੀ ਵਿਸਥਾਰ ਨਾਲ ਵਰਣਨ ਕੀਤਾ। ਉਹਨਾ ਕਿਹਾ ਕਿ ਭਾਜਪਾ-ਆਰ ਐੱਸ ਐੱਸ ਹੋਰ ਕੁਝ ਨਹੀਂ, ਸਗੋਂ ਸਾਡੇ ਸੈਕੂਲਰ ਤੇ ਜਮਹੂਰੀ ਢਾਂਚੇ ਨੂੰ ਬਦਲ ਕੇ ਹਿੰਦੂ ਰਾਸ਼ਟਰ ਬਣਾਉਣਾ ਚਾਹੁੰਦੀਆਂ ਹਨ।
ਉਹਨਾ ਕਿਹਾ, ‘ਅਸੀਂ ਇੱਕ ਸਦੀ ਸੰਘਰਸ਼ਾਂ ਦੀ ਪੂਰੀ ਕਰ ਲਈ ਹੈ। ਗਦਰ ਅੰਦੋਲਨ ਤੋਂ ਲੈ ਕੇ ਤਿਲੰਗਾਨਾ ਦੇ ਸ਼ਹੀਦਾਂ, ਮੁੰਬਈ ਦੇ ਮਜ਼ਦੂਰਾਂ ਤੋਂ ਲੈ ਕੇ ਕਲਕੱਤਾ, ਪੁਡੂਚੇਰੀ ਦਾ ਸੰਘਰਸ਼ ਵੀ ਅਸੀਂ ਜਿੱਤਿਆ। ਪਾਰਟੀ ਸਪੱਸ਼ਟ ਸੰਦੇਸ਼ ਦੇਵੇਗੀ ਕਿ ਅਸੀਂ ਫਾਸ਼ੀਵਾਦ ਖਤਮ ਕਰਨਾ ਹੈ, ਅਸੀਂ ਸੰਵਿਧਾਨ ਬਚਾਉਣਾ ਹੈ, ਅਸੀਂ ਬੇਰੁਜ਼ਗਾਰੀ ਵਿਰੁੱਧ ਲੜਾਂਗੇ। ਅਸੀਂ ਵਿਦਿਆ, ਸਿਹਤ, ਭੋਜਨ ਅਤੇ ਮਾਣ-ਸਤਿਕਾਰ ਲਈ ਲੜਾਂਗੇ।’
ਇਸ ਮੌਕੇ ਸੀ ਪੀ ਆਈ (ਐੱਮ) ਦੇ ਜਨਰਲ ਸਕੱਤਰ ਐੱਮ ਏ ਬੇਬੀ, ਸੀ ਪੀ ਆਈ (ਐਮ) ਲਿਬਰੇਸ਼ਨ ਦੇ ਜਨਰਲ ਸਕੱਤਰ ਦੀਪਾਂਕਰ ਭੱਟਾਚਾਰੀਆ, ਆਲ ਇੰਡੀਆ ਫਾਰਵਰਡ ਬਲਾਕ ਦੇ ਜੀ ਦੇਵ ਰਾਜਨ ਅਤੇ ਰੈਵੂਲਿਊਸ਼ਨਰੀ ਸੋਸ਼ਲਿਸਟ ਪਾਰਟੀ ਦੇ ਜਨਰਲ ਸਕੱਤਰ ਮਨੋਜ ਭੱਟਾਚਾਰੀਆ ਨੇ ਭਰਾਤਰੀ ਸੰਦੇਸ਼ ਦਿੰਦਿਆਂ ਭਾਰਤੀ ਕਮਿਊਨਿਸਟ ਪਾਰਟੀ ਨਾਲ ਇੱਕਜੁੱਟਤਾ ਦਾ ਪ੍ਰਗਟਾਵਾ ਕੀਤਾ।ਇਹਨਾਂ ਪਾਰਟੀਆਂ ਦੇ ਸਿਖਰਲੇ ਆਗੂਆਂ ਨੇ
ਸੱਚੀ-ਮੁੱਚੀ ਦੀ ਏਕਤਾ ਕਰਨ ਲਈ ਸੀ ਪੀ ਆਈ ਦੇ ਉਪਰਾਲਿਆਂ ਦੀ ਸ਼ਲਾਘਾ ਕੀਤੀ।
ਉੁਹਨਾਂ ਲੋਕਾਂ ਦੇ ਮਸਲਿਆਂ ਉਤੇ ਸੰਘਰਸ਼ਾਂ ਦੇ ਨਾਲ-ਨਾਲ ਖੱਬੀ ਏਕਤਾ ਵਧਾ ਕੇ, ਮਜ਼ਬੂਤ ਕਰਕੇ ਜਮਹੂਰੀ ਤਾਕਤਾਂ ਨਾਲ ਜੋੜ ਕੇ ਫਾਸ਼ੀਵਾਦੀ ਹਕੂਮਤ ਨੂੰ ਸੱਤਾ ਤੋਂ ਲਾਹੁਣ ਦਾ ਹੋਕਾ ਦਿੱਤਾ। ਸੀ ਪੀ ਆਈ (ਐੱਮ) ਦੇ ਜਨਰਲ ਸਕੱਤਰ ਨੇ ਮੁਲਕ ਦੇ ਤਕਾਜ਼ੇ ਅਤੇ ਸਵਰਾਜਬੀਰ ਤੇ ਡੀ. ਰਾਜਾ ਦੇ ਵਿਚਾਰਾਂ ਨੂੰ ਹੁੰਗਾਰਾ ਭਰਦਿਆਂ ਖੱਬੀ ਏਕਤਾ ਉਤੇ ਓਦਾਂ ਹੀ ਜ਼ੋਰ ਦਿੱਤਾ, ਜਿਸ ਬਿਨਾਂ ਫਿਰਕਾਪ੍ਰਸਤੀ ਅਤੇ ਫਾਸ਼ੀਵਾਦ ਦਾ ਟਾਕਰਾ ਨਹੀਂ ਕੀਤਾ ਜਾ ਸਕਦਾ। ਸੀ ਪੀ ਆਈ (ਐੱਮ ਐੱਲ) ਦੇ ਜਨਰਲ ਸਕੱਤਰ ਦੀਪਾਂਕਰ ਭੱਟਾਚਾਰੀਆ, ਜਿਹਨਾ ਆਪਣਾ ਭਾਸ਼ਣ ਹਿੰਦੀ ਵਿਚ ਕੀਤਾ, ਨੇ ਕਮਿਊਨਿਸਟ ਪਾਰਟੀ ਦੇ ਬਣਨ ਤੇ ਉਸ ਵੱਲੋਂ ਸੰਘਰਸ਼ਾਂ ਦਾ ਜ਼ਿਕਰ ਕੀਤਾ ਅਤੇ ਪਾਰਟੀਆਂ ਅੱਡ-ਅੱਡ ਬਣਨ ਦਾ ਵੇਰਵਾ ਵੀ ਦਿੱਤਾ। ਉਹਨਾ ਕਿਹਾ ਕਿ ਇਥੇ ਵੀ ‘ਅਨੇਕਤਾ ਵਿਚ ਏਕਤਾ’ ਸੰਘਰਸ਼ ਕਰ ਸਕਦੀ ਹੈ, ਜਦੋਂ ਤੱਕ ਜਿੱਤ ਪ੍ਰਾਪਤ ਕਰਦਿਆਂ ਪੂਰੀ ਏਕਤਾ ਨਹੀਂ ਹੋ ਜਾਂਦੀ।
ਆਰ ਐੱਸ ਪੀ ਦੇ ਜਨਰਲ ਸਕੱਤਰ ਵੀ. ਰਾਜਨ ਨੇ ਸੀ ਪੀ ਆਈ ਨੂੰ 25ਵੀਂ ਕਾਂਗਰਸ ਕਰਨ ਅਤੇ ਜਨਮ ਸ਼ਤਾਬਦੀ ਦੀ ਵਧਾਈ ਦਿੱਤੀ ਅਤੇ ਸਾਂਝੇ ਸੰਘਰਸ਼ਾਂ ਉਤੇ ਜ਼ੋਰ ਦਿੱਤਾ। ਫਾਰਵਰਡ ਬਲਾਕ ਦੇ ਜਨਰਲ ਸਕੱਤਰ ਮਨੋਜ ਭੱਟਾਚਾਰੀਆ ਨੇ ਕਮਜ਼ੋਰੀਆਂ ਦੂਰ ਕਰਕੇ ਏਕਤਾ ਰਾਹੀਂ ਸੰਘਰਸ਼ ਵਧਾਉਣ ਦਾ ਮਸਲਾ ਚੁੱਕਿਆ, ਉਹਨਾ ਸੀ ਪੀ ਆਈ ਨੂੰ ਵਧਾਈ ਦਿੱਤੀ।
ਸਾਰੇ ਬੁਲਾਰਿਆਂ ਦੀਆਂ ਤਕਰੀਰਾਂ ਵਿਚ ਕਿਹਾ ਕਿ ਫਿਰਕਾਪ੍ਰਸਤੀ, ਫਾਸ਼ੀਵਾਦ ਦੇ ਖਤਰਿਆਂ ਅਤੇ ਲੋਕਾਂ ਦੇ ਮਸਲਿਆਂ ਲਈ ਲੜਨ ਦੇ ਨਾਲ-ਨਾਲ ਵਿਸ਼ਾਲ ਸਾਂਝੀ ਏਕਤਾ ਕਰਕੇ ਆਰ ਐੱਸ ਐੱਸ-ਭਾਜਪਾ, ਜੋ ਜ਼ਹਿਰ ਫੈਲਾ ਰਹੀ ਹੈ, ਵੱਖ-ਵੱਖ ਵਰਗਾਂ ’ਤੇ ਹਮਲੇ ਕਰ ਰਹੀ ਹੈ ਅਤੇ ਸੰਵਿਧਾਨਕ ਅਦਾਰਿਆਂ ਵਿਚ ਘੁਸਪੈਠ ਕਰ ਰਹੀ ਹੈ, ਜੋ ਸਾਡੇ ਦੇਸ ਅਤੇ ਜਮਹੂਰੀਅਤ ਤੇ ਸੰਵਿਧਾਨ ਲਈ ਗੰਭੀਰ ਖਤਰਾ ਹੈ, ਉਸ ਖਿਲਾਫ ਦਿ੍ਰੜ੍ਹ ਸਾਂਝੇ ਸੰਘਰਸ਼ ਦੀ ਜ਼ਰੂਰਤ ਹੈ, ਫਿਰ ਹੀ ਦੇਸ਼ ਨੂੰ ਬਚਾਇਆ ਜਾ ਸਕੇਗਾ। ਉਹਨਾ ਦੇਸ਼ ਬਚਾਉਣ ਲਈ ਸਾਂਝੀ ਜੱਦੋ-ਜਹਿਦ ਰਾਹੀਂ ਭਾਜਪਾ ਨੂੰ ਗੱਦੀ ਤੋਂ ਲਾਹੁਣ ’ਤੇ ਜ਼ੋਰ ਦਿੱਤਾ। ਤਕਰੀਰਾਂ ਦੌਰਾਨ ਖੱਬੀ ਏਕਤਾ ਜ਼ਿੰਦਾਬਾਦ, 25ਵਾਂ ਮਹਾਂ-ਸੰਮੇਲਨ ਜ਼ਿੰਦਾਬਾਦ, ਇਨਕਲਾਬ ਜ਼ਿੰਦਾਬਾਦ ਦੇ ਨਾਅਰੇ ਲਗਦੇ ਰਹੇ।
ਭਰਾਤਰੀ ਪਾਰਟੀਆਂ ਦੇ ਆਗੂਆਂ ਨੂੰ ਸੂਬਾ ਸਕੱਤਰ ਬੰਤ ਸਿੰਘ ਬਰਾੜ, ਕੌਮੀ ਕੌਂਸਲ ਦੇ ਮੈਂਬਰ ਅਤੇ ਸਾਬਕਾ ਵਿਧਾਇਕ ਹਰਦੇਵ ਸਿੰਘ ਅਰਸ਼ੀ, ਕੌਮੀ ਕੌਂਸਲ ਦੇ ਮੈਂਬਰ ਅਤੇ ਏਟਕ ਆਗੂ ਨਿਰਮਲ ਸਿੰਘ ਧਾਲੀਵਾਲ, ਸਾਬਕਾ ਸੂਬਾ ਸਕੱਤਰ ਕਾਮਰੇਡ ਜਗਰੂਪ ਆਦਿ ਨੇ ਸਨਮਾਨਤ ਕੀਤਾ। ਪ੍ਰਧਾਨਗੀ ਮੰਡਲ ਵਿੱਚ ਅਮਰਜੀਤ ਕੌਰ, ਨਗੇਂਦਰ ਨਾਥ ਓਝਾ, ਪੀ ਅੱੈਮ ਮੂਰਥੀ (ਤਾਮਿਲਨਾਡੂ), ਆਰ ਵੈਂਕਈਆ, ਪੀ ਪੀ ਸੁਨੀਰ, ਹਰਦੇਵ ਸਿੰਘ ਅਰਸ਼ੀ (ਪੰਜਾਬ), ਮੁਹੰਮਦ ਸਲੀਮ (ਪੁਡੂਚੇਰੀ), ਪਰਾਂਤੀ ਅਧਿਕਾਰੀ (ਪੱਛਮੀ ਬੰਗਾਲ), ਦਿਨੇਸ਼ (ਸਟੂਡੈਂਟਸ ਫਰੰਟ) ਅਤੇ ਦੇਵੀ ਕੁਮਾਰੀ ਸਰਹਾਲੀ ਕਲਾਂ (ਬੀ ਕੇ ਐੱਮ ਯੂ ਪੰਜਾਬ) ਸ਼ਾਮਲ ਸਨ।
ਇਸ ਤੋਂ ਪਹਿਲਾਂ ਵੱਖ-ਵੱਖ ਰਾਜਾਂ ਤੋਂ ਆਈਆਂ ਇਪਟਾ ਦੀਆਂ ਕਲਾਕਾਰ ਟੀਮਾਂ ਵੱਲੋਂ ਆਪਣੇ ਗੀਤ-ਸੰਗੀਤ ਰਾਹੀਂ ਇਨਕਲਾਬੀ ਮਾਹੌਲ ਸਿਰਜਿਆ ਗਿਆ।
ਸਵੇਰੇ ਝੰਡਾ ਲਹਿਰਾਉਣ ਦੀਆਂ ਰਸਮਾਂ ਵੇਲੇ ਵੀ ਮਾਹੌਲ ਉਤਸ਼ਾਹੀ ਅਤੇ ਰੌਣਕੀਲਾ ਨਜ਼ਰ ਆਇਆ। ਭਾਰਤੀ ਕਮਿਊਨਿਸਟ ਪਾਰਟੀ ਦਾ ਝੰਡਾ ਭੁਪਿੰਦਰ ਸਾਂਬਰ ਤੇ ਕੌਮੀ ਝੰਡਾ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਭਾਣਜੇ ਪ੍ਰੋਫੈਸਰ ਜਗਮੋਹਣ ਸਿੰਘ ਨੇ ਲਹਿਰਾਇਆ।





